ਤਾਮਿਲਨਾਡੂ/ਚੇਂਗਲਪੱਟੂ: ਤਾਮਿਲਨਾਡੂ ਦੇ ਚੇਂਗਲਪੱਟੂ ਜ਼ਿਲ੍ਹੇ ਵਿੱਚ ਇੱਕ ਮੰਦਰ ਦੇ ਦਾਨ ਬਾਕਸ (ਹੁੰਦੀ) ਵਿੱਚ ਅਚਾਨਕ ਇੱਕ ਸ਼ਰਧਾਲੂ ਦਾ ਆਈਫੋਨ ਡਿੱਗ ਗਿਆ। ਜਦੋਂ ਸ਼ਰਧਾਲੂ ਨੇ ਮੰਦਰ ਪ੍ਰਸ਼ਾਸਨ ਨੂੰ ਆਈਫੋਨ ਵਾਪਸ ਲੈਣ ਦੀ ਬੇਨਤੀ ਕੀਤੀ ਤਾਂ ਉਸ ਨੂੰ ਕਿਹਾ ਗਿਆ ਕਿ ਇਹ ਹੁਣ ਭਗਵਾਨ ਦੀ 'ਸੰਪਤੀ' ਹੈ।
ਇਹ ਮਾਮਲਾ ਤਿਰੁਪੁਰਪੁਰ ਦੇ ਸ੍ਰੀ ਕੰਦਾਸਵਾਮੀ ਮੰਦਰ ਨਾਲ ਸਬੰਧਿਤ ਹੈ। ਦੱਸਿਆ ਜਾਂਦਾ ਹੈ ਕਿ ਚੇਨਈ ਦਾ ਰਹਿਣ ਵਾਲਾ ਦਿਨੇਸ਼ 6 ਮਹੀਨੇ ਪਹਿਲਾਂ ਮੰਦਰ 'ਚ ਦਰਸ਼ਨ ਕਰਨ ਆਇਆ ਸੀ। ਇਸ ਦੌਰਾਨ ਦਾਨ ਬਾਕਸ 'ਚ ਪੈਸੇ ਪਾਉਂਦੇ ਸਮੇਂ ਅਚਾਨਕ ਉਸ ਦਾ ਆਈਫੋਨ ਵੀ ਉਸ 'ਚ ਡਿੱਗ ਗਿਆ।
ਜਦੋਂ ਦਿਨੇਸ਼ ਨੇ ਆਪਣਾ ਫ਼ੋਨ ਵਾਪਸ ਲੈਣ ਲਈ ਮੰਦਰ ਦੇ ਅਧਿਕਾਰੀਆਂ ਕੋਲ ਪਹੁੰਚ ਕੀਤੀ ਤਾਂ ਉਸ ਨੂੰ ਬੇਹੱਦ ਅਸਹਿਜ ਸਥਿਤੀ ਦਾ ਸਾਹਮਣਾ ਕਰਨਾ ਪਿਆ। ਦਿਨੇਸ਼ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹੋਏ ਮੰਦਰ ਦੇ ਪ੍ਰਬੰਧਕਾਂ ਨੇ ਕਿਹਾ ਕਿ ਦਾਨ ਬਾਕਸ ਵਿਚ ਪਾਏ ਜਾਣ ਵਾਲੇ ਸਾਰੇ ਚੜ੍ਹਾਵੇ ਪਵਿੱਤਰ ਮੰਨੇ ਜਾਂਦੇ ਹਨ ਅਤੇ ਦੇਵਤੇ (ਰੱਬ) ਦੇ ਨਾਂ 'ਤੇ ਦਿੱਤੇ ਜਾਂਦੇ ਹਨ। ਉਸ ਨੇ ਇਹ ਵੀ ਦਲੀਲ ਦਿੱਤੀ ਕਿ ਪਰੰਪਰਾ ਅਨੁਸਾਰ ਹੁੰਡੀ ਦੋ ਮਹੀਨਿਆਂ ਵਿੱਚ ਇੱਕ ਵਾਰ ਹੀ ਖੋਲ੍ਹੀ ਜਾਂਦੀ ਹੈ। ਦਿਨੇਸ਼ ਨੂੰ ਇਹ ਵੀ ਕਿਹਾ ਗਿਆ ਸੀ ਕਿ ਹੁੰਡੀ ਖੁੱਲ੍ਹਣ 'ਤੇ ਉਹ ਇਸ ਲਈ ਬੇਨਤੀ ਕਰ ਸਕਦਾ ਹੈ।
ਸ਼ੁੱਕਰਵਾਰ 20 ਦਸੰਬਰ ਨੂੰ ਜਦੋਂ ਮੰਦਰ ਦੇ ਅਧਿਕਾਰੀਆਂ ਨੇ ਦਾਨ ਬਾਕਸ ਖੋਲ੍ਹਿਆ ਤਾਂ ਦਿਨੇਸ਼ ਆਪਣਾ ਆਈਫੋਨ ਲੈਣ ਲਈ ਉਥੇ ਪਹੁੰਚ ਗਿਆ ਪਰ ਮੰਦਰ ਪ੍ਰਸ਼ਾਸਨ ਨੇ ਆਪਣਾ ਪੱਖ ਰੱਖਿਆ। ਹਾਲਾਂਕਿ, ਉਨ੍ਹਾਂ ਨੂੰ ਫੋਨ ਤੋਂ ਕਿਸੇ ਵੀ ਮਹੱਤਵਪੂਰਨ ਡੇਟਾ ਤੱਕ ਪਹੁੰਚ ਕਰਨ ਲਈ ਸਿਮ ਕਾਰਡ ਲੈਣ ਦਾ ਵਿਕਲਪ ਦਿੱਤਾ ਗਿਆ।
ਮੰਦਰ ਦੇ ਕਾਰਜਕਾਰੀ ਅਧਿਕਾਰੀ ਦਾ ਬਿਆਨ
ਦਿਨੇਸ਼ ਨੇ ਪਹਿਲਾਂ ਹੀ ਇੱਕ ਨਵਾਂ ਸਿਮ ਕਾਰਡ ਖਰੀਦਿਆ ਹੈ ਅਤੇ ਉਸਨੂੰ ਆਪਣੀ ਡਿਵਾਈਸ ਵਾਪਸ ਕਰਨ ਦਾ ਕੰਮ ਅਧਿਕਾਰੀਆਂ ਉਪਰ ਛੱਡ ਦਿੱਤਾ। ਮੰਦਰ ਦੇ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਸਾਨੂੰ ਇਹ ਸਪੱਸ਼ਟ ਨਹੀਂ ਹੈ ਕਿ ਕੀ ਦਿਨੇਸ਼ ਨੇ ਆਈਫੋਨ ਨੂੰ ਭੇਟ ਵਜੋਂ ਪੇਸ਼ ਕੀਤਾ ਸੀ ਅਤੇ ਬਾਅਦ ਵਿੱਚ ਆਪਣਾ ਮਨ ਬਦਲ ਲਿਆ, ਕਿਉਂਕਿ ਦਾਨ ਬਾਕਸ ਲੋਹੇ ਦਾ ਬਣਿਆ ਹੋਇਆ ਹੈ ਅਤੇ ਚੰਗੀ ਤਰ੍ਹਾਂ ਸੁਰੱਖਿਅਤ ਹੈ।
ਸੋਸ਼ਲ ਮੀਡੀਆ 'ਤੇ ਛਿੜੀ ਗਈ ਬਹਿਸ
ਇਸ ਘਟਨਾ ਨੇ ਸੋਸ਼ਲ ਮੀਡੀਆ 'ਤੇ ਚਰਚਾ ਛੇੜ ਦਿੱਤੀ ਹੈ। ਕੁਝ ਨੇਟਿਜ਼ਨਸ ਨੇ ਪੋਸਟ ਵਿੱਚ ਲਿਖਿਆ, ਆਈਫੋਨ ਆਪਣੀ ਬੈਟਰੀ ਲਾਈਫ ਜਾਂ ਕੈਮਰੇ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਰੱਬ ਦੇ ਦਖਲ ਦੀ ਮੰਗ ਕਰ ਰਿਹਾ ਹੋਵੇਗਾ। ਦੂਜਿਆਂ ਨੇ ਇਸ ਦਾਰਸ਼ਨਿਕ ਸਵਾਲ 'ਤੇ ਵਿਚਾਰ ਕੀਤਾ ਹੈ ਕਿ ਕੀ ਤਕਨਾਲੋਜੀ ਨੂੰ ਸੱਚਮੁੱਚ ਇੱਕ ਪਵਿੱਤਰ ਭੇਟ ਮੰਨਿਆ ਜਾ ਸਕਦਾ ਹੈ।