ਬਰਨਾਲਾ:ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਵਿੱਚ ਬਰਨਾਲਾ ਦੇ ਤਰਕਸ਼ੀਲ ਭਵਨ ਵਿੱਚ ਹੋਈ। ਜਿਸ ਦੌਰਾਨ ਸੂਬਾ ਕਮੇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਸਕੱਤਰ ਸ਼ਾਮਿਲ ਹੋਏ।
ਇਸ ਮੌਕੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ 10 ਜੁਲਾਈ ਨੂੰ ਸੰਯੁਕਤ ਮੋਰਚਾ ਦੀ ਭਾਰਤ ਪੱਧਰੀ ਮੀਟਿੰਗ ਦਿੱਲੀ ਵਿਖੇ ਹੋਈ ਸੀ, ਜਿਸ ਵਿੱਚ ਅੰਦੋਲਨ ਦੇ ਦੂਜੇ ਪੜਾਅ ਦਾ ਆਗਾਜ਼ ਕੀਤਾ ਗਿਆ। ਜਿਸ ਵਿੱਚ ਰਹਿੰਦੀ ਕਿਸਾਨੀ ਮੰਗਾਂ ਲਈ ਦੇਸ਼ ਵਿਆਪੀ ਰੋਸ਼ ਪ੍ਰਦਰਸ਼ਨ ਵਿੱਢੇ ਗਏ ਹਨ। ਇਹਨਾਂ ਮੰਗਾਂ ਵਿੱਚੋ ਪ੍ਰਮੁੱਖ ਤੌਰ 'ਤੇ ਗਾਰੰਟੀਸ਼ੁਦਾ MSP ਕਾਨੂੰਨ, ਕਰਜ਼ਾ ਮੁਆਫੀ, ਫਸਲੀ ਬੀਮਾ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਪੈਨਸ਼ਨ, ਬਿਜਲੀ ਦੇ ਨਿੱਜੀਕਰਨ ਨੂੰ ਵਾਪਸ ਲੈਣ ਅਤੇ ਹੋਰ ਮੰਗਾਂ ਹਨ।
ਸੰਯੁਕਤ ਮੋਰਚੇ ਨੇ ਖੇਤੀਬਾੜੀ ਲਈ ਵੱਖਰੇ ਬਜਟ ਦੀ ਮੰਗ ਕੀਤੀ ਹੈ। ਕੇਂਦਰ ਸਰਕਾਰ ਵਿੱਚ ਸਹਿਕਾਰਤਾ ਵਿਭਾਗ ਨੂੰ ਖ਼ਤਮ ਨਾ ਕੀਤਾ ਜਾਵੇ। ਖੇਤੀ ਲਾਗਤਾਂ 'ਤੇ ਕੋਈ ਜੀਐਸਟੀ ਨਾ ਹੋਵੇ ਅਤੇ ਮਜ਼ਬੂਤ ਰਾਜਾਂ ਲਈ ਟੈਕਸਾਂ 'ਤੇ ਰਾਜ ਸਰਕਾਰ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਲਈ ਜੀਐਸਟੀ ਐਕਟ ਵਿੱਚ ਸੋਧ ਕੀਤੀ ਜਾਵੇ। ਕੌਮੀ ਜਲ ਨੀਤੀ ਬਣਾਈ ਜਾਵੇ ਅਤੇ 736 ਕਿਸਾਨ ਸ਼ਹੀਦਾਂ ਦੀ ਯਾਦ ਵਿੱਚ ਸਿੰਘੂ/ਟਿਕਰੀ ਬਾਰਡਰ 'ਤੇ ਸ਼ਹੀਦ ਸਮਾਰਕ ਬਣਾਇਆ ਜਾਵੇ।
ਇਸ ਮੌਕੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਸੰਯੁਕਤ ਮੋਰਚਾ 16, 17, 18 ਜੁਲਾਈ 2024 ਨੂੰ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਨੇਤਾ ਅਤੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਅਤੇ ਉਹਨਾਂ ਰਾਹੀਂ ਪ੍ਰਧਾਨਮੰਤਰੀ ਨੂੰ ਮੰਗ ਪੱਤਰ ਸੌਂਪੇਗਾ। ਸੰਯੁਕਤ ਮੋਰਚਾ 9 ਅਗਸਤ ਨੂੰ "ਕਾਰਪੋਰੇਟੋ ਭਾਰਤ ਛੱਡੋ ਦਿਵਸ" ਵਜੋਂ ਮਨਾਏਗਾ। ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਭਾਰਤ WTO ਤੋਂ ਬਾਹਰ ਆ ਜਾਵੇ ਅਤੇ ਖੇਤੀਬਾੜੀ ਉਤਪਾਦਨ ਅਤੇ ਵਪਾਰ ਵਿੱਚ ਬਹੁ ਕੌਮੀ ਕਾਰਪੋਰੇਸ਼ਨਾਂ ਦਾ ਦਖ਼ਲ ਬੰਦ ਕੀਤਾ ਜਾਵੇ।
ਇਸ ਸਮੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਸੂਬਾ ਖ਼ਜ਼ਾਨਚੀ ਰਾਮ ਸਿੰਘ ਮਟੋਰਡਾ, ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ, ਬਰਨਾਲਾ ਤੋਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਜ਼ਿਲ੍ਹਾ ਆਗੂ ਬਲਵੰਤ ਚੀਮਾ, ਲੁਧਿਆਣਾ ਤੋਂ ਮਹਿੰਦਰ ਸਿੰਘ ਕਮਾਲਪੁਰਾ, ਸਤਿਬੀਰ ਸਿੰਘ ਰਾਏ, ਮਾਨਸਾ ਤੋਂ ਮਹਿੰਦਰ ਸਿੰਘ ਭੈਣੀ ਬਾਘਾ, ਲਛਮਣ ਸਿੰਘ ਚੱਕ ਅਲੀਸ਼ੇਰ, ਪਟਿਆਲਾ ਤੋਂ ਗੁਰਬਚਨ ਸਿੰਘ ਕੰਨਸੁਹਾ, ਜਗਮੇਲ ਸਿੰਘ ਸੁਧੇਵਾਲ, ਸੰਗਰੂਰ ਤੋਂ ਕਰਮ ਸਿੰਘ ਬਲਿਆਲ, ਫ਼ਰੀਦਕੋਟ ਤੋਂ ਗੁਰਜੀਤ ਸਿੰਘ, ਫਾਜ਼ਿਲਕਾ ਤੋਂ ਮਾਸਟਰ ਪੂਰਨ ਚੰਦ, ਬਠਿੰਡਾ ਤੋਂ ਬਲਦੇਵ ਸਿੰਘ ਭਾਈ ਰੂਪਾ, ਰਾਜ ਮਹਿੰਦਰ ਸਿੰਘ, ਬਲਕਰਨ ਸਿੰਘ ਬਰਾੜ, ਮਾਲੇਰਕੋਟਲਾ ਤੋਂ ਅਮਰਜੀਤ ਸਿੰਘ ਰੋਹਣੋ ਆਦਿ ਆਗੂ ਹਾਜ਼ਰ ਸਨ।Conclusion:ਲਖਵੀਰ ਚੀਮਾ