ਸ੍ਰੀ ਮੁਕਤਸਰ ਸਾਹਿਬ :ਪੰਜਾਬ ਪੁਲਿਸ ਲਗਾਤਾਰ ਅਪਰਾਧੀਆਂ ਉੱਤੇ ਠੱਲ੍ਹ ਪਾਉਣ ਲਈ ਸਰਗਰਮ ਹੈ। ਇਸ ਤਹਿਤ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਮੁੱਖੀ ਤੁਸ਼ਾਰ ਗੁਪਤਾ ਆਈ.ਪੀ.ਐਸ.ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਅਤੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਲੋਕਾਂ ਨੂੰ ਡਰਾ ਧਮਕਾ ਕੇ ਲੁੱਟ-ਖੋਹ ਕਰਨ ਵਾਲੇ 03 ਵਿਅਕਤੀਆਂ ਨੂੰ 4 ਦੇਸੀ ਪਿਸਟਲ ਅਤੇ 10 ਕਾਰਤੂਸ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।
ਪੁਲਿਸ ਵੱਲੋਂ ਰਿਮਾਂਡ ਹਾਸਿਲ: ਐਸ.ਐਸ.ਪੀ ਤੁਸ਼ਾਰ ਗਪਤਾ ਨੇ ਮੀਡੀਆ ਨੂੰ ਦੱਸਿਆ ਕਿ ਮੁਖਬਰ ਦੀ ਇਤਲਾਹ 'ਤੇ ਪੁਲਿਸ ਵੱਲੋਂ ਗੁਰਚਰਨ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਧੀਰ ਨੂੰ ਇੱਕ 315 ਬੋਰ ਦੇਸੀ ਕੱਟਾ ਸਮੇਤ 02 ਕਾਰਤੂਸ ਅਤੇ ਜਗਪ੍ਰੀਤ ਸਿੰਘ ਉਰਫ ਭੁੱਲਰ ਪੁੱਤਰ ਜਗਦੀਸ਼ ਸਿੰਘ ਵਾਸੀ ਗਿਦੱੜਬਾਹਾ ਨੂੰ 01 ਦੇਸੀ ਕੱਟਾ 12 ਬੋਰ 02 ਕਾਰਤੂਸ ਸਮੇਤ ਕਾਬੂ ਕੀਤਾ ਗਿਆ ਹੈ। ਜਿਸ 'ਤੇ ਅਦਾਲਤ ਤੋਂ ਪੁਲਿਸ ਵੱਲੋਂ ਰਿਮਾਂਡ ਹਾਸਿਲ ਕੀਤਾ ਗਿਆ ਅਤੇ ਪੁੱਛਗਿੱਛ ਦੌਰਾਨ ਗੁਰਚਰਨ ਸਿੰਘ ਉੱਕਤ ਦੀ ਨਿਸ਼ਾਨਦੇਹੀ ਤੋਂ 01 ਦੇਸੀ ਕੱਟਾ 12 ਬੋਰ ਸਮੇਤ 01 ਕਾਰਤੂਸ ਬ੍ਰਾਮਦ ਕਰਵਾਇਆ ਗਿਆ, ਪੁੱਛਗਿੱਛ ਦੌਰਾਨ ਗੁਰਚਰਨ ਸਿੰਘ ਨੇ ਇਹ ਵੀ ਦੱਸਿਆ ਕਿ ਦੇਸੀ ਕੱਟਾ ਜਗਪ੍ਰੀਤ ਸਿੰਘ ਭੁੱਲਰ ਨੇ ਉਸ ਨੂੰ ਦਿੱਤਾ ਸੀ। ਜਿਸ 'ਤੇ ਹੁਣ ਤੱਕ ਪੁਲਿਸ ਵੱਲੋਂ 02 ਦੇਸੀ ਕੱਟੇ ਅਤੇ ਇੱਕ 315 ਬੋਰ ਦੇਸੀ ਕੱਟਾ ਸਮੇਤ ਕੁੱਲ 05 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ ਹਨ।