ਅੰਮ੍ਰਿਤਸਰ : ਜ਼ਿਲ੍ਹੇ ਦੇ ਥਾਣਾ ਮੋਹਕਮਪੁਰਾ ਅਧੀਨ ਆਉਂਦੇ ਇਲਾਕੇ ਰਸੂਲਪੁਰ ਕਲਰਾਂ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ 2 ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਝਗੜੇ ਦੌਰਾਨ ਇੱਕ ਧਿਰ ਦੇ ਹੱਕ ਵਿੱਚ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਵਿਅਕਤੀਆਂ ਉੱਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲੱਗੇ ਹਨ।
ਜ਼ਮੀਨ ਦੇ ਝਗੜੇ ਨੂੰ ਲੈ ਕੇ ਨਿਹੰਗ ਸਿੰਘਾਂ ਦੇ ਬਾਣੇ 'ਚ ਕੁਝ ਲੋਕਾਂ ਨੇ ਕੀਤੀ ਗੁੰਡਾਗਰਦੀ (Etv Bharat) '8 ਲੱਖ ਵਿੱਚ ਖਰੀਦੀ ਸੀ ਜਗ੍ਹਾ'
ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਲੋਕਾਂ ਵੱਲੋਂ ਕੀਤੀ ਗੁੰਡਾਗਰਦੀ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਪੀੜਤ ਪਵਨ ਕੁਮਾਰ ਦੱਸਿਆ ਕਿ ਉਸ ਨੇ ਇਹ ਜਗ੍ਹਾ ਕਿਸੇ ਵਿਅਕਤੀ ਤੋਂ 8 ਲੱਖ ਵਿੱਚ ਖਰੀਦੀ ਸੀ। ਮੈਂ ਇਸ ਜਗ੍ਹਾ ਦੇ 7 ਲੱਖ ਰੁਪਏ ਦੇ ਚੁੱਕਾ ਹਾਂ, ਸਿਰਫ਼ ਇੱਕ ਲੱਖ ਰੁਪਏ ਦੇਣਾ ਬਾਕੀ ਹੈ। ਇੱਕ ਪੰਡਿਤ ਵੱਲੋਂ ਇਸ ਜਗ੍ਹਾ ਉੱਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੁਝ ਲੋਕਾਂ ਨੂੰ ਬੁਲਾ ਕੇ ਸਾਨੂੰ ਡਰਾਇਆ ਜਾ ਰਿਹਾ ਹੈ ਤੇ ਸਾਡੇ ਘਰ ਦੀ ਵੀ ਭੰਨ੍ਹਤੋੜ ਕੀਤੀ ਗਈ ਹੈ।
'ਥਾਣੇ ਵਿੱਚ ਵੀ ਨਹੀਂ ਹੋ ਰਹੀ ਸੁਣਵਾਈ'
ਪੀੜਤ ਨੇ ਦੱਸਿਆ ਕਿ ਅਸੀਂ ਇਸ ਮਾਮਲੇ ਸਬੰਧੀ ਥਾਣਾ ਮੋਹਕਮਪੁਰਾ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਇਨਸਾਫ ਦੀ ਗੁਹਾਰ ਲਗਾਈ ਸੀ। ਪਰ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਅਸੀਂ ਥਾਣੇ ਦੇ 6-7 ਚੱਕਰ ਕੱਟ ਚੁੱਕੇ ਹਾਂ ਪਰ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ। ਪੀੜਤ ਨੇ ਦੱਸਿਆ ਕਿ ਥਾਣੇ ਵਾਲੇ ਤਰ੍ਹਾਂ-ਤਰ੍ਹਾਂ ਦੇ ਬਹਾਨੇ ਲਗਾ ਕੇ ਸਾਨੂੰ ਖੱਜਲ ਕਰ ਰਹੇ ਹਨ। ਮੈਂ ਦਿਹਾੜੀ ਕਰਕੇ ਆਪਣਾ ਪਰਿਵਾਰ ਚਲਾ ਰਿਹਾ ਹਾਂ, ਇਸ ਥਾਣੇ ਵਿੱਚ ਗੇੜੇ ਮਾਰਦੇ ਨੂੰ ਅੱਜ ਮੈਨੂੰ 7 ਦਿਨ ਹੋ ਗਏ ਹਨ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ, ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਸਾਡੇ ਕੋਲ ਰਸੂਲਪੁਰ ਕਲਰਾਂ ਵਿੱਚ ਇੱਕ ਜ਼ਮੀਨ ਦੇ ਝਗੜੇ ਨੂੰ ਲੈ ਕੇ ਦਰਖਾਸਤ ਆਈ ਹੈ। ਇਸ ਵਿੱਚ ਦੋਵੇਂ ਪਾਰਟੀਆਂ ਕਹਿ ਰਹੀਆਂ ਹਨ ਕਿ ਇਹ ਜਗ੍ਹਾ ਸਾਡੀ ਹੈ। ਅਸੀਂ ਦੋਨਾਂ ਧਿਰਾਂ ਤੋਂ ਜ਼ਮੀਨ ਦੇ ਕਾਗਜ਼ਾਤ ਮੰਗਵਾਏ ਹਨ। ਜਿਸਦੇ ਹੱਕ ਵਿੱਚ ਜ਼ਮੀਨ ਦੇ ਕਾਗਜ਼ਾਤ ਬੋਲਦੇ ਹਨ, ਸਾਡੇ ਵੱਲੋਂ ਜਾਂਚ ਕੀਤੀ ਜਾਵੇਗੀ ਅਤੇ ਫਿਰ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।- ਸੁਮਿਤ ਸਿੰਘ, ਐਸਐਚਓ, ਥਾਣਾ ਮੋਹਕਮਪੁਰਾ