ਕਬਾੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ (ETV BHARAT) ਖੰਨਾ:ਖੰਨਾ ਦੇ ਪਾਇਲ ਇਲਾਕੇ 'ਚ ਕਬਾੜ ਦੇ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਇਹ ਅੱਗ ਰਾਤ ਕਰੀਬ 1:30 ਵਜੇ ਲੱਗੀ। ਜਿਸ ਤੋਂ ਬਾਅਦ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਪਹਿਲਾਂ ਦੋਰਾਹਾ ਤੋਂ ਤੁਰੰਤ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾਇਆ ਗਿਆ। ਅੱਗ ਦੇ ਭਿਆਨਕ ਰੂਪ ਨੂੰ ਦੇਖਦੇ ਹੋਏ ਖੰਨਾ ਤੋਂ ਵੀ ਗੱਡੀਆਂ ਮੰਗਵਾਈਆਂ ਗਈਆਂ। ਸਵੇਰੇ ਕਰੀਬ 10.30 ਵਜੇ ਅੱਗ 'ਤੇ ਕਾਬੂ ਪਾਇਆ ਗਿਆ।
ਗੱਡੀਆਂ 'ਚ ਕਬਾੜ ਲੋਡ ਕਰ ਰਹੇ ਸਨ:ਫਾਇਰਮੈਨ ਸੁਖਦੀਪ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਗੋਦਾਮ ਵਿੱਚੋਂ ਗੱਡੀਆਂ ਕਬਾੜ ਨਾਲ ਲੋਡ ਕੀਤੀਆਂ ਜਾ ਰਹੀਆਂ ਸਨ। ਕਬਾੜ ਦੋ ਗੱਡੀਆਂ ਵਿੱਚ ਲੱਦਿਆ ਹੋਇਆ ਸੀ। ਤੀਜੀ ਗੱਡੀ ਸਵੇਰੇ ਭੇਜੀ ਜਾਣੀ ਸੀ। ਇਸ ਦੌਰਾਨ ਗੋਦਾਮ ਵਿੱਚ ਅੱਗ ਲੱਗ ਗਈ। ਇਸ ਤੋਂ ਪਹਿਲਾਂ ਗੋਦਾਮ ਮਾਲਕ ਆਪਣੇ ਮੁਲਾਜ਼ਮਾਂ ਸਮੇਤ ਸਥਿਤੀ ਨੂੰ ਕਾਬੂ ਕਰਨ ਵਿੱਚ ਲੱਗੇ ਰਹੇ। ਜਦੋਂ ਅੱਗ ਨਾ ਬੁਝੀ ਤਾਂ ਫਾਇਰ ਬ੍ਰਿਗੇਡ ਦੇ ਨੰਬਰ 'ਤੇ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪਹੁੰਚੇ।
ਪਾਣੀ ਭਰਨ ਵਿੱਚ ਆਈ ਸਮੱਸਿਆ: ਫਾਇਰਮੈਨ ਸੁਖਦੀਪ ਸਿੰਘ ਨੇ ਦੱਸਿਆ ਕਿ 3 ਗੱਡੀਆਂ ਖੰਨਾ ਤੋਂ ਅਤੇ ਇਕ ਦੋਰਾਹਾ ਤੋਂ ਆਈਆਂ ਸਨ। 4 ਗੱਡੀਆਂ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਇਸ ਦੌਰਾਨ 8 ਤੋਂ 9 ਪਾਣੀ ਦੀਆਂ ਗੱਡੀਆਂ ਲੱਗੀਆਂ। ਨੇੜੇ ਪਾਣੀ ਭਰਨ ਦੀ ਕੋਈ ਸਹੂਲਤ ਨਾ ਹੋਣ ਕਾਰਨ ਉਨ੍ਹਾਂ ਨੂੰ ਪਾਣੀ ਭਰਨ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ 9 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਅੱਗ ਨੂੰ ਰਿਹਾਇਸ਼ੀ ਇਲਾਕੇ ਤੱਕ ਪਹੁੰਚਣ ਤੋਂ ਰੋਕਿਆ ਗਿਆ। ਇਸ ਨਾਲ ਵੱਡਾ ਬਚਾਅ ਰਿਹਾ।
ਫਾਇਰ ਅਫ਼ਸਰ ਡਿਊਟੀ ਤੋਂ ਗਾਇਬ: ਫਾਇਰ ਅਫ਼ਸਰ ਦਮਨਦੀਪ ਸਿੰਘ ਦੀ ਰਾਤ 12 ਵਜੇ ਤੋਂ ਸਵੇਰੇ 8 ਵਜੇ ਤੱਕ ਖੰਨਾ ਫਾਇਰ ਸਟੇਸ਼ਨ 'ਤੇ ਡਿਊਟੀ ਸੀ। ਅੱਗ ਲੱਗਣ ਦੀ ਸੂਰਤ ਵਿੱਚ ਫਾਇਰ ਅਫ਼ਸਰ ਦਾ ਮੌਕੇ ’ਤੇ ਜਾਣਾ ਵੀ ਜ਼ਰੂਰੀ ਹੁੰਦਾ ਹੈ, ਪਰ ਫਾਇਰ ਅਫਸਰ ਡਿਊਟੀ ਤੋਂ ਗੈਰ-ਹਾਜ਼ਰ ਰਿਹਾ। ਜਦੋਂ ਇਸ ਸਬੰਧੀ ਫਾਇਰਮੈਨ ਸੁਖਦੀਪ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਤਾਂ ਫਾਇਰ ਅਫ਼ਸਰ ਹੀ ਦੱਸ ਸਕਦੇ ਹਨ। ਫਾਇਰ ਅਫਸਰ ਦਮਨਦੀਪ ਨੇ ਕਿਹਾ ਕਿ ਉਹ ਤੀਸਰੀ ਗੱਡੀ ਨਾਲ ਮੌਕੇ ’ਤੇ ਗਏ ਸਨ। ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ (ਈਓ) ਚਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਪਤਾ ਲੱਗਾ ਹੈ ਤੇ ਉਹ ਫਾਇਰ ਅਫਸਰ ਤੋਂ ਲਿਖਤੀ ਜਵਾਬ ਮੰਗਣਗੇ।