ਕਣਕ ਤੇ ਝੋਨੇ ਦੇ ਫਸਲੀਂ ਚੱਕਰ 'ਚੋਂ ਨਿਕਲਿਆ ਕਰਜਾਈ ਕਿਸਾਨ (ETV Bharat (ਪੱਤਰਕਾਰ, ਮਾਨਸਾ)) ਮਾਨਸਾ: ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਬਦਲਵੇਂ ਖੇਤੀ ਅਪਣਾਉਣ ਵਾਲੇ ਸਫਲ ਕਿਸਾਨ ਦੇ ਅੱਜ ਖੇਤੀਬਾੜੀ ਯੂਨੀਵਰਸਿਟੀ ਤੱਕ ਚਰਚੇ ਹਨ। ਇਸ ਕਿਸਾਨ ਵੱਲੋਂ ਉਗਾਈ ਗਈ ਸਬਜ਼ੀਆਂ ਦੀ ਪਨੀਰੀ ਪੰਜਾਬ ਹਰਿਆਣਾ ਰਾਜਸਥਾਨ ਸੂਬਿਆਂ ਦੇ ਵਿੱਚ ਜਾਂਦੀ ਹੈ। 7 ਲੱਖ ਰੁਪਏ ਦਾ ਕਰਜਾਈ ਕਿਸਾਨ ਅੱਜ ਸਲਾਨਾ 25 ਲੱਖ ਰੁਪਏ ਦੀ ਕਮਾਈ ਕਰ ਰਿਹਾ ਜੋ ਕਿ ਹੋਰ ਨਾ ਕਿਸਾਨਾਂ ਦੇ ਲਈ ਵੀ ਪ੍ਰੇਰਨਾ ਸਰੋਤ ਬਣਿਆ ਹੋਇਆ।
ਮਰਲਾ ਜਮੀਨ ਚੋਂ ਗੰਢਿਆਂ ਦੀ ਪਨੀਰੀ ਬੀਜਣੀ ਸ਼ੁਰੂ ਕੀਤੀ:
ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ਦਾ ਪੰਜ ਏਕੜ ਜਮੀਨ ਦਾ ਮਾਲਕ ਕਿਸਾਨ ਮਨਜੀਤ ਸਿੰਘ ਕਣਕ ਝੋਨੇ ਦੀ ਬਿਜਾਈ ਦੇ ਨਾਲ ਨਾਲ ਸੱਤ ਤੋਂ 8 ਲੱਖ ਰੁਪਏ ਦਾ ਕਰਜਾਈ ਕਿਸਾਨ ਹੋ ਗਿਆ ਸੀ ਕੋਈ ਬਦਲਵਾਂ ਰਸਤਾ ਨਾ ਦੇਖਦਿਆਂ ਕਿਸਾਨ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਸਲਾਹ ਦੇ ਨਾਲ ਆਪਣੇ ਘਰਵਾਲੀ ਦੀਆਂ ਵਾਲੀਆਂ ਵੇਚ ਕੇ ਇੱਕ ਮਰਲਾ ਜਮੀਨ ਚੋਂ ਗੰਢਿਆਂ ਦੀ ਪਨੀਰੀ ਬੀਜਣੀ ਸ਼ੁਰੂ ਕੀਤੀ।
ਕਣਕ ਤੇ ਝੋਨੇ ਦੇ ਫਸਲੀ ਚੱਕਰ ਵਿੱਚ ਫਸਿਆ:
ਜਿਸ ਤੋਂ ਬਾਅਦ ਇਸ ਕਿਸਾਨ ਨੇ ਮੁੜ ਕੇ ਫਿਰ ਪਿੱਛੇ ਨਹੀਂ ਦੇਖਿਆ ਅੱਜ ਇਹ ਕਿਸਾਨ ਪੰਜ ਏਕੜ ਦੇ ਵਿੱਚ ਸਬਜ਼ੀਆਂ ਦੀ ਪਨੀਰੀ ਉਗਾਉਂਦਾ ਹੈ। ਇਸ ਕਿਸਾਨ ਨੇ ਜਿੱਥੇ ਆਪਣਾ ਕਰਜਾ ਉਤਾਰ ਦਿੱਤਾ। ਉੱਥੇ ਹੀ ਇਹ ਕਿਸਾਨ 25 ਲੱਖ ਰੁਪਏ ਸਲਾਨਾ ਕਮਾਈ ਵੀ ਕਰ ਰਿਹਾ ਹੈ। ਕਿਸਾਨ ਮਨਜੀਤ ਸਿੰਘ ਨੇ ਦੱਸਿਆ ਕਿ 2013 -14 ਦੇ ਵਿੱਚ ਉਹ 7 ਲੱਖ ਰੁਪਏ ਦਾ ਕਰਜਾਈ ਸੀ ਅਤੇ ਕਣਕ ਤੇ ਝੋਨੇ ਦੇ ਫਸਲੀ ਚੱਕਰ ਵਿੱਚ ਫਸਿਆ ਹੋਇਆ ਸੀ। ਜਿਸ ਤੋਂ ਬਾਅਦ ਉਸਨੇ ਆਪਣੇ ਇੱਕ ਮਰਲਾ ਜਮੀਨ ਦੇ ਵਿੱਚ ਗੰਡਿਆਂ ਦੀ ਪਨੀਰੀ ਲਾਉਣੀ ਸ਼ੁਰੂ ਕੀਤੀ। ਚੰਗਾ ਰਿਸਪਾਂਸ ਮਿਲਣ ਦੇ ਚੱਲਦਿਆਂ ਇਸ ਕਿਸਾਨ ਵੱਲੋਂ ਅੱਜ ਆਪਣੇ ਪੰਜ ਏਕੜ ਜਮੀਨ ਦੇ ਵਿੱਚ ਸਬਜ਼ੀਆਂ ਦੀ ਪਨੀਰੀ ਉਗਾਈ ਜਾਂਦੀ ਹੈ।
ਪਨੀਰੀਆਂ ਦੀ ਸਾਂਭ ਸੰਭਾਲ ਦੇ ਲਈ ਪੰਜ ਮਜ਼ਦੂਰਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਗਿਆ:
ਕਿਸਾਨ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲਗਾਈ ਪਨੀਰੀ ਪੰਜਾਬ, ਹਰਿਆਣਾ, ਰਾਜਸਥਾਨ ਤੱਕ ਕਿਸਾਨ ਲੈਣ ਲਈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਅੱਜ ਇੱਕ ਏਕੜ ਚੋਂ ਪੰਜ ਲੱਖ ਰੁਪਏ ਦੇ ਕਰੀਬ ਸਲਾਨਾ ਕਮਾਈ ਕਰਦਾ ਹੈ ਅਤੇ ਖੇਤ ਦੇ ਵਿੱਚ ਜਿੱਥੇ ਖੁਦ ਆਪਣੇ ਪਰਿਵਾਰ ਦੇ ਨਾਲ ਮਿਲਕੇ ਮਿਹਨਤ ਕਰਦਾ ਹੈ। ਉੱਥੇ ਹੀ ਪਨੀਰੀਆਂ ਦੀ ਸਾਂਭ ਸੰਭਾਲ ਦੇ ਲਈ ਪੰਜ ਮਜ਼ਦੂਰਾਂ ਨੂੰ ਵੀ ਇਸ ਕਿਸਾਨ ਵੱਲੋਂ ਪੱਕਾ ਰੁਜ਼ਗਾਰ ਦਿੱਤਾ ਗਿਆ ਹੈ। ਮਨਜੀਤ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਵੀ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਚੋਂ ਨਿਕਲਣ ਕੇ ਬਦਲਵੀਂ ਖੇਤੀ ਅਪਣਾਉਣ ਦੀ ਸਲਾਹ ਦਿੱਤੀ ਹੈ।