ਅੰਮ੍ਰਿਤਸਰ:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਪੇਸ਼ ਹੋਏ ਪਰ ਇਸ ਤੋਂ ਬਾਅਦ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਮੁਤਾਬਿਕ ਸੁਖਬੀਰ ਬਾਦਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਅਤੇ ਇਸ ਤੋਂ ਮਗਰੋਂ ਸੁਖਬੀਰ ਬਾਦਲ ਦੇ ਪੈਰ ਉੱਤੇ ਅਚਾਨਕ ਸੱਟ ਲੱਗ ਗਈ।
ਪੈਰ ਨੂੰ ਵੱਜੀ ਸੱਟ,ਹੋਇਆ ਪਲਾਸਟਰ
ਜਾਣਕਾਰੀ ਮੁਤਾਬਿਕ ਸੁਖਬੀਰ ਬਾਦਲ ਦੇ ਪੈਰ ਦੀ ਉਂਗਲ਼ੀ ਟੁੱਟ ਗਈ ਜਿਸ ਕਾਰਣ ਉਹ ਚੱਲਣ ਤੋਂ ਵੀ ਅਸਮਰੱਥ ਹੋ ਗਏ। ਹਾਦਸੇ ਤੋਂ ਬਾਅਦ ਉਨ੍ਹਾਂ ਦਾ ਸੱਜਾ ਪੈਰ ਜ਼ਖ਼ਮੀ ਹੋ ਗਿਆ ਅਤੇ ਚੱਲਣ ਤੋਂ ਅਸਮਰੱਥ ਹੋਣ ਦੇ ਚੱਲਦਿਆਂ ਉਨ੍ਹਾਂ ਨੂੰ ਵੀਲ੍ਹ ਚੇਅਰ ਉੱਤੇ ਬਿਠਾ ਕੇ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਪਲਾਸਟਰ ਲਗਾਇਆ। ਇਸ ਤੋਂ ਬਾਅਦ ਸੁਖਬੀਰ ਬਾਦਲ ਚੰਡੀਗੜ੍ਹ ਲਈ ਰਵਾਨਾ ਹੋਏ ਹਨ।
ਬੇਨਤੀ ਪੱਤਰ ਦੇਣ ਲਈ ਪਹੁੰਚੇ ਸਨ ਸ੍ਰੀ ਅਕਾਲ ਤਖ਼ਤ ਸਾਹਿਬ
ਦੱਸ ਦਈਏ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਅੱਜ ਵਿਸ਼ੇ ਤੌਰ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੇਨਤੀ ਪੱਤਰ ਲੈਕੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣਾ ਬੇਨਤੀ ਪੱਤਰ ਵੀ ਸੌਂਪਿਆ ਹੈ। ਬੇਨਤੀ ਪੱਤਰ ਵਿੱਚ ਉਹਨਾਂ ਵੱਲੋਂ ਧਾਰਮਿਕ ਸਜ਼ਾ ਜਲਦ ਲਗਾਏ ਜਾਣ ਨੂੰ ਲੈਕੇ ਬੇਨਤੀ ਕੀਤੀ ਗਈ ਹੈ। ਉਹਨਾਂ ਕਿਹਾ ਹੈ ਕਿ ਢਾਈ ਮਹੀਨਿਆਂ ਤੋਂ ਉਹ ਕਿਸੇ ਵੀ ਸਮਾਜਿਕ ਜਾਂ ਧਾਰਮਿਕ ਪ੍ਰੋਗਰਾਮ ਦੇ ਵਿੱਚ ਆਪਣਾ ਯੋਗਦਾਨ ਨਹੀਂ ਦੇ ਸਕੇ। ਜਿਸ ਕਰਕੇ ਉਹਨਾਂ ਵੱਲੋਂ ਇਹ ਬੇਨਤੀ ਪੱਤਰ ਦਿੱਤਾ ਗਿਆ ਹੈ। ਉਹਨਾਂ ਦੇ ਕੁਝ ਆਪਣੇ ਘਰੇਲੂ ਵੀ ਕੰਮ ਹਨ ਜਿਸ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਧਾਰਮਿਕ ਸਜ਼ਾ ਸੁਣਾਈ ਜਾਵੇ ਤਾਂ ਕਿ ਉਹ ਆਪਣੇ ਕਾਰਜ ਕਰ ਸਕਣ। ਇਸ ਮਾਮਲੇ ਵਿੱਚ ਹੁਣ ਸਭ ਦੀਆਂ ਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਆਦੇਸ਼ ਉੱਤੇ ਟਿਕੀਆਂ ਹੋਈਆਂ ਹਨ।