ਅੰਮ੍ਰਿਤਸਰ :ਲੋਕ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਦੇਰ ਰਾਤ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਆਪਣੇ ਉਮੀਦਵਾਰਾਂ ਦੇ ਲਿਸਟ ਜਾਰੀ ਕਰਦੇ ਹੋਏ ਪੰਜਾਬ ਦੇ ਵਿੱਚ ਛੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ।
ਕਾਂਗਰਸ ਵੱਲੋਂ ਜਾਰੀ ਕੀਤੀ ਗਈ ਇਸ ਲਿਸਟ ਦੇ ਵਿੱਚ ਦੋ ਮੌਜੂਦਾ ਐਮਪੀ ਹਨ। ਜਿਨਾਂ ਨੂੰ ਕਾਂਗਰਸ ਵੱਲੋਂ ਮੁੜ ਤੋਂ ਭਰੋਸਾ ਪ੍ਰਗਟਾਉਂਦੇ ਹੋਏ ਟਿਕਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਲਗਾਤਾਰ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਗੁਰਜੀਤ ਸਿੰਘ ਔਜਲਾ ਦੇ ਉੱਤੇ ਤੀਜੀ ਵਾਰ ਭਰੋਸਾ ਜਤਾਉਂਦੇ ਹੋਏ, ਉਨ੍ਹਾਂ ਨੂੰ ਟਿਕਟ ਦਿੱਤੀ ਗਈ ਹੈ।
ਜਿਸ ਤੋਂ ਬਾਅਦ ਹੁਣ ਤੀਜੀ ਵਾਰ ਕਾਂਗਰਸ ਵੱਲੋਂ ਟਿਕਟ ਮਿਲਣ ਦੇ ਉੱਤੇ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਦੇ ਘਰ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸਮੱਰਥਕਾਂ ਵੱਲੋਂ ਪਰਿਵਾਰਿਕ ਮੈਂਬਰਾਂ ਦਾ ਮੂੰਹ ਮਿੱਠਾ ਕਰਵਾਉਣ ਤੋਂ ਇਲਾਵਾ ਪਟਾਕੇ ਚਲਾ ਕੇ ਢੋਲ ਦੇ ਡੱਗੇ ਦੇ ਉੱਤੇ ਭੰਗੜੇ ਪਾਏ ਜਾ ਰਹੇ ਹਨ।
ਜਿੱਤ ਹਾਸਿਲ ਕਰਨ ਵਾਸਤੇ ਅੱਡੀ-ਚੋਟੀ ਦਾ ਜ਼ੋਰ ਲਗਾਉਣਾ : ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਔਜਲਾ ਦੇ ਪਰਿਵਾਰਿਕ ਮੈਂਬਰ ਅਤੇ ਅੰਮ੍ਰਿਤਸਰ ਦੇ ਸਾਬਕਾ ਵਿਧਾਇਕ ਸੁਨੀਲ ਕੁਮਾਰ ਦੱਤੀ ਨੇ ਕਿਹਾ ਕਿ ਅਸੀਂ ਗੁਰਜੀਤ ਸਿੰਘ ਔਜਲਾ ਦੀ ਟਿਕਟ ਦਾ ਹੀ ਇੰਤਜ਼ਾਰ ਕਰ ਰਹੇ ਸੀ। ਕਿਉਂਕਿ ਅਸੀਂ ਚਾਹੁੰਦੇ ਸੀ ਕਿ ਗੁਰਜੀਤ ਸਿੰਘ ਔਜਲਾ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਅਤੇ ਜਿੱਤ ਹਾਸਿਲ ਕਰਨ। ਸੁਨੀਲ ਕੁਮਾਰ ਦੱਤੀ ਨੇ ਕਿਹਾ ਕਿ ਗੁਰਜੀਤ ਸਿੰਘ ਔਜਲਾ ਦਾ ਮੁਕਾਬਲਾ ਤਾਂ ਕਿਸੇ ਦੇ ਨਾਲ ਵੀ ਨਹੀਂ ਹੈ ਲੇਕਿਨ ਸਾਨੂੰ ਜਿੱਤ ਹਾਸਿਲ ਕਰਨ ਵਾਸਤੇ ਅੱਡੀ-ਚੋਟੀ ਦਾ ਜ਼ੋਰ ਲਗਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਉਮੀਦਵਾਰ ਨੂੰ ਘੱਟ ਨਹੀਂ, ਪਰ ਗੁਰਜੀਤ ਸਿੰਘ ਔਜਲਾ ਵੱਲੋਂ ਸੱਤ ਸਾਲ ਵਿੱਚ ਅੰਮ੍ਰਿਤਸਰ ਦੇ ਲੋਕਾਂ ਦੀ ਆਵਾਜ਼ ਸੰਸਦ ਵਿੱਚ ਚੁੱਕੀ ਗਈ ਹੈ। ਉਸ ਦਾ ਵੀ ਉਹ ਸਮੱਰਥਨ ਕਰਦੇ ਹਨ। ਕਿਸੇ ਵੀ ਸੰਸਦ ਮੈਂਬਰ ਵੱਲੋਂ ਇੰਨੀ ਬੇਬਾਕੀ ਦੇ ਨਾਲ ਸੰਸਦ ਭਵਨ ਦੇ ਵਿੱਚ ਆਵਾਜ਼ ਨਹੀਂ ਚੁੱਕੀ ਗਈ ਸੀ।
ਗੁਰਜੀਤ ਸਿੰਘ ਔਜਲਾ ਹਮੇਸ਼ਾ ਹੀ ਲੋਕਾਂ ਦੇ ਵਿਚਕਾਰ ਰਹੇ ਹਨ: ਉੱਥੇ ਹੀ ਦੂਸਰੇ ਪਾਸੇ ਇਮਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਅਤੇ ਗੁਰਜੀਤ ਸਿੰਘ ਔਜਲਾ ਦੇ ਬੇਟੇ ਵੱਲੋਂ ਵੀ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਸਿਰਫ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਗੁਰਜੀਤ ਸਿੰਘ ਔਜਲਾ ਦੀ ਟਿਕਟ ਕੰਨਫਰਮ ਹੋਵੇ ਤਾਂ ਅਸੀਂ ਚੋਣ ਮੁਹਿੰਮ ਸ਼ੁਰੂ ਕਰੀਏ। ਉਨ੍ਹਾਂ ਕਿਹਾ ਕਿ ਗੁਰਜੀਤ ਸਿੰਘ ਔਜਲਾ ਦਾ ਮੁਕਾਬਲਾ ਕਿਸੇ ਵੀ ਕੈਂਡੀਡੇਟ ਨਾਲ ਨਹੀਂ ਹੈ, ਕਿਉਂਕਿ ਜੋ ਕੈਂਡੀਡੇਟ ਅੰਮ੍ਰਿਤਸਰ ਵਿੱਚ ਉਤਾਰੇ ਗਏ ਹਨ। ਉਨ੍ਹਾਂ ਵਿੱਚ ਕਈ ਕੈਂਡੀਡੇਟ ਤਾਂ ਅੰਮ੍ਰਿਤਸਰ ਪਹੁੰਚੇ ਹੀ ਨਹੀਂ ਸਨ। ਲੇਕਿਨ ਗੁਰਜੀਤ ਸਿੰਘ ਔਜਲਾ ਹਮੇਸ਼ਾ ਹੀ ਲੋਕਾਂ ਦੇ ਵਿਚਕਾਰ ਰਹੇ ਹਨ। ਉੱਥੇ ਹੀ ਗੁਰਜੀਤ ਸਿੰਘ ਔਜਲਾ ਦੇ ਬੇਟੇ ਨੇ ਬੋਲਦੇ ਹੋਏ ਕਿਹਾ ਕਿ ਅਸੀਂ ਲੋਕਾਂ ਦੇ ਨਾਲ ਸੱਤ ਸਾਲ ਤੋਂ ਲਗਾਤਾਰ ਹੀ ਵਿਚਰਦੇ ਹੋਏ ਆਏ ਹਾਂ। ਉਨ੍ਹਾਂ ਕਿਹਾ ਕਿ ਜੋ ਲੋਕ ਗੁਰਜੀਤ ਸਿੰਘ ਔਜਲਾ ਨੂੰ ਨਹੀਂ ਪਹਿਚਾਣਦੇ ਸਨ, ਹੁਣ ਅਸੀਂ ਉਨ੍ਹਾਂ ਨੂੰ ਦੱਸਾਂਗੇ ਕਿ ਗੁਰਜੀਤ ਸਿੰਘ ਔਜਲਾ ਕੌਣ ਹੈ।