ਹੁਸ਼ਿਆਰਪੁਰ:ਸਾਲ 2023 'ਚ ਦਿਵਾਲੀ ਦੀ ਇੱਕ ਰਾਤ ਪਹਿਲਾਂ ਜਿਸ ਪਰਿਵਾਰ ਦੇ ਨੌਜਵਾਨ ਪੁੱਤ ਦੀ ਮੌਤ ਹੋ ਜਾਏ ਅਤੇ ਪਰਿਵਾਰ ਨੂੰ ਕਈ ਮਹੀਨੇ ਬਾਅਦ ਵੀ ਇਨਸਾਫ ਨਾ ਮਿਲੇ ਤਾਂ ਪਰਿਵਾਰ 'ਤੇ ਕੀ ਬੀਤਦੀ ਹੈ, ਇਹ ਤਾਂ ਉਹ ਪਰਿਵਾਰ ਹੀ ਜਾਣਦਾ ਹੈ, ਜੋ ਅੱਜ ਤੱਕ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ ਕਿ ਪੁੱਤ ਦੀ ਮੌਤ ਦਾ ਪਤਾ ਲਗਾਇਆ ਜਾਵ ਅਤੇ ਇਨਸਾਫ ਦਿੱਤਾ ਜਾਵੇ। ਮਾਮਲਾ ਹੁਸ਼ਿਆਰਪੁਰ ਦਾ ਹੈ, ਜਿੱਥੇ ਪਿਛਲੇ ਸਾਲ ਦਿਵਾਲੀ ਤੋਂ ਇਕ ਰਾਤ ਪਹਿਲਾਂ ਨੌਜਵਾਨ ਦੀ ਨਹਿਰ 'ਚ ਤੈਰਦੀ ਹੋਈ ਲਾਸ਼ ਮਿਲੀ ਸੀ। ਇਸ ਮਾਮਲੇ ਤੋਂ ਬਾਅਦ ਪਰਿਵਾਰ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਜਿਸ ਤਹਿਤ ਪਰਿਵਾਰ ਨੇ ਪਰੈਸ ਕਾਨਫਰੰਸ ਕਰਕੇ ਪੁਲਿਸ ਉਤੇ ਗੰਭੀਰ ਇਲਜ਼ਾਮ ਲਾਏ ਹਨ।
ਪੁਲਿਸ ਮੁਲਜ਼ਮਾਂ ਨਾਲ ਰਾਜ਼ੀਨਾਮੇ ਲਈ ਪਾ ਰਹੀ ਜ਼ੋਰ: ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਥਾਣਾ ਤਲਵਾੜਾ ਦੀ ਪੁਲਿਸ ਕੋਲ ਚੱਕਰ ਕੱਟ ਰਹੇ ਨੇ, ਪਰ ਪੁਲਿਸ ਵੱਲੋਂ ਪਰਿਵਾਰ ਨੂੰ ਇਨਸਾਫ ਦੇਣ ਦੀ ਬਜਾਏ ਰਾਜ਼ੀਨਾਮੇ ਲਈ ਜ਼ੋਰ ਪਾਇਆ ਜਾ ਰਿਹਾ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਹੁਸ਼ਿਆਰਪੁਰ ਦੇ ਥਾਣਾ ਤਲਵਾੜਾ ਅਧੀਨ ਆਉਂਦੇ ਪਿੰਡ ਸੱਥਵਾਂ ਦੇ ਰਹਿਣ ਵਾਲੇ ਮਦਨ ਲਾਲ ਨੇ ਦੱਸਿਆ ਕਿ ਬੀਤੇ ਵਰ੍ਹੇ ਦੀ ਦੀਵਾਲੀ ਵਾਲੀ ਰਾਤ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਦੇ 26 ਸਾਲਾ ਪੁੱਤ ਅੰਕੁਸ਼ ਰਾਣਾ ਦੀ ਹਾਈਡਲ ਨਹਿਰ ਤਲਵਾੜਾ ਚੋਂ ਲਾਸ਼ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਗਈ ਸੀ, ਜਦਕਿ ਉਨ੍ਹਾਂ ਵੱਲੋਂ ਪੁਲਿਸ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਪੁੱਤ ਦਾ ਉਸ ਦੇ ਸਾਥੀ ਕਰਮੀਆਂ ਵੱਲੋਂ ਹੀ ਕਤਲ ਕਰਕੇ ਨਹਿਰ 'ਚ ਸੁੱਟਿਆ ਗਿਆ ਹੈ।