ਤਰਨ ਤਾਰਨ:ਅਕਸਰ ਕਿਹਾ ਜਾਂਦਾ ਹੈ ਕਿ ਦੋ ਧੜਿਆਂ ਦੀ ਲੜਾਈ 'ਚ ਕਿਸੇ ਤੀਜੇ ਨੂੰ ਨਹੀਂ ਆਉਣਾ ਚਾਹੀਦਾ, ਇਸ ਨਾਲ ਤੀਜੀ ਧਿਰ ਦਾ ਹੀ ਨੁਕਸਾਨ ਹੁੰਦਾ ਹੈ। ਇੱਕ ਅਜਿਹਾ ਹੀ ਮਾਮਲਾ ਤਰਨਤਾਰਨ ਦੇ ਪਿੰਡ ਰੂੜੀਵਾਲਾ ਤੋਂ ਸਾਹਮਣੇ ਆਇਆ ਜਿੱਥੇ ਭੂਆ ਅਤੇ ਭਤੀਜਿਆਂ ਵਿੱਚ 4 ਏਕੜ ਜ਼ਮੀਨ ਦੇ ਚੱਲ ਰਹੇ ਵਿਵਾਦ ਵਿੱਚ ਕਿਸਾਨ ਜਥੇਬੰਦੀਆਂ ਨੂੰ ਦਖ਼ਲ ਅੰਦਾਜ਼ੀ ਕਰਨੀ ਮਹਿੰਗੀ ਪੈ ਗਈ। ਮਹਿੰਗੀ ਵੀ ਇੰਝ ਪਈ ਕਿ ਟਰੈਕਟਰ ਲੈ ਕੇ ਜ਼ਮੀਨ ਵਹਾਉਣ ਗਏ ਕਿਸਾਨ ਅਤੇ ਪਿੰਡ ਵਾਸੀ ਆਹਮੋ ਸਾਹਮਣੇ ਹੋ ਗਏ। ਝਗੜਾ ਇੰਨ੍ਹਾਂ ਵੱਧ ਗਿਆ ਕਿ ਆਪਸ ਵਿੱਚ ਡਾਂਗਾਂ ਸੋਟੇ ਚੱਲਣੇ ਸ਼ੁਰੂ ਹੋ ਗਏ। ਜ਼ਮੀਨ ਵਾਹੁਣ ਆਏ ਲੋਕ ਆਪਣੇ ਟਰੈਕਟਰ ਲੈ ਕੇ ਉੱਥੋਂ ਭੱਜਣ ਸਮੇਂ ਕਈ ਲੋਕ ਟਰੈਕਟਰ ਥੱਲੇ ਆਉਂਦੇ ਆਉਂਦੇ ਬਚੇ।ਇਸ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਕਿਸਾਨਾਂ ਨੂੰ ਮਹਿੰਗੀ ਪੈ ਗਈ ਲਾਣੇਦਾਰੀ ਕਰਨੀ (ETV Bharat) ਜ਼ਮੀਨ ਦਾ ਝਗੜਾ
ਝਗੜੇ ਵਾਲੀ ਜ਼ਮੀਨ ਨਾਲ ਸਬੰਧਤ ਪਰਿਵਾਰ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਪਿੰਡ ਬਲਵੰਤ ਸਿੰਘ ਅਤੇ ਭਗਵੰਤ ਸਿੰਘ ਜੋ ਕਿ ਸਕੇ ਭਰਾ ਨੇ ਉਨ੍ਹਾਂ ਦਾ ਜ਼ਮੀਨ ਨੂੰ ਲੈ ਕੇ ਵਿਵਾਦ ਆਪਣੀ ਭੂਆ ਬਲਵੀਰ ਕੌਰ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਪਰਿਵਾਰ ਦੀ 12 ਏਕੜ ਜ਼ਮੀਨ ਹੈ। ਉਕਤ ਜ਼ਮੀਨ ਦੋ ਵੱਖ ਵੱਖ ਥਾਵਾਂ ਉੱਤੇ ਮੌਜੂਦ ਹੈ। ਜਦਕਿ ਭੂਆ ਬਲਵੀਰ ਕੌਰ ਜਿਸ ਦਾ ਵਿਆਹ ਨਹੀਂ ਹੋਇਆ ਉਸ ਦੇ ਹਿੱਸੇ ਚਾਰ ਏਕੜ ਜ਼ਮੀਨ ਆਂਉਦੀ ਹੈ।
ਬਲਵੀਰ ਕੌਰ ਸ਼ੁਰੂ ਤੋਂ ਪਿੰਡ ਦੇ ਨੇੜੇ ਪੈਂਦੀ ਜ਼ਮੀਨ ਵਿੱਚੋਂ 2 ਏਕੜ ਅਤੇ ਦੂਸਰੇ ਰਕਬੇ ਵਿੱਚੋਂ 2 ਏਕੜ ਜ਼ਮੀਨ ਵਹਾਉਂਦੀ ਆ ਰਹੀ ਸੀ ਪਰ ਹੁਣ ਉਹ ਉਨ੍ਹਾਂ ਦੇ ਹਿੱਸੇ ਆਉਂਦੀ ਜ਼ਮੀਨ 'ਤੇ ਵੀ ਕਬਜ਼ਾ ਕਰਨਾ ਚਾਹੁੰਦੀ ਹੈ। ਜਿਸ ਤੋਂ ਬਾਅਦ ਪਿੰਡ ਅਤੇ ਪੰਚਾਇਤ ਨੇ ਕਿਹਾ ਜਿਸ ਤਰ੍ਹਾਂ ਜ਼ਮੀਨ 'ਤੇ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ, ਉਸੇ ਤਰ੍ਹਾਂ ਚੱਲਿਆ ਜਾਵੇ ਪਰ ਭੂਆਂ ਬਲਵੀਰ ਆਪਣੇ ਭਤੀਜਿਆਂ ਨੂੰ ਜ਼ਮੀਨ ਵਿੱਚ ਵੜਨ ਤੋਂ ਰੋਕਦੀ ਸੀ। ਬੀਤੇ ਦਿਨ ਕਿਸਾਨ ਯੂਨੀਅਨ ਨਾਲ ਸਬੰਧਿਤ ਲੋਕਾਂ ਵੱਲੋਂ ਧੱਕੇ ਨਾਲ ਟਰੈਕਟਰ ਲਿਆ ਕੇ ਬਲਵੰਤ ਸਿੰਘ ਅਤੇ ਭਗਵੰਤ ਸਿੰਘ ਦੀ ਜ਼ਮੀਨ ਨੂੰ ਵਹਾਉਣਾ ਸ਼ੁਰੂ ਕਰ ਦਿੱਤਾ। ਜਦੋਂ ਬਲਵੰਤ ਸਿੰਘ ਅਤੇ ਭਗਵੰਤ ਸਿੰਘ ਵੱਲੋਂ ਜ਼ਮੀਨ ਵਹਾਉਣ ਤੋਂ ਰੋਕਿਆ ਗਿਆ ਤਾਂ ਉਕਤ ਲੋਕਾਂ ਵੱਲੋਂ ਡਾਂਗਾਂ ਸੋਟਿਆਂ ਨਾਲ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।
ਕਿਸਾਨ ਯੂਨੀਅਨ ਦੀ ਨਹੀਂ ਚੱਲੀ
ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਵੱਡੀ ਗਿਣਤੀ ਵਿੱਚ ਪਿੰਡ ਵਾਲੇ ਇੱਕਠੇ ਹੋ ਗਏ। ਜਿਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਡਾਂਗਾਂ ਸੋਟੇ ਚੱਲੇ ਪਿੰਡ ਵਾਸੀਆਂ ਦਾ ਇੱਕਠ ਵੇਖਦਿਆਂ ਕਿਸਾਨ ਯੂਨੀਅਨ ਨਾਲ ਸਬੰਧਤ ਲੋਕ ਟਰੈਕਟਰ ਲੈ ਕੇ ਉੱਥੋਂ ਭੱਜ ਨਿਕਲੇ। ਪਿੰਡ ਦੇ ਸਰਪੰਚ ਨੇ ਕਿਹਾ ਕਿ ਕਿਸਾਨ ਯੂਨੀਅਨ ਵਾਲੇ ਸਰਕਾਰ ਨਾਲ ਲੜਾਈ ਲੜਨ।
ਕਿਸਾਨਾਂ ਨੂੰ ਮਹਿੰਗੀ ਪੈ ਗਈ ਲਾਣੇਦਾਰੀ ਕਰਨੀ (ETV Bharat) ਮਾਮਲਾ ਦਰਜ
ਉੱਧਰ ਜਦੋਂ ਇਸ ਸਬੰਧ ਵਿੱਚ ਡੀ ਐਸ ਪੀ ਗੋਇੰਦਵਾਲ ਸਾਹਿਬ ਅਤੁੱਲ ਸੋਨੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕਿਸਾਨ ਯੂਨੀਅਨ ਅਤੇ ਬਲਵੀਰ ਕੌਰ ਉਕਤ ਮਾਮਲੇ ਨੂੰ ਕਾਨੂੰਨੀ ਤਰੀਕੇ ਨਾਲ ਸੁਲਝਾਉਣ ਲਈ ਕਿਹਾ ਗਿਆ ਸੀ। ਪ੍ਰਸ਼ਾਸਨ ਨਾਲ ਚੱਲਦੀ ਗੱਲਬਾਤ ਦੌਰਾਨ ਹੀ ਕਿਸਾਨ ਯੂਨੀਅਨ ਦੇ ਲੋਕਾਂ ਵੱਲੋਂ ਜ਼ਮੀਨ ਨੂੰ ਵਹਾਅ ਦਿੱਤਾ ਗਿਆ, ਜਿਸ ਦੇ ਸਬੰਧ ਵਿੱਚ ਪੁਲਿਸ ਨੇ ਅਣਪਛਾਤੇ ਲੋਕਾਂ ਸਮੇਤ ਕਿਸਾਨ ਆਗੂਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।