ਬਠਿੰਡਾ: ਮਾਲਵਾ ਬੈਲਟ ਦੇ ਜ਼ਿਲ੍ਹੇ ਬਠਿੰਡਾ, ਮੁਕਤਸਰ ਅਤੇ ਫਰੀਦਕੋਟ ਨੂੰ ਕਾਟਨ ਬੈਲਟ ਵਜੋਂ ਜਾਣਿਆ ਜਾਂਦਾ ਸੀ। ਕੋਟਕਪੂਰਾ ਦੀ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਨਰਮਾ ਮੰਡੀ ਹੁੰਦੀ ਸੀ ਪਰ ਜੇ ਹੁਣ ਦੇਖੀਏ ਤਾਂ ਨਰਮੇ ਉੱਤੇ ਵਾਰ-ਵਾਰ ਗੁਲਾਬੀ ਸੁੰਡੀ ਦੇ ਹਮਲੇ ਨਾਲ ਜਿੱਥੇ ਨਰਮਾ ਬੈਲਟ ਤਬਾਹ ਹੋ ਗਈ ਹੈ। ਉੱਥੇ ਹੀ ਹੁਣ ਇਹ ਕਿਸਾਨ ਵੀ ਝੋਨੇ ਦੀ ਫਸਲ ਵੱਲ ਤੁਰੇ ਹਨ ਪਰ ਹੁਣ ਫਿਰ ਤੋਂ ਕਿਸਾਨ ਨਰਮਾ ਉਗਾਉਣ ਲਈ ਅੱਗੇ ਆ ਰਹੇ ਹਨ।
ਘਾਟੇ 'ਚ ਨੇ ਕਿਸਾਨ (ETV BHARAT PUNJAB (ਰਿਪੋਟਰ,ਬਠਿੰਡਾ)) ਲਾਗਤ ਵੀ ਕਿਸਾਨਾਂ ਦੇ ਪੱਲੇ ਨਹੀਂ ਪਈ
ਬਠਿੰਡਾ ਦੀ ਅਨਾਜ ਮੰਡੀ ਵਿੱਚ ਨਰਮੇ ਦੀ ਆਮਦ ਸ਼ੁਰੂ ਹੋ ਗਈ ਹੈ। ਭਾਵੇਂ ਪਿਛਲੇ ਸਾਲਾਂ ਦੇ ਮੁਕਾਬਲੇ ਆਮਦ ਬਹੁਤ ਘੱਟ ਹੈ ਪਰ ਜਿੰਨੇ ਵੀ ਕਿਸਾਨ ਆਏ ਹਨ ਉਹ ਨਰਮੇ ਦੀ ਕੀਮਤ ਘੱਟੋ-ਘੱਟ ਸਮਰਥਨ ਮੁੱਲ ਤੋਂ ਜ਼ਿਆਦਾ ਮਿਲਣ ਕਰਕੇ ਖੁਸ਼ ਹੋਣ ਦੇ ਨਾਲ-ਨਾਲ ਦੁਖੀ ਵੀ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਤੋਂ ਅਸਲੀ ਬੀਜ ਅਤੇ ਦਵਾਈਆਂ ਨਾ ਮਿਲਣ ਕਰਕੇ ਨਰਮੇ ਦਾ ਝਾੜ ਇੱਕ ਏਕੜ ਵਿੱਚ ਸਿਰਫ 2 ਤੋਂ ਤਿੰਨ ਕੁਇੰਟਲ ਹੈ। ਜਿਸ ਨਾਲ ਨਰਮੇ ਦੀ ਕਾਸ਼ਤ ਲਈ ਕੀਤੀ ਲਾਗਤ ਵੀ ਕਿਸਾਨਾਂ ਦੇ ਪੱਲੇ ਨਹੀਂ ਪੈਂਦੀ।
ਪਹਿਲਾਂ ਦੇ ਮੁਕਾਬਲੇ ਘਟੀ ਨਰਮੇ ਦੀ ਕਾਸ਼ਤ
ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਕਿਸਾਨਾਂ ਨੇ ਨਰਮਾ ਘੱਟ ਬੀਜਿਆ ਕਿਉਂਕਿ ਨਕਲੀ ਬੀਜਾ ਅਤੇ ਨਕਲੀ ਸਪਰੇਹਾਂ ਕਾਰਨ ਨਰਮੇ ਤੋਂ ਮੋਹ ਭੰਗ ਹੋ ਚੁੱਕਿਆ ਸੀ। ਲਗਾਤਾਰ ਗੁਲਾਬੀ ਸੁੰਡੀ ਦੀ ਮਾਰ ਪੈਣ ਨਾਲ ਕਿਸਾਨ ਨਰਮੇ ਤੋਂ ਮੂੰਹ ਮੋੜ ਰਹੇ ਹਨ ਪਰ ਇਸ ਵਾਰ ਨਰਮਾ ਚੰਗਾ ਹੋਇਆ ਹੈ। ਸੁੰਡੀ ਅਤੇ ਚਿੱਟਾ ਤੇਲਾ ਵੀ ਨਹੀਂ ਪਿਆ। ਭਾਵੇਂ ਨਰਮੇ ਵਿੱਚ ਭਾਰ ਘੱਟ ਹੈ ਅਤੇ ਨਰਮਾ ਚੁਗਣ ਦੇ ਖਰਚੇ ਵੀ ਡਬਲ ਹੋ ਗਏ ਹਨ ਪਰ ਰੇਟ ਠੀਕ ਹੈ। ਸਾਡੀ ਸਰਕਾਰ ਮਦਦ ਕਰੇ ਤਾਂ ਦੁਬਾਰਾ ਨਰਮਾ ਬੀਜਣ ਲਈ ਲੋਕ ਅੱਗੇ ਆ ਸਕਦੇ ਹਨ।
ਕਿਸਾਨਾਂ ਦੀ ਅਪੀਲ
ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਵਧੀਆ ਨਰਮੇ ਦੇ ਬੀਜਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਅਤੇ ਵਧੀਆ ਦਵਾਈਆਂ-ਸਪਰੇਹਾਂ ਅਤੇ ਖਾਦਾਂ ਦਾ ਵੀ ਪ੍ਰਬੰਧ ਹੋਵੇ ਤਾਂ ਕਿ ਅਸੀਂ ਫਿਰ ਦੁਬਾਰਾ ਨਰਮਾ ਉਗਾ ਸਕੀਏ ਕਿਉਂਕਿ ਨਰਮੇ ਨਾਲ ਕਿਸਾਨਾਂ ਦਾ ਘਰ ਪੂਰਾ ਹੁੰਦਾ ਹੈ। ਇਹ ਫਸਲ ਨੂੰ ਜਿੰਨੀ ਦੇਰ ਤੱਕ ਮਰਜ਼ੀ ਆਪਣੇ ਘਰ ਵਿੱਚ ਰੱਖ ਸਕਦਾ ਹੈ।
ਦੂਜੇ ਪਾਸੇ ਮਾਰਕੀਟ ਕਮੇਟੀ ਦੇ ਸੈਕਟਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ 582 ਕੁਇੰਟਲ ਦੇ ਕਰੀਬ ਮੰਡੀ ਵਿੱਚ ਨਰਮਾ ਆ ਚੁੱਕਿਆ ਹੈ। ਇਸ ਵਾਰ ਨਰਮੇ ਦੀ ਫਸਲ ਚੰਗੀ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਨਰਮਾ ਕਿਸਾਨਾਂ ਵੱਲੋਂ ਬਹੁਤ ਘੱਟ ਬੀਜਿਆ ਗਿਆ ਹੈ। ਇਸ ਵਾਰ ਐਮਐਸਪੀ ਜੋ 7200 ਰੁਪਏ ਤੋਂ ਉੱਪਰ ਮਿਲ ਰਹੀ ਹੈ ਅਤੇ ਪ੍ਰਾਈਵੇਟ ਮਿੱਲਰਾਂ ਵੱਲੋਂ 7500 ਰੁਪਏ ਤੱਕ ਨਰਮੇ ਦੀ ਖਰੀਦ ਹੋ ਰਹੀ ਹੈ, ਜਿਸ ਨਾਲ ਕਿਸਾਨ ਖੁਸ਼ ਹਨ।