ਪੰਜਾਬ

punjab

ETV Bharat / state

ਸੁਨੀਲ ਜਾਖੜ ਨੇ ਮਾਨ ਸਰਕਾਰ ਨੂੰ ਸੁਣਾਈਆਂ ਖਰੀਆਂ, ਕਾਂਗਰਸ ਨੂੰ ਲੈਕੇ ਵੀ ਆਖੀ ਇਹ ਗੱਲ - ਅੰਤਰਿਮ ਬਜਟ 2024

Jakhar Targeted CM Mann and Kejriwal: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਪੰਜਾਬ ਸਰਕਾਰ 'ਤੇ ਨਿਸ਼ਾਨੇ ਸਾਧੇ ਗਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਿਰ ਤੇਜ਼ੀ ਨਾਲ ਕਰਜ਼ਾ ਚੜ੍ਹ ਰਿਹਾ, ਜਿਸ ਦਾ ਸਿੱਟਾਂ ਲੋਕਾਂ ਨੂੰ ਕਈ ਸਾਲ ਭੁਗਤਣਾ ਪਵੇਗਾ।

ਸੁਨੀਲ ਜਾਖੜ
ਸੁਨੀਲ ਜਾਖੜ

By ETV Bharat Punjabi Team

Published : Feb 1, 2024, 10:25 PM IST

ਸੁਨੀਲ ਜਾਖੜ ਮੀਡੀਆ ਨੂੰ ਸੰਬੋਧਨ ਕਰਦੇ ਹੋਏ

ਚੰਡੀਗੜ੍ਹ: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਜਲਾਲਾਬਾਦ ਖੇਤਰ ਦੇ ਵਾਈਸ ਚੇਅਰਮੈਨ ਅਤੇ ਫਾਜ਼ਲਿਕਾ ਜ਼ਿਲ੍ਹਾ ਪ੍ਰੀਸ਼ਦ ਦੇ ਸਰਪੰਚ ਤੇ ਹੋਰ ਕਈ ਲੋਕ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਵਿੱਚ ਫਰੀਦਕੋਟ ਤੋਂ ਵੀ ਕੁਝ ਲੋਕਾਂ ਨੇ ਭਾਜਪਾ ਦਾ ਪੱਲਾ ਫੜਿਆ ਹੈ। ਜਾਖੜ ਨੇ ਕਿਹਾ ਕਿ ਪੰਜਾਬ ਦੇ ਹਾਲਾਤਾਂ ਨੂੰ ਦੇਖਦਿਆਂ ਜਿੱਥੇ ਪੰਜਾਬ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਇੰਨ੍ਹਾਂ ਨੇ ਦੇਖਿਆ, ਜਿਸ ਕਾਰਨ ਇਹ ਲੋਕ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਨ ਲਈ ਸਾਡੇ ਨਾਲ ਆਏ ਹਨ।

ਦੇਸ਼ ਦੇ ਭਵਿੱਖ ਲਈ ਪੇਸ਼ ਕੀਤਾ ਬਜਟ: ਕੇਂਦਰੀ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਅੰਤਰਿਮ ਬਜਟ ਬਾਰੇ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਇਹ ਦੇਖਣਾ ਚਾਹੀਦਾ ਹੈ ਕਿ ਇਹ ਬਜਟ ਦੇਸ਼ ਲਈ ਹੈ ਨਾ ਕਿ ਵੋਟਾਂ ਲਈ ਹੈ। ਜਿਸ ਵਿੱਚ ਚੋਣਾਂ ਤੋਂ ਪਹਿਲਾਂ ਇਹ ਬਜਟ ਹਮੇਸ਼ਾ ਰਿਓੜੀਆਂ ਵਾਲਾ ਹੁੰਦਾ ਹੈ ਕਿਉਂਕਿ ਇਸ ਵਿੱਚ ਜਦੋਂ ਸਰਕਾਰ ਕੋਈ ਕੰਮ ਨਹੀਂ ਕਰਦੀ ਤਾਂ ਉਸ ਕੋਲ ਲਾਲਚ ਦੇਣ ਦਾ ਇਹ ਹੀ ਇੱਕ ਰਸਤਾ ਹੁੰਦਾ ਹੈ। ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਇਹ ਬਜਟ ਪੇਸ਼ ਕੀਤਾ ਗਿਆ ਹੈ, ਇਹ ਦੇਸ਼ ਦੇ ਭਵਿੱਖ ਲਈ ਪੇਸ਼ ਕੀਤਾ ਬਜਟ ਹੈ, ਜਿਸ 'ਚ ਇਹ ਦੇਸ਼ ਨੂੰ ਅੱਗੇ ਵਧਾਉਣ'ਚ ਮਦਦ ਕਰੇਗਾ।

ਅਗਾਮੀ ਚੋਣਾਂ 'ਚ ਜਿੱਤ ਦਾ ਯਕੀਨ: ਸੁਨੀਲ ਜਾਖੜ ਨੇ ਕਿਹਾ ਕਿ ਵਿਰੋਧੀ ਕਹਿ ਰਹੇ ਹਨ ਕਿ ਇਹ ਹੰਕਾਰ 'ਚ ਲੱਗ ਰਿਹਾ ਹੈ ਅਤੇ 2024 ਦੀਆਂ ਚੋਣਾਂ ਤੋਂ ਬਾਅਦ ਪੂਰਾ ਬਜਟ ਪੇਸ਼ ਕੀਤਾ ਜਾਵੇਗਾ, ਜਿਸ ਨਾਲ ਲੋਕਾਂ ਦੀਆਂ ਉਮੀਦਾਂ 'ਤੇ ਵੀ ਪੂਰਾ ਉਤਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਵਿਰੋਧੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਕੋਈ ਹੰਕਾਰ ਨਹੀਂ ਹੈ, ਸਗੋਂ ਆਤਮਵਿਸ਼ਵਾਸ਼ ਹੈ ਕਿਉਂਕਿ ਇਹ ਉਨ੍ਹਾਂ ਨੂੰ ਰਿਓੜੀਆਂ ਨਹੀਂ ਸਗੋਂ ਸਹੀ ਰਾਹ ਦਿੱਤਾ ਜਾ ਰਿਹਾ ਹੈ ਤਾਂ ਜੋ ਪੈਸੇ ਦੀ ਬਰਬਾਦੀ ਨਾ ਹੋ ਕੇ ਲੋਕਾਂ ਦਾ ਭਲਾ ਹੋਵੇ।

ਤੇਜ਼ੀ ਨਾਲ ਪੰਜਾਬ ਦੇ ਲੋਕਾਂ ਸਿਰ ਚੜ੍ਹ ਰਿਹਾ ਕਰਜ਼ਾ: ਸੁਨੀਲ ਜਾਖੜ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੇਸ਼ ਦੇ ਪੰਜਾਬ ਵਾਲੇ ਹਾਲਾਤ ਨਾ ਬਣ ਜਾਣ, ਉਸ ਤੋਂ ਰਿਓੜੀਆਂ ਤੋਂ ਬਚਣਾ ਹੋਵੇਗਾ। ਜਾਖੜ ਨੇ ਕਿਹਾ ਕਿ ਪੰਜਾਬ ਰਿਓੜੀਆਂ ਦੇ ਲਾਲਚ ਕੀਤੇ ਗਲਤੀ ਦਾ ਹਰਜ਼ਾਨਾ ਕਈ ਸਾਲਾਂ ਤੱਕ ਭੁਗਤੇਗਾ। ਜਾਖੜ ਨੇ ਕਿਹਾ ਕਿ ਇਸ 'ਚ 100 ਕਰੋੜ ਦੀ ਔਸਤ ਹੈ, ਜਿਸ ਨਾਲ ਪੰਜਾਬ ਦੇ ਲੋਕਾਂ ਸਿਰ ਕਰਜ਼ਾ ਚੜ੍ਹ ਰਿਹਾ ਹੈ। ਉਧਰ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ 'ਤੇ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਅੱਜ ਜਿਵੇਂ ਦੇ ਹਾਲਾਤ ਹੋ ਗਏ ਹਨ, ਉਸ 'ਚ ਸੱਚਮੁੱਚ ਬਚਾਅ ਕਰਨ ਦੀ ਬਹੁਤ ਲੋੜ ਹੈ, ਕਿਉਂਕਿ ਅੱਜ ਪੰਜਾਬ 'ਚ ਕੋਈ ਵੀ ਵਰਗ ਸੁਰੱਖਿਅਤ ਨਹੀਂ ਹੈ।

ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਦੇਵਾਂਗਾ ਜਵਾਬ: ਉਥੇ ਹੀ ਚੰਡੀਗੜ੍ਹ ਮੇਅਰ ਦੀ ਚੋਣ ਬਾਰੇ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਇਸ ਮਾਮਲੇ 'ਤੇ ਬਹੁਤ ਕੁਝ ਕਿਹਾ ਜਾ ਸਕਦਾ ਹੈ ਪਰ ਜਦੋਂ ਉਹ ਸੁਪਰੀਮ ਕੋਰਟ ਗਏ ਹਨ ਤਾਂ ਮੈਂ ਉਥੇ ਫੈਸਲਾ ਦੇਖ ਕੇ ਹੀ ਗੱਲ ਕਰਾਂਗਾ। ਸੁਨੀਲ ਜਾਖੜ ਨੇ ਕਿਹਾ ਕਿ ਇਕ ਗੱਲ ਸਾਫ਼ ਹੈ ਕਿ ਜੋ ਪੈਸਾ ਸੁਪਰੀਮ ਕੋਰਟ 'ਚ ਲਗਾਇਆ ਜਾ ਰਿਹਾ ਹੈ, ਉਹ ਪੰਜਾਬ ਦਾ ਪੈਸਾ ਹੈ। ਜਾਖੜ ਨੇ ਕਿਹਿਾ ਕਿ 'ਆਪ' ਅਤੇ ਕਾਂਗਰਸ ਵੱਖ-ਵੱਖ ਚੋਣਾਂ ਲੜ ਰਹੀਆਂ ਹਨ ਜਦੋਂਕਿ ਕੇਜਰੀਵਾਲ ਨੂੰ ਪੰਜਾਬ ਦੇ ਪੈਸੇ ਨਾਲ ਸੈਰ ਕਰਵਾਈ ਜਾ ਰਹੀ ਹੈ। ਜਿਸ 'ਚ ਹੁਣ ਵਕੀਲ ਦੀ ਫੀਸ ਵੀ ਪੰਜਾਬ ਦੇ ਪੈਸੇ ਤੋਂ ਜਾ ਰਹੀ ਹੈ।

ਸਰਕਾਰ ਖਿਲਾਫ਼ ਬੋਲਣ ਵਾਲਿਆਂ 'ਤੇ ਝੂਠੇ ਪਰਚੇ:ਪਟਿਆਲਾ 'ਚ ਕੇਬਲ 'ਤੇ ਹੋਏ ਹਮਲੇ 'ਤੇ ਸੁਨੀਲ ਜਾਖੜ ਨੇ ਕਿਹਾ ਕਿ ਇਹ ਇੱਕ ਸਰਕਾਰੀ ਮਾਫੀਆ ਹੈ ਅਤੇ ਸਰਕਾਰ ਦਾ ਹਿੱਸਾ ਹੈ ਤੇ ਖੁਦ ਸਰਕਾਰ ਇਹ ਕਰ ਰਹੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਮੀਡੀਆ ਤਾਂ ਇੱਕ ਪਾਸੇ ਇਥੇ ਲੋਕਾਂ ਦੇ ਚੁਣੇ ਹੋਏ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਰੋਕ ਲਿਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੀ ਭਾਸ਼ਾ 'ਚ ਜਵਾਬ ਦੇਣ ਵਾਲਿਆਂ 'ਤੇ ਅੱਜ ਸਰਕਾਰ ਝੂਠੇ ਪਰਚੇ ਕਰ ਰਹੀ ਹੈ, ਜਿਸ 'ਚ ਪਹਿਲਾਂ ਸੁਖਪਾਲ ਖਹਿਰਾ ਤੇ ਇਹ ਕਾਰਵਾਈ ਕੀਤੀ ਤੇ ਹੁਣ ਭਾਨਾ ਸਿੱਧੂ 'ਤੇ ਕੀਤੀ ਜਾ ਰਹੀ ਹੈ।

ਕੇਜਰੀਵਾਲ ਨੂੰ ਈਡੀ ਕੋਲ ਪੇਸ਼ ਹੋਣਾ ਹੀ ਪਵੇਗਾ: ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਘਬਰਾਈ ਹੋਈ ਹੈ। ਉਨ੍ਹਾਂ ਕਿਹਾ ਕਿ ਜੋ ਖੁਦ ਪਹਿਲਾਂ ਲੋਕਤੰਤਰ ਦੀ ਦੁਹਾਈ ਦਿੰਦੇ ਸੀ, ਜਿਸ 'ਚ ਅਰਵਿੰਦ ਕੇਜਰੀਵਾਲ ਦੀ ਗੱਲ ਕਰਦੇ ਸੀ ਪਰ ਹੁਣ ਦੱਸਣ ਕਿ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਕੌਣ ਰੋਕ ਰਿਹਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਜਿਸ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਉਹ ਮੇਅਰ ਦੀ ਚੋਣ ਨੂੰ ਲੈ ਕੇ ਨਹੀਂ ਬਲਕਿ ਕੇਜਰੀਵਾਲ ਦੇ ਸੰਮਨ ਕਰਕੇ ਵਿਰੋਧ ਕਰ ਰਹੇ ਹਨ। ਜਾਖੜ ਨੇ ਕਿਹਾ ਕਿ ਜੋ ਮਰਜ਼ੀ ਕਰ ਲੈਣ ਪਰ ਅਰਵਿੰਦ ਕੇਜਰੀਵਾਲ ਨੂੰ ਈਡੀ ਕੋਲ ਪੇਸ਼ ਹੋਣ ਲਈ ਉਨ੍ਹਾਂ ਦੇ ਦਫ਼ਤਰ ਜਾਣਾ ਹੀ ਪਵੇਗਾ।

ਕਾਂਗਰਸ ਦੀ ਫੁੱਟ 'ਤੇ ਬੋਲੇ ਜਾਖੜ: ਉਧਰ ਕਾਂਗਰਸ ਦੇ ਚੱਲ ਰਹੇ ਆਪਸੀ ਕਲੇਸ ਨੂੰ ਲੈਕੇ ਸੁਨੀਲ ਜਾਖੜ ਨੇ ਕਿਹਾ ਕਿ ਮੈਂ ਜਿਥੇ ਵੀ ਰਿਹਾ ਪਰ ਆਪਣੀ ਇਹ ਪਛਾਣ ਕਦੇ ਨਹੀਂ ਬਣਾਈ ਕਿ ਮੈਂ ਹਿੰਦੂ ਹਾਂ ਜੋ ਕੋਈ ਹੋਰ। ਉਨ੍ਹਾਂ ਕਿਹਾ ਕਿ ਮੈਂ ਪੰਜਾਬੀ ਹਾਂ ਅਤੇ ਉਨ੍ਹਾਂ ਨਕਲੀ ਸਿੱਖਾਂ ਤੋਂ ਕਈ ਗੁਣਾ ਚੰਗਾ ਹਾਂ, ਜੋ ਪੱਗਾਂ ਬੰਨ੍ਹੀ ਬੈਠੇ ਹਨ। ਜਾਖੜ ਨੇ ਕਿਹਾ ਕਿ ਓ.ਪੀ ਸੋਨੀ ਕਿਸੇ ਜਮਾਤ ਦੇ ਨੁਮਾਇੰਦੇ ਨਹੀਂ ਹਨ ਪਰ ਹੁਣ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਅਤੇ ਔਜਲਾ ਵਿਰੁੱਧ ਲੋਕ ਲੱਗੇ ਹੋਏ ਹਨ। ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਨੂੰ ਪੰਜਾਬ ਵਿੱਚ ਹਿੰਦੂ ਸਿੱਖਾਂ ਵਾਲੀ ਅੱਗ ਨਹੀਂ ਲਗਾਉਣੀ ਚਾਹੀਦੀ।

ABOUT THE AUTHOR

...view details