ਚੰਡੀਗੜ੍ਹ/ਜਲੰਧਰ:ਹਾਲ ਹੀ ਵਿੱਚਜਲੰਧਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 5 ਅਪਰਾਧੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਕਾਬੂ ਕੀਤੇ ਗਏ 5 ਗੁਰਗੇ ਬੰਬੀਹਾ ਅਤੇ ਕੌਸ਼ਲ ਗੈਂਗ ਨਾਲ ਜੁੜੇ ਹੋਏ ਹਨ। ਪੁਲਿਸ ਮੁਤਾਬਿਕ ਇਹਨਾਂ ਮੁਲਜ਼ਮਾਂ ਕੋਲੋਂ 9 ਪਿਸਤੌਲਾਂ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ।
ਜਿਸ ਵਿੱਚ ਉਹਨਾਂ ਲਿਖਿਆ ਹੈ ਕਿ "ਸੰਗਠਿਤ ਅਪਰਾਧ ਦੇ ਖਿਲਾਫ ਇੱਕ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਬੰਬੀਹਾ-ਕੌਸ਼ਲ ਗੈਂਗ ਦੇ 5 ਮੁੱਖ ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮੱਧ ਪ੍ਰਦੇਸ਼ ਤੋਂ ਤਸਕਰੀ ਕੀਤੇ 9 ਗੈਰ-ਕਾਨੂੰਨੀ ਹਥਿਆਰ ਅਤੇ 15 ਕਾਰਤੂਸ ਬਰਾਮਦ ਕੀਤੇ ਗਏ। ਇਹ ਗ੍ਰਿਫਤਾਰੀਆਂ ਤਿੰਨ ਵਿਅਕਤੀਆਂ 'ਤੇ ਹੋਣ ਵਾਲੇ ਟਾਰਗੇਟ ਅਟੈਕ ਨੂੰ ਟਾਲਣ ਵਿੱਚ ਸਫਲ ਹੋਈਆਂ ਹਨ। ਗ੍ਰਿਫਤਾਰ ਕੀਤੇ ਗਏ ਅਪਰਾਧੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਫਿਰੌਤੀ, ਕਤਲ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਕਈ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਸਨ। ਚੱਲ ਰਹੀ ਜਾਂਚ ਦਾ ਉਦੇਸ਼ ਇਸ ਗੈਂਗ ਦੇ ਵਿਆਪਕ ਨੈੱਟਵਰਕ ਦਾ ਪਤਾ ਕਰਨਾ ਅਤੇ ਗਰੋਹ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਅਗਲੇਰੇ ਅਤੇ ਪਿੱਛਲੇ ਸੰਬੰਧ ਸਥਾਪਤ ਕਰਨਾ ਹੈ।
ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਸੀ ਪਲਾਨਿੰਗ
ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਸੀ ਕਿ ਇਹ ਮੁਲਜ਼ਮ ਕਿਸੀ ਵੱਡੀ ਵਾਰਦਾਤ ਦੀ ਤਿਆਰੀ ਕਰ ਰਹੇ ਸਨ। ਹਾਲਾਂਕਿ ਅਜੇ ਖੁਲਾਸਾ ਨਹੀਂ ਹੋਇਆ ਕਿ ਇਹਨਾਂ ਬਦਮਾਸ਼ਾਂ ਦਾ ਟਾਰਗੇਟ ਕੌਣ ਸੀ। ਪੁਲਿਸ ਜਲਦ ਹੀ ਇਹਨਾਂ ਨੂੰ ਪੁੱਛਗਿੱਛ ਲਈ ਲੈ ਕੇ ਜਾਵੇਗੀ ਅਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।