ਲੁਧਿਆਣਾ :ਬੀਤੀ26 ਜਨਵਰੀ ਵਾਲੇ ਦਿਨ ਲੁਧਿਆਣਾ ਦੇ ਰੋਜ਼ ਗਾਰਡਨ ਨਜ਼ਦੀਕ ਇੱਕ ਲੜਕੀ ਕੋਲੋਂ ਮੋਬਾਈਲ ਖੋਹਣ ਦੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਲਗਾਤਾਰ ਵਾਇਰਲ ਹੋ ਰਹੀ ਸੀ। ਜਿਸ ਦੇ ਚੱਲਦੇ ਇਸ ਮਾਮਲੇ ਵਿੱਚ ਪੁਲਿਸ ਨੇ ਉਕਤ ਐਕਟੀਵਾ ਸਵਾਰ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਪਰ ਉਕਤ ਪੀੜਤ ਲੜਕੀ ਨੇ ਕੈਮਰੇ ਅੱਗੇ ਆ ਕੇ ਆਪਣੀ ਹੱਡਬੀਤੀ ਬਿਆਨ ਕੀਤੀ ਹੈ।
ਲੁਧਿਆਣਾ ਦੇ ਰੋਜ਼ ਗਾਰਡਨ ਨਜ਼ਦੀਕ ਲੁਟੇਰੇ ਦਾ ਸ਼ਿਕਾਰ ਹੋਈ ਲੜਕੀ ਨੇ ਕੈਮਰੇ ਮੂਹਰੇ ਆ ਕੇ ਦੱਸੀ ਦਾਸਤਾਂ (Etv Bharat) 'ਐਕਟੀਵਾ ਸਵਾਰ ਨੌਜਵਾਨ ਨੇ ਮੋਬਾਇਲ ਖੋਹਣ ਦਾ ਕੀਤਾ ਯਤਨ'
ਪੀੜਤ ਲੜਕੀ ਨੇ ਕਿਹਾ ਕਿ ਉਹ ਰੋਜ਼ ਗਾਰਡਨ ਜਾ ਰਹੀ ਸੀ ਕਿ ਅਚਾਨਕ ਐਕਟੀਵਾ ਸਵਾਰ ਨੌਜਵਾਨ ਆਇਆ ਤੇ ਉਸ ਦਾ ਮੋਬਾਈਲ ਖੋਹਣ ਦਾ ਯਤਨ ਕੀਤਾ ਗਿਆ। ਉਸ ਨੇ ਕਿਹਾ ਕਿ ਜਦੋਂ ਮੈਂ ਮੋਬਾਈਲ ਨਾ ਛੱਡਿਆ ਤਾਂ ਉਸ ਨੇ ਮੇਰੇ ਵਾਲ ਫੜ ਲਏ ਅਤੇ ਮੈਨੂੰ ਘੜੀਸਦਾ ਹੋਇਆ ਲੈ ਗਿਆ। ਜਿਸ ਨਾਲ ਮੇਰੇ ਬਹੁਤ ਸਾਰੀਆਂ ਸੱਟਾਂ ਲੱਗੀਆਂ। ਉਸ ਲੜਕੀ ਨੇ ਕਿਹਾ ਕਿ ਇਹ ਮੋਬਾਈਲ ਉਸ ਨੇ ਬੜੇ ਹੀ ਰੀਜਾਂ ਦੇ ਨਾਲ ਲਿਆ ਹੈ, ਜਿਸ ਦੇ ਹਾਲੇ ਤੱਕ ਪੈਸੇ ਵੀ ਨਹੀਂ ਉਤਰੇ। ਇਸ ਦੌਰਾਨ ਲੜਕੀ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਨੇ ਦਿੱਤੀ ਜਾਣਕਾਰੀ
ਇਸ ਸਬੰਧੀ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਸ਼ੁਭਮ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਲੜਕੀ ਤੋਂ ਮੋਬਾਈਲ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ 'ਚ ਐਕਟਿਵਾ ਸਵਾਰ ਸ਼ਖ਼ਸ ਨੇ ਲੁੱਟ ਕਰਨ ਲਈ ਲੜਕੀ ਨੂੰ ਬੁਰੀ ਤਰ੍ਹਾਂ ਘੜੀਸਿਆ। ਉਨ੍ਹਾਂ ਕਿਹਾ ਕਿ ਇਸ ਵੀਡੀਓ ਦੇ ਅਧਾਰ 'ਤੇ ਪੁਲਿਸ ਨੇ ਮੁਲਜ਼ਮ ਖਿਲਾਫ਼ ਪਰਚਾ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦਾ ਨਾਮ ਪਵਨਦੀਪ ਉਰਫ਼ ਮਿੱਠੂ ਹੈ, ਜਿਸ ਕੋਲੋਂ ਪੁਲਿਸ ਨੇ ਐਕਟਿਵਾ ਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।