'ਗੁਨਾਹਾਂ ਦੀ ਨਹੀਂ ਹੁੰਦੀ ਕੋਈ ਮੁਆਫੀ' (ਅੰਮ੍ਰਿਤਸਰ ਪੱਤਰਕਾਰ) ਅੰਮ੍ਰਿਤਸਰ :ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਏ। ਜਿਥੇ ਉਨ੍ਹਾਂ ਨੇ ਆਪਣਾ ਸਪਸ਼ਟੀਕਰਨ ਇੱਕ ਬੰਦ ਲਿਫਾਫੇ ਵਿਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੌਂਪਿਆ। ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਜਿਸ ਦੇ ਚੱਲਦੇ ਦਮਦਮੀ ਟਕਸਾਲ ਅਜਨਾਲਾ ਦੇ ਆਗੂ ਭਾਈ ਅਮਰੀਕ ਸਿੰਘ ਅਜਨਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਬਾਦਲ ਪਰਿਵਾਰ ਉੱਤੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਸਿੱਖ ਪੰਥ ਨਾਲ ਧ੍ਰੋਅ ਕਮਾਇਆ ਹੈ ਅਤੇ ਦਿੱਲੀ ਦੇ ਦਲਾਲ ਬਣ ਕੇ ਸਿੱਖ ਕੌਮ ਦੇ ਸਿਧਾਂਤਾਂ ਦਾ ਘਾਣ ਕੀਤਾ ਹੈ। ਭਾਈ ਅਜਨਾਲਾ ਨੇ ਕਿਹਾ ਕਿ ਬਾਦਲ ਪਰਿਵਾਰ ਦੀਆਂ ਗ਼ਲਤੀਆਂ ਹੁਣ ਮਹਿਜ਼ ਗ਼ਲਤੀਆਂ ਨਹੀਂ ਬਲਕਿ ਅਪਰਾਧ ਬਣ ਚੁੱਕੀਆਂ ਹਨ, ਜਿਸ ਦੀ ਸਜ਼ਾ ਉਨ੍ਹਾਂ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ।
'ਪੰਜਾਬ ਦੇ ਨੌਜਵਾਨਾਂ ਨੂੰ ਮਰਵਾਉਣ 'ਚ ਬਾਦਲ ਪਰਿਵਾਰ ਦਾ ਹੱਥ':ਇਸ ਮੌਕੇ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੇ ਦਾਦੇ ਪੜਦਾਦਿਆਂ ਨੇ ਜੈਤੋ ਮੋਰਚੇ ਸਮੇਂ ਖੂਹਾਂ ਦੇ ਵਿੱਚ ਜਹਿਰ ਪਾ ਕੇ ਸਿੱਖ ਸ਼ਹੀਦ ਕਰਵਾਏ। ਨਕਸਲਬਾੜੀ ਲਹਿਰ ਸਮੇਂ ਸੈਂਟਰ ਨਾਲ ਖੜ੍ਹ ਕੇ ਨੌਜਵਾਨ ਸ਼ਹੀਦ ਕਰਵਾਏ ਅਤੇ 1978 ਵਿੱਚ ਨਿਰੰਕਾਰੀ ਨੂੰ ਸਹਿ ਦੇ ਕੇ 13 ਸਿੱਖ ਸ਼ਹੀਦ ਕਰਵਾਏ। ਉਸ ਤੋਂ ਬਾਅਦ 1984 ਵਿੱਚ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖ ਕੇ ਦਰਬਾਰ ਸਾਹਿਬ 'ਤੇ ਹਮਲਾ ਕਰਵਾਉਣ ਵਿੱਚ ਵੀ ਬਾਦਲ ਪਰਿਵਾਰ ਅੱਗੇ ਸੀ, ਜਿਨਾਂ ਨੇ ਅਨੇਕਾਂ ਨੌਜਵਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਜਦੀਕੀ ਸਾਥੀਆਂ ਨੂੰ ਸ਼ਹੀਦ ਕਰਵਾਉਣ ਵਿੱਚ ਅਹਿਮ ਕਿਰਦਾਰ ਨਿਭਾਇਆ।
ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਵਾ ਸਕੇ ਬਾਦਲ: ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਟਕਸਾਲੀ ਆਗੂਆਂ ਨੇ ਕਿਹਾ ਕਿ ਬਾਦਲਾਂ ਦੀ ਪਾਰਟੀ ਦਾ ਭਾਜਪਾ ਆਰਐਸਐਸ ਨਾਲ ਗੱਠਜੋੜ ਰਿਹਾ, ਪਰ ਇਸ ਦੌਰਾਨ ਪੰਜਾਬ ਦੇ ਹਿੱਤ ਵਿੱਚ ਇਹਨਾਂ ਨੇ ਕੁਝ ਨਹੀਂ ਕੀਤਾ। ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਪੀਪਲ ਕਮਿਸ਼ਨ ਬਣਾਕੇ ਝੂਠੇ ਪੁਲਿਸ ਮੁਕਾਬਲਿਆਂ ਦਾ ਇਨਸਾਫ਼ ਦੇਣ ਦੇਣਾ ਤਾਂ ਦੂਰ ਦੀ ਗੱਲ ਹੈ ਇਹਨਾਂ ਨੇ ਇੱਕ ਵਾਰ ਵੀ ਮੁੱਦਾ ਨਹੀਂ ਚੁਕਿਆ ਅਤੇ ਅੱਜ ਵੀ ਸਿੰਘ ਜੇਲ੍ਹਾਂ 'ਚ ਬੰਦ ਹਨ।
ਸਿਆਸੀ ਲਾਹੇ ਲਈ ਡੇਰਾ ਮੁਖੀ ਨੂੰ ਦਿੱਤੀ ਮੁਆਫੀ:ਅਜਨਾਲਾ ਨੇ ਕਿਹਾ ਕਿ 2007 ਵਿੱਚ ਸਰਸੇ ਵਾਲੇ ਸਾਧ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ 'ਤੇ ਮੁਆਫ ਕੀਤਾ। ਇਸ ਲਈ ਲੱਖਾਂ ਰੁਪਏ ਦੇ ਇਸ਼ਤਿਹਾਰ ਵੀ ਛਪਵਾਏ। ਇਨਾਂ ਹੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਵਾਲਿਆਂ ਨੁੰ ਕਾਬੂ ਕਰਨ ਦੇ ਲਈ ਰੋਸ ਪ੍ਰਗਟਾਉਣ ਵਾਲੀ ਸੰਗਤ ਉੱਤੇ ਗੋਲੀ ਚਲਵਾਉਣ ਅਤੇ ਮਾਰੇ ਗਏ ਸਿੰਘਾਂ ਦੇ ਮਾਮਲੇ 'ਚ ਕਾਰਵਾਈ ਨਾ ਕਰਨ ਦੇ ਵੀ ਦੋਸ਼ ਬਾਦਲਾਂ ਉਤੇ ਹੈ। ਫਿਰ ਸੁਖਬੀਰ ਬਾਦਲ ਮੁਆਫੀ ਦੇ ਹੱਕਦਾਰ ਕਿੰਝ ਹੋ ਸਕਦੇ ਹਨ ?
ਬਾਦਲਾਂ ਦੇ ਗੁਨਾਹਾਂ ਦੇ ਭਾਗੀ ਹੋਣਗੇ ਸਿੱਖ ਕੌਮ ਦੇ ਦੋਸ਼ੀ:ਅਮਰੀਕ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੀ ਨਿੱਜੀ ਜਾਗੀਰ ਸਮਝ ਲਿਆ ਹੈ ਪਰ ਹੁਣ ਸੱਚ ਸਾਰਾ ਨੰਗਾ ਹੋ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਬੇਨਤੀ ਕਰਦੇ ਹਾਂ ਕਿ ਉਸ ਸਮੇਂ ਦੇ ਪ੍ਰਧਾਨ ਅਤੇ ਜਥੇਦਾਰ ਦੇ ਨਾਲ-ਨਾਲ ਕਮੇਟੀ ਮੈਂਬਰ ਨੂੰ ਵੀ ਕਟਿਹਰੇ ਵਿੱਚ ਖੜਾ ਕੀਤਾ ਜਾਵੇ ਅਤੇ ਪੱਖਪਾਤ ਵਾਲੀ ਬਿਰਤੀ ਨੂੰ ਪਾਸੇ ਰੱਖ ਕੇ ਫੈਸਲਾ ਕੀਤਾ ਜਾਵੇ, ਪਰ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਤਲਬ ਕਰਕੇ ਗਲ ਵਿੱਚ ਫੱਟੀ ਪਾ ਕੇ ਸਾਰੇ ਗੁਨਾਹਾਂ ਦੀ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇੱਕ ਗੱਲ ਜਥੇਦਾਰ ਸਾਹਿਬਾਨਾਂ ਨੂੰ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਬਾਦਲਾਂ ਦੇ ਗੁਨਾਹਾਂ ਬਾਰੇ ਬੱਚਾ-ਬੱਚਾ ਜਾਣਦਾ ਹੈ ਅਤੇ ਤੁਸੀਂ ਵੀ ਭਲੀਭਾਂਤ ਜਾਣਦੇ ਹੋ ਫਿਰ ਵੀ ਜੇ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਸਾਰੀ ਸਿਖ ਕੌਮ ਦੇ ਦੋਸ਼ੀ ਤੁਸੀਂ ਵੀ ਹੋਵੋਗੇ। ਸਿੱਖ ਕੌਮ ਦੇ ਰੋਹ ਦਾ ਸਾਹਮਣਾ ਹਰ ਉਸ ਵਿਅਕਤੀ ਨੂੰ ਕਰਨਾ ਪਵੇਗਾ ਜਿਹੜਾ ਬਾਦਲਾਂ ਦੇ ਗੁਨਾਹਾਂ ਵਿੱਚ ਭਾਗੀਦਾਰ ਹੋਵੇਗਾ।