ਲੇਖਕ ਬਲਵੰਤ ਗਾਰਗੀ ਦਾ ਜਨਮ ਅਸਥਾਨ ਬਣਿਆ ਖੰਡਰ ਬਰਨਾਲਾ:ਬਰਨਾਲਾ ਨੂੰ 'ਸਾਹਿਤ ਦਾ ਮੱਕਾ' ਕਿਹਾ ਜਾਂਦਾ ਹੈ। ਇੱਥੋਂ ਦੀ ਧਰਤੀ ਨੇ ਬਹੁਤ ਨਾਮੀ ਲੇਖਕ ਅਤੇ ਸਾਹਿਤਕਾਰ ਪੈਦਾ ਕੀਤੇ ਹਨ। ਇਨ੍ਹਾਂ ਵਿੱਚੋਂ ਇੱਕ ਵੱਡਾ ਨਾਮ ਬਲਵੰਤ ਗਾਰਗੀ ਦਾ ਰਿਹਾ ਹੈ ਜਿਸ ਦੀਆਂ ਰਚਨਾਵਾਂ ਸਿਰਫ਼ ਪੰਜਾਬੀ ਹੀ ਨਹੀਂ, ਬਲਕਿ ਦੁਨੀਆਂ ਭਰ ਦੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ ਹਨ। ਉਨ੍ਹਾਂ ਵਲੋਂ ਲਿਖੇ ਨਾਟਕ ਅਤੇ ਨਾਵਲ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਏ ਜਾਂਦੇ ਹਨ। ਪਰ, ਬਲਵੰਤ ਗਾਰਗੀ ਨੂੰ ਪੰਜਾਬ ਵਿੱਚ ਇੱਕ ਤਰ੍ਹਾਂ ਨਾਲ ਨਜ਼ਰਅੰਦਾਜ਼ ਕੀਤਾ ਹੋਇਆ ਹੈ।
ਕਿੱਥੇ ਹੈ ਗਾਰਗੀ ਦਾ ਜਨਮ ਅਸਥਾਨ:ਬਲਵੰਤ ਗਾਰਗੀ ਦਾ ਜਨਮ ਬਰਨਾਲਾ ਦੇ ਵੱਡੇ ਪਿੰਡ ਸ਼ਹਿਣਾ ਵਿਖੇ ਹੋਇਆ ਸੀ, ਪਰ ਗਾਰਗੀ ਦੀ ਜਨਮ ਅਸਥਾਨ ਦੀ ਜਗ੍ਹਾ ਪੂਰੀ ਤਰ੍ਹਾਂ ਨਾਲ ਖੰਡਰ ਹੋ ਚੁੱਕੀ ਹੈ। ਜਿਸ ਨੂੰ ਸੰਭਾਲਣ ਲਈ ਪਿੰਡ ਵਾਸੀ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ। ਬਲਵੰਤ ਗਾਰਗੀ ਦੇ ਪਿਤਾ ਨਹਿਰੀ ਵਿਭਾਗ ਵਿੱਚ ਨੌਕਰੀ ਕਰਦੇ ਸਨ ਅਤੇ ਸ਼ਹਿਣਾ ਵਿਖੇ ਅੰਗਰੇਜ਼ਾਂ ਵਲੋਂ ਬਣਾਈ ਨਹਿਰੀ ਕੋਠੀ ਵਿੱਚ ਬਲਵੰਤ ਗਾਰਗੀ ਦਾ ਉਸ ਸਮੇਂ ਜਨਮ ਹੋਇਆ ਸੀ, ਪਰ ਇਸ ਵੇਲੇ ਇਹ ਕੋਠੀ ਪੂਰੀ ਤਰ੍ਹਾਂ ਨਾਲ ਖੰਡਰ ਬਣ ਚੁੱਕੀ ਹੈ। ਇਸ ਵਾਰ ਵਿਧਾਨ ਸਭਾ ਦੇ ਸ਼ੈਸ਼ਨ ਵਿੱਚ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਵੀ ਬਲਵੰਤ ਗਾਰਗੀ ਦੇ ਜਨਮ ਅਸਥਾਨ ਦੀ ਜਗ੍ਹਾ ਨੂੰ ਸੰਭਾਲਣ ਦਾ ਮੁੱਦਾ ਚੁੱਕਿਆ ਹੈ। ਪਿੰਡ ਦੇ ਲੋਕ ਇਸ ਨਹਿਰੀ ਕੋਠੀ ਨੂੰ ਇੱਕ ਵਿਰਾਸਤ ਵਜੋਂ ਸੰਭਾਲਣ ਦੀ ਮੰਗ ਕਰ ਰਹੇ ਹਨ।
ਪੰਜਾਬ ਦੇ ਮਹਾਨ ਲੇਖਕ ਬਲਵੰਤ ਗਾਰਗੀ ਅੰਗਰੇਜ਼ਾਂ ਦੇ ਸਮੇਂ ਬਣੀ ਕੋਠੀ: ਇਸ ਸਬੰਧੀ ਗੱਲਬਾਤ ਕਰਦਿਆਂ ਬਲਵੰਤ ਗਾਰਗੀ ਯਾਦਗਾਰੀ ਟਰੱਸਟ ਦੇ ਪ੍ਰਧਾਨ ਕੁਲਵੰਤ ਸਿੰਘ ਨੇ ਕਿਹਾ ਕਿ ਬਲਵੰਤ ਗਾਰਗੀ ਦੇ ਪਿਤਾ ਨਹਿਰੀ ਵਿਭਾਗ ਵਿੱਚ ਨੌਕਰੀ ਕਰਦੇ ਸਨ। ਗਾਰਗੀ ਅਤੇ ਉਹਨਾਂ ਦੇ ਭਰਾ ਦਾ ਜਨਮ ਇਸੇ ਨਹਿਰੀ ਕੋਠੀ ਵਿੱਚ ਹੋਇਆ ਸੀ। ਇਹ ਨਹਿਰੀ ਕੋਠੀ ਅੰਗਰੇਜ਼ਾਂ ਦੇ ਸਮੇਂ ਬਣਾਈ ਗਈ ਸੀ, ਪਰ ਸਮੇਂ ਦੀਆਂ ਸਰਕਾਰਾਂ ਵਲੋਂ ਇਸ ਵੱਡੇ ਮਹਾਨ ਲੇਖਕ ਦੀ ਯਾਦਗਾਰੀ ਜਗ੍ਹਾ ਨੂੰ ਵਿਸਾਰਿਆ ਹੋਇਆ ਹੈ। ਪਰ ਪਿੰਡ ਵਲੋਂ ਉਨ੍ਹਾਂ ਦੀ ਹਰ ਵਰ੍ਹੇ 4 ਦਸੰਬਰ ਨੂੰ ਜਨਮ ਦਿਨ ਅਤੇ 22 ਅਪ੍ਰੈਲ ਨੂੰ ਬਰਸੀ ਮੌਕੇ ਸਮਾਗਮ ਕਰਵਾਇਆ ਜਾਂਦਾ ਹੈ।
ਜਨਮ ਅਸਥਾਨ ਸਰਕਾਰ ਨੇ ਕੀਤਾ ਅਖੋ-ਪਰੋਖੇ: ਪਿਛਲੇ ਲੰਬੇ ਸਮੇਂ ਤੋਂ ਬਲਵੰਤ ਗਾਰਗੀ ਦੇ ਨਾਮ ਉਪਰ ਟਰੱਸਟ, ਸੁਸਾਇਟੀ ਅਤੇ ਕਲੱਬ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਗਾਰਗੀ ਦੇ ਨਾਮ ਉਪਰ ਇੱਕ ਯਾਦਗਾਰੀ ਗੇਟ ਬਣਾਇਆ ਜਾ ਰਿਹਾ ਹੈ, ਜਿਸ ਲਈ ਪੰਜਾਬ ਸਰਕਾਰ ਨੇ ਗ੍ਰਾਂਟ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਜਿਸ ਸਰਕਾਰੀ ਸਕੂਲ ਵਿੱਚ ਗਾਰਗੀ ਪੜ੍ਹੇ ਸਨ, ਉਸ ਦਾ ਨਾਮ ਵੀ ਗਾਰਗੀ ਦੇ ਨਾਮ ਉਪਰ ਸਰਕਾਰ ਨੇ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਬਲਵੰਤ ਗਾਰਗੀ ਦੇ ਜਨਮ ਅਸਥਾਨ ਨੂੰ ਇੱਕ ਵਿਰਾਸਤ ਵਜੋਂ ਪੰਜਾਬ ਸਰਕਾਰ ਸੰਭਾਲੇ, ਜਿਸ ਦੀ ਉਹ ਮੰਗ ਕਰ ਰਹੇ ਹਨ।
ਬਲਵੰਤ ਗਾਰਗੀ ਨੇ ਦੁਨੀਆਂ ਭਰ ਵਿੱਚ ਚਮਕਾਇਆ ਪਿੰਡ ਦਾ ਨਾਮ: ਉਥੇ ਹੀ, ਇਸ ਸਬੰਧੀ ਪਿੰਡ ਦੇ ਲੇਖਕ ਮਲਕੀਤ ਸਿੰਘ ਨੇ ਕਿਹਾ ਕਿ ਬਲਵੰਤ ਗਾਰਗੀ ਸ਼ਹਿਣਾ ਵਿੱਚ ਪੈਦਾ ਹੋਏ ਸੀ, ਉਨ੍ਹਾਂ ਦੇ ਪਿਤਾ ਇੱਥੇ ਤਾਰ ਬਾਬੂ ਸਨ। ਉਹ ਇੱਥੇ ਹੀ ਪੜ੍ਹੇ ਅਤੇ ਉਨ੍ਹਾਂ ਦਾ ਬਚਪਨ ਇੱਥੇ ਹੀ ਬੀਤਿਆ ਸੀ। ਇਸ ਤੋਂ ਬਾਅਦ ਬਲਵੰਤ ਗਾਰਗੀ ਦੁਨੀਆਂ ਦੇ ਮਹਾਨ ਲੇਖਕ ਬਣ ਗਏ ਅਤੇ ਸ਼ਹਿਣਾ ਪਿੰਡ ਦਾ ਨਾਮ ਉਨ੍ਹਾਂ ਨੇ ਦੁਨੀਆਂ ਭਰ ਵਿੱਚ ਰੌਸ਼ਨ ਕੀਤਾ। ਉਨ੍ਹਾਂ ਦੇ ਜਨਮ ਅਸਥਾਨ ਦੀ ਜਗ੍ਹਾ ਪੂਰੀ ਤਰ੍ਹਾਂ ਨਾਲ ਢਹਿ ਚੁੱਕੀ ਹੈ, ਪਰ ਕੁੱਝ ਹਿੱਸਾ ਬਾਕੀ ਬਚਿਆ ਹੈ। ਸਰਕਾਰਾਂ ਦੀ ਅਣਦੇਖੀ ਕਾਰਨ ਇਹ ਜਗ੍ਹਾ ਖੰਡਰ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਲਵੰਤ ਗਾਰਗੀ ਸਿਰਫ਼ ਪੰਜਾਬ ਦੇ ਹੀ ਨਹੀਂ, ਬਲਕਿ ਦੁਨੀਆਂ ਦੇ ਮਹਾਨ ਲੇਖਕ ਹਨ। ਉਨ੍ਹਾਂ ਵਰਗੀ ਲੇਖਣੀ ਕਿਸੇ ਵੀ ਲੇਖਕ ਦੀ ਨਹੀਂ ਹੋਈ।
ਗਾਰਗੀ ਦੀ ਜਨਮ ਅਸਥਾਨ ਨੂੰ ਵਿਰਾਸਤ ਵਜੋਂ ਸੰਭਾਲਣ ਦੀ ਮੰਗ:ਮਲਕੀਤ ਸਿੰਘ ਨੇ ਕਿਹਾ ਕਿ ਗਾਰਗੀ ਦੀ ਜਿਸ ਵੀ ਰਚਨਾ ਨੂੰ ਅਸੀਂ ਪੜ੍ਹਨ ਲੱਗ ਜਾਈਏ, ਉਸ ਨੂੰ ਖ਼ਤਮ ਕਰੇ ਬਿਨ੍ਹਾਂ ਅਸੀਂ ਰਹਿ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਬਲਵੰਤ ਗਾਰਗੀ ਦੀਆ ਕਿਤਾਬਾਂ ਬਹੁਤ ਭਾਸ਼ਾਵਾਂ ਵਿੱਚ ਅਨੁਵਾਦਿਤ ਹੋਈਆਂ ਹਨ। ਉਹਨਾਂ ਦੇ ਲਿਖੇ ਨਾਟਕ ਦੁਨੀਆਂ ਭਰ ਵਿੱਚ ਖੇਡੇ ਗਏ ਹਨ। ਉਨ੍ਹਾਂ ਦਾ ਨਾਟਕ ਸੋਹਣੀ ਮਾਹੀਵਾਲ ਆਦਿਵਾਸੀਆਂ ਵਲੋਂ ਵੀ ਖੇਡਿਆ ਗਿਆ ਸੀ। ਉਨ੍ਹਾਂ ਕਿਹਾ ਕਿ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਵਿਧਾਨ ਸਭਾ ਵਿੱਚ ਬਲਵੰਤ ਗਾਰਗੀ ਦੇ ਜਨਮ ਅਸਥਾਨ ਦੀ ਜਗ੍ਹਾ ਨੂੰ ਸੰਭਾਲਣ ਦਾ ਮੁੱਦਾ ਚੁੱਕਿਆ ਸੀ, ਜਿਸ ਦੀ ਉਹ ਸ਼ਾਲਾਘਾ ਕਰਦੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਜਗ੍ਹਾ ਨੂੰ ਵਿਰਾਸਤ ਵਜੋਂ ਸੰਭਾਲਿਆ ਜਾਵੇ ਤਾਂ ਜੋ ਗਾਰਗੀ ਦੇ ਜਨਮ ਅਸਥਾਨ ਨੂੰ ਦੁਨੀਆਂ ਭਰ ਦੇ ਲੋਕ ਆ ਕੇ ਦੇਖ ਸਕਣ। ਉਥੇ ਹੀ ਉਨ੍ਹਾਂ ਕਿਹਾ ਕਿ ਬਲਵੰਤ ਗਾਰਗੀ ਬਾਰੇ ਨਵੀਂ ਪੀੜ੍ਹੀ ਪੂਰੀ ਤਰ੍ਹਾਂ ਅਣਜਾਣ ਹੈ। ਜੇਕਰ ਇਹ ਜਗ੍ਹਾ ਸੰਵਾਰੀ ਜਾਵੇ ਤਾਂ ਨਵੇਂ ਨੌਜਵਾਨ ਗਾਰਗੀ ਬਾਰੇ ਜਾਣ ਸਕਣਗੇ।
ਬਲਵੰਤ ਗਾਰਗੀ ਦਾ ਜਨਮ ਅਸਥਾਨ ਬਣਿਆ ਖੰਡਰ ਵਿਧਾਇਕ ਵਲੋਂ ਚੁੱਕਿਆ ਗਿਆ ਮੁੱਦਾ:ਇਸ ਸਬੰਧੀ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਬਲਵੰਤ ਗਾਰਗੀ ਮੇਰੇ ਹਲਕਾ ਭਦੌੜ ਦੇ ਪਿੰਡ ਸ਼ਹਿਣਾ ਵਿੱਚ ਪੈਦਾ ਹੋਏ, ਜੋ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਬਲਵੰਤ ਗਾਰਗੀ ਦੀਆਂ ਰਚਨਾਵਾ ਪੰਜਾਬੀ ਤੋਂ ਇਲਾਵਾ ਹਿੰਦੀ ਵਿੱਚ ਵੱਡੇ ਪੱਧਰ ਉੱਤੇ ਪ੍ਰਕਾਸ਼ਿਤ ਹੋਈਆਂ ਹਨ। ਲੇਖਣੀ ਦੇ ਖ਼ੇਤਰ ਵਿੱਚ ਉਹ ਵਿਸ਼ਵ ਪ੍ਰਸਿੱਧ ਹੋਏ ਹਨ। ਉਨ੍ਹਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਅਤੇ ਪਦਮ ਸ੍ਰੀ ਪੁਰਸਕਾਰ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਜ਼ਟ ਸ਼ੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਉਨ੍ਹਾਂ ਨੇ ਬਲਵੰਤ ਗਾਰਗੀ ਦੇ ਜਨਮ ਅਸਥਾਨ ਦੀ ਜਗ੍ਹਾ ਦਾ ਮੁੱਦਿਆ ਚੁੱਕਿਆ ਸੀ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਾਰਗੀ ਦੀ ਇਸ ਜਨਮ ਅਸਥਾਨ ਵਾਲੀ ਨਹਿਰੀ ਕੋਠੀ ਦਾ ਨਵੀਨੀਕਰਨ ਕਰਕੇ ਸੰਭਾਲਿਆ ਜਾਵੇ। ਇਸ ਲਈ ਉਨ੍ਹਾਂ ਨੇ ਵਿਧਾਨ ਸਭਾ ਸ਼ੈਸ਼ਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਬੰਧਿਤ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਚਿੱਠੀ ਲਿਖ ਕੇ ਇਸ ਪਾਸੇ ਖਾਸ ਧਿਆਨ ਦੇਣ ਲਈ ਮੰਗ ਕੀਤੀ ਹੈ।