ਰਾਮ ਸਿੰਘ, ਮੁਖੀ, ਦਮਦਮੀ ਟਕਸਾਲ ਅੰਮ੍ਰਿਤਸਰ:ਜਥੇਬੰਦੀ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਰਾਸਤੀ ਮਾਰਗ ਦੇ ਵਿੱਚ ਬੈਠ ਕੇ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਜਿਸ ਦਾ ਸਭ ਤੋਂ ਵੱਡਾ ਕਾਰਨ ਅੰਮ੍ਰਿਤ ਪਾਲ ਸਿੰਘ ਵੱਲੋਂ ਡਿਬੜੂਗੜ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਦੱਸੀ ਜਾ ਰਹੀ ਹੈ। ਉੱਥੇ ਹੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੂੰ ਮਿਲਣ ਵਾਸਤੇ ਸਿੱਖ ਜਥੇਬੰਦੀਆਂ ਦੇ ਆਗੂ ਪਹੁੰਚ ਰਹੇ ਹਨ ਅਤੇ ਉਹਨਾਂ ਨੂੰ ਹਮਾਇਤ ਵੀ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਪਰਿਵਾਰਿਕ ਮੈਂਬਰਾਂ ਦੇ ਨਾਲ ਮੁਲਾਕਾਤ: ਇਸੇ ਲੜੀ ਦੇ ਤਹਿਤ ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਵੀ ਵਿਰਾਸਤੀ ਮਾਰਗ ਪਹੁੰਚੇ ਅਤੇ ਅੰਮ੍ਰਿਤਪਾਲ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਸਰਕਾਰ ਅਤੇ ਕੇਂਦਰ ਉੱਤੇ ਨਿਸ਼ਾਨੇ ਸਾਧਦਿਆਂ ਉਨ੍ਹਾਂ ਕਿਹਾ ਕਿ ਡਿਬੜੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਉੱਤੇ ਤਸ਼ੱਦਦ ਢਾਇਆ ਜਾ ਰਿਹਾ ਹੈ। ਜਿਸ ਕਾਰਣ ਅੰਮ੍ਰਿਤਪਾਲ ਦੀ ਮਾਤਾ ਵੱਲੋਂ ਵੀ ਭੁੱਖ ਹੜਤਾਲ ਕੀਤੀ ਗਈ ਹੈ
ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਸਭ ਨੂੰ ਇੱਕਜੁੱਟ ਹੋ ਕੇ ਆਵਾਜ਼ ਚੁੱਕਣ ਦੀ ਜਰੂਰਤ ਹੈ। ਉਹਨਾਂ ਨੇ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਦੀ ਸਰਕਾਰ ਦੋਹਰੀ ਨੀਤੀ ਅਪਣਾ ਰਹੀ ਹੈ। ਇੱਕ ਪਾਸੇ ਕਿਸਾਨਾਂ ਦੇ ਹੱਕ ਦੇ ਵਿੱਚ ਨਿੱਤਰਦੀ ਹੋਈ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਪੰਜਾਬ ਦੇ ਨੌਜਵਾਨਾਂ ਨੂੰ ਕਾਲੇ ਪਾਣੀ ਵਰਗੀਆਂ ਸਜ਼ਾਵਾਂ ਲਈ ਜੇਲ੍ਹ ਦੇ ਵਿੱਚ ਭੇਜਿਆ ਹੋਇਆ ਜਾ ਰਿਹਾ ਹੈ। ਭਾਈ ਰਾਮ ਸਿੰਘ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਦੇ ਅਧਿਕਾਰੀ ਵੀ ਇਸ ਚੀਜ਼ ਨੂੰ ਮੰਨਦੇ ਹਨ ਕਿ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਸਾਥੀਆਂ ਦੀ ਤਬੀਅਤ ਠੀਕ ਨਹੀਂ ਹੈ ਅਤੇ ਉਹਨਾਂ ਨੂੰ ਇੱਥੇ ਦਾ ਮੌਸਮ ਵੀ ਰਾਸ ਨਹੀਂ ਆ ਰਿਹਾ ਜਿਸ ਕਰਕੇ ਉਹਨਾਂ ਨੂੰ ਪੰਜਾਬ ਭੇਜਣਾ ਚਾਹੀਦਾ ਹੈ, ਪਰ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਇੱਕਜੁੱਟ ਹੋਣ ਦੀ ਲੋੜ: ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਮੱਤਭੇਦ ਛੱਡ ਕੇ ਇੱਕਜੁੱਟ ਹੋ ਕੇ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਛਡਾਉਣ ਵਾਸਤੇ ਆਵਾਜ਼ ਚੁੱਕਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦਾ ਸਿਰਫ ਆ ਹੀ ਕਸੂਰ ਸੀ ਕਿ ਉਸ ਵੱਲੋਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਅਤੇ ਅੰਮ੍ਰਿਤਪਾਨ ਕਰਵਾਉਣ ਦਾ ਯਤਨ ਕਰਵਾਇਆ ਜਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰ ਉੱਤੇ ਦਬਾਅ ਬਣਾਉਣ ਵਾਸਤੇ ਹਰ ਇੱਕ ਸੰਭਵ ਕੋਸ਼ਿਸ਼ ਜਰੂਰ ਕਰਾਂਗੇ। ਇੱਥੇ ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਮਾਤਾ ਅਤੇ ਪਿਤਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਅਰਦਾਸ ਕਰਨ ਤੋਂ ਬਾਅਦ ਭੁੱਖ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਸੀ।