ਲੁਧਿਆਣਾ:ਲੁਧਿਆਣਾ ਬੱਸ ਸਟੈਂਡ ਪੁੱਲ ਦੇ ਹੇਠਾਂ ਨਵੀਂ ਸਕੂਟਰ ਮਾਰਕੀਟ ਦੇ ਦੁਕਾਨਦਾਰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਦਰਅਸਲ ਪੁੱਲ ਦੇ ਹੇਠਾਂ 60 ਦੇ ਕਰੀਬ ਦੁਕਾਨਾਂ ਹਨ ਅਤੇ ਇਨ੍ਹਾਂ ਦੁਕਾਨਾਂ ਦੇ ਬਿਲਕੁਲ ਨਾਲ ਹੀ ਕੂੜੇ ਦਾ ਵੱਡਾ ਡੰਪ ਹੈ। ਪੁਲ ਦੇ ਆਲੇ-ਦੁਆਲੇ ਇਲਾਕੇ ਦੇ ਘਰਾਂ ਦਾ ਕੂੜਾ ਇਕੱਠਾ ਕਰਕੇ ਇਥੇ ਸੁੱਟਿਆ ਜਾਂਦਾ ਹੈ ਅਤੇ ਦੁਕਾਨਦਾਰ ਮੋਟੇ ਕਿਰਾਏ ਦੇਣ ਦੇ ਬਾਵਜੂਦ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਕਿਉਂਕਿ, ਕੂੜੇ ਦੇ ਡੰਪ ਕਰਕੇ ਕੋਈ ਗਾਹਕ ਦੁਕਾਨਾਂ 'ਤੇ ਨਹੀਂ ਆਉਂਦਾ ਅਤੇ ਨਾ ਹੀ ਇਸ ਇਲਾਕੇ ਵਿੱਚ ਪਖਾਨਿਆਂ ਦਾ ਪ੍ਰਬੰਧ ਹੈ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਦੇ ਆਗੂਆਂ ਨੂੰ ਮਾਰਕੀਟ ਵਿੱਚ ਆ ਕੇ ਉਨ੍ਹਾਂ ਨਾਲ ਬੈਠ ਕੇ ਰੋਟੀ ਖਾਣ ਦੀ ਚੁਣੌਤੀ ਦਿੱਤੀ ਹੈ।
ਰਾਹਗੀਰਾਂ ਦਾ ਹੁੰਦਾ ਹੈ ਜਾਨੀ-ਮਾਲੀ ਨੁਕਸਾਨ: ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਬਿਮਾਰੀਆਂ ਤੋਂ ਪੀੜਿਤ ਹੋ ਰਹੇ ਹਾਂ। "ਨਾ ਹੀ ਇੱਥੇ ਬੈਠਣ ਦੀ ਜਗ੍ਹਾ ਹੈ ਅਤੇ ਨਾ ਹੀ ਕਿਤੇ ਖੜਨ ਦੀ।" ਜੇਕਰ ਕੋਈ ਗ੍ਰਾਹਕ ਆਉਂਦਾ ਵੀ ਹੈ, ਤਾਂ ਜਿਆਦਾ ਟਾਇਮ ਕੂੜੇ ਦੀ ਬਦਬੂ ਕਰਕੇ ਖੜ ਨਹੀਂ ਪਾਉਂਦਾ। ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਦਿਨਾਂ ਵਿੱਚ ਤਾਂ ਹੋਰ ਵੀ ਇਹ ਇਲਾਕਾ ਨਰਕ ਬਣ ਜਾਂਦਾ ਹੈ। ਦੁਕਾਨਦਾਰਾਂ ਨੇ ਸ਼ਿਕਾਇਤ ਕਰਦਿਆਂ ਦੱਸਿਆ ਕਿ ਇਸ ਕੂੜੇ ਕੋਲ ਆ ਕੇ ਬੇਸਹਾਰਾ ਪਸ਼ੂ ਇਕੱਠੇ ਹੋ ਜਾਂਦੇ ਹਨ ਜੋ ਆਪਸ ਚ ਭਿੜਨ ਲੱਗ ਪੈਂਦੇ ਹਨ, ਜਿੰਨ੍ਹਾਂ ਕਰਕੇ ਕਈ ਵਾਰ ਰਾਹਗੀਰਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਪਰ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਕੰਨ ਤੇ ਜੂੰ ਨਹੀਂ ਸਰਕੀ।