ਚੰਡੀਗੜ੍ਹ:ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਫਾਰ ਗਰਲਜ਼, ਐਸ.ਏ.ਐਸ.ਨਗਰ (ਮੋਹਾਲੀ) ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦੀ ਸੂਚੀ ਵਿੱਚ ਅੱਜ ਇੱਕ ਹੋਰ ਨਾਮ ਦਰਜ ਹੋ ਗਿਆ ਹੈ। ਇਸ ਸੰਸਥਾ ਦੀ ਸਾਬਕਾ ਕੈਡਿਟ ਪੱਲਵੀ ਰਾਜਪੂਤ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਨਿਯੁਕਤ ਹੋਈ ਹੈ। ਚੇਨਈ ਸਥਿਤ ਆਫ਼ਿਸਰਜ਼ ਟਰੇਨਿੰਗ ਅਕੈਡਮੀ ਵਿੱਚੋਂ ਸਫ਼ਲਤਾਪੂਰਵਕ ਸਿਖਲਾਈ ਮੁਕੰਮਲ ਕਰਨ ਉਪਰੰਤ ਸ਼ਨਿੱਚਰਵਾਰ ਨੂੰ ਪੱਲਵੀ ਨੇ ਪਾਸਿੰਗ ਆਊਟ ਪਰੇਡ ਵਿੱਚ ਹਿੱਸਾ ਲਿਆ। ਇਸ ਪਰੇਡ ਦਾ ਨਿਰੀਖਣ ਵਾਈਸ ਚੀਫ਼ ਆਫ਼ ਆਰਮੀ ਸਟਾਫ਼ ਲੈਫਟੀਨੈਂਟ ਜਨਰਲ ਐਨ.ਐਸ. ਰਾਜਾ ਸੁਬਰਾਮਣੀ (ਪੀ.ਵੀ.ਐਸ.ਐਮ., ਏ.ਵੀ.ਐਸ.ਐਮ., ਐਸ.ਐਮ., ਵੀ.ਐਸ.ਐਮ.) ਨੇ ਕੀਤਾ।
ਕਿਸਾਨ ਦੀ ਧੀ ਹੈ ਪੱਲਵੀ
ਆਰਟਿਲਰੀ ਰੈਜੀਮੈਂਟ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਨਿਯੁਕਤ ਹੋਈ ਲੈਫਟੀਨੈਂਟ ਪੱਲਵੀ ਰਾਜਪੂਤ ਪਠਾਨਕੋਟ ਜ਼ਿਲ੍ਹੇ ਦੇ ਕਿਸਾਨ ਰਵਿੰਦਰ ਸਿੰਘ ਦੀ ਧੀ ਹੈ। ਲੈਫਟੀਨੈਂਟ ਪੱਲਵੀ ਰਾਜਪੂਤ ਨੂੰ ਉਸ ਦੀ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੱਲਵੀ ਦੀ ਸਫ਼ਲਤਾ ਪੰਜਾਬ ਦੀਆਂ ਹੋਰ ਧੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ (Mai Bhago Armed Forces Preparatory Institute) ਪੰਜਾਬ ਸਰਕਾਰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਵਜੋਂ ਸੇਵਾ ਨਿਭਾਉਣ ਦੀਆਂ ਚਾਹਵਾਨ ਸੂਬੇ ਦੀਆਂ ਧੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ। ਇਸ ਦਿਸ਼ਾ ਵਿੱਚ ਕਦਮ ਉਠਾਉਂਦਿਆਂ ਪੰਜਾਬ ਸਰਕਾਰ ਨੇ ਮਾਈ ਭਾਗੋ ਏ.ਐਫ.ਪੀ.ਆਈ. ਵਿੱਚ ਮੌਜੂਦ ਗ੍ਰੈਜੂਏਟ ਵਿੰਗ ਤੋਂ ਇਲਾਵਾ ਜੁਲਾਈ 2023 ਵਿੱਚ ਕੁੜੀਆਂ ਲਈ ਇੱਕ ਐਨ.ਡੀ.ਏ. ਪ੍ਰੈਪਰੇਟਰੀ ਵਿੰਗ ਦੀ ਸਥਾਪਨਾ ਵੀ ਕੀਤੀ ਹੈ।