ਅੰਮ੍ਰਿਤਸਰ:ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਸਰਕਾਰ ਵੱਲੋਂ ਰਾਜ ਵਿੱਚ ਚੰਗੀ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ। ਦਿੱਲੀ ਦੀ ਤਰਜ 'ਤੇ ਹਸਪਤਾਲ ਅਤੇ ਮੁਹੱਲਾ ਕਲਿਨੀਕ ਖੋਲ੍ਹ ਕੇ ਪੰਜਾਬ ਦੀ ਜਨਤਾ ਨੂੰ ਪਹਿਲ ਦੇ ਅਧਾਰ 'ਤੇ ਮੁਢੱਲੀ ਸਹਾਇਤਾ ਦੇ ਨਾਲ ਨਾਲ ਚੰਗੀ ਸਿਹਤ ਸਹੁਲਤ ਦੇਣ ਦੇ ਵਾਅਦੇ ਵੀ ਚਰਚਾ ਵਿੱਚ ਰਹੇ ਹਨ। ਪਰ ਜਦੋਂ ਗੱਲ ਆਉਂਦੀ ਹੈ ਹਕੀਕਤ ਦੀ, ਤਾਂ ਸਰਕਾਰ ਦੇ ਵਾਅਦਿਆਂ ਦੀ ਹਕੀਕਤ ਕੁਝ ਹੋਰ ਹੀ ਸਾਹਮਣੇ ਆਉਂਦੀ ਹੈ। ਇਸ ਦੀ ਪੋਲ ਖੋਲ੍ਹਦੀਆਂ ਤਸਵੀਰਾਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਤੋਂ ਸਾਹਮਣੇ ਆਈਆਂ ਹਨ, ਜਿਥੇ ਇੱਕ ਮਰੀਜ਼ ਨੂੰ ਵ੍ਹੀਲ ਚੇਅਰ ਨਾ ਮਿਲਣ ਕਾਰਨ ਉਸ ਦੇ ਰਿਸ਼ਤੇਦਾਰ ਮੋਢਿਆਂ 'ਤੇ ਬਿਠਾ ਕੇ ਲੈ ਕੇ ਆਏ।
ਮੋਢਿਆਂ 'ਤੇ ਚੁੱਕਣਾ ਪਿਆ ਮਰੀਜ਼ (ਅੰਮ੍ਰਿਤਸਰ ਪੱਤਰਕਾਰ) ਮੋਢੇ 'ਤੇ ਮਰੀਜ਼ ਲਿਆਂਦਾ ਹਸਪਤਾਲ
ਉਥੇ ਹੀ ਰਿਸ਼ਤੇਦਾਰ ਵੱਲੋਂ ਮਰੀਜ਼ ਨੂੰ ਮੋਢਿਆਂ 'ਤੇ ਚੁੱਕਿਆਂ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਸ ਮੌਕੇ ਲੋਕ ਸਰਕਾਰ ਦੀ ਕਾਰਜ ਪ੍ਰਣਾਲੀ ਨੂੰ ਕੋਸ ਰਹੇ ਸਨ ਅਤੇ ਕਹਿ ਰਹੇ ਸਨ ਕਿ ਹਸਪਤਾਲ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਲੋਕਾਂ ਦਾ ਮੁੰਹ ਦੇਖ ਰਿਹਾ ਹੈ ਪਰ ਕੋਈ ਕੁਝ ਕਰ ਨਹੀਂ ਰਿਹਾ। ਦਰਅਸਲ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜਦ ਮਰੀਜ਼ ਦੇ ਰਿਸ਼ਤੇਦਾਰ ਵੱਲੋਂ ਵ੍ਹੀਲ ਚੇਅਰ ਲਿਆਉਣ ਲਈ ਕਿਹਾ ਤਾਂ ਉਸ ਨੂੰ ਵੀਲ੍ਹ ਚੇਅਰ ਨਹੀਂ ਮਿਲੀ। ਮਰੀਜ਼ ਦੇ ਰਿਸ਼ਤੇਦਾਰ ਲੱਕੀ ਨੇ ਦੱਸਿਆ ਕਿ ਹਸਪਤਾਲ ਦੇ ਵਾਰਡ ਵਿੱਚ ਵ੍ਹੀਲ ਚੇਅਰ ਨੂੰ ਬੰਦ ਰੱਖਿਆ ਗਿਆ ਸੀ। ਦੋ-ਤਿੰਨ ਵਾਰ ਵ੍ਹੀਲਚੇਅਰ ਲੈਣ ਲਈ ਚਾਬੀ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਨਾ ਮਿਲਣ ਕਾਰਨ ਉਨ੍ਹਾਂ ਨੂੰ ਮਰੀਜ਼ ਨੂੰ ਮੋਢਿਆਂ 'ਤੇ ਚੁੱਕਣਾ ਪਿਆ।
ਉਸ ਨੇ 5 ਵਜੇ ਤੱਕ ਬੰਦ ਆਯੁਸ਼ਮਾਨ ਕਾਊਂਟਰ ਤੋਂ ਪਹਿਲਾਂ ਪਹੁੰਚਣਾ ਸੀ, ਜਿਸ ਲਈ ਉਹ ਹਸਪਤਾਲ ਦੇ ਵਾਰਡ ਤੋਂ ਵ੍ਹੀਲ ਚੇਅਰ ਨਾ ਮਿਲਣ 'ਤੇ ਆਪਣੇ ਮਰੀਜ਼ ਨੂੰ ਮੋਢੇ 'ਤੇ ਚੁੱਕ ਕੇ ਆਯੂਸ਼ਮਾਨ ਕਾਊਂਟਰ 'ਤੇ ਲੈ ਗਿਆ। ਤੁਹਾਨੂੰ ਦੱਸ ਦੇਈਏ ਕਿ ਆਯੁਸ਼ਮਾਨ ਕਾਊਂਟਰ ਪੰਜ ਵਜੇ ਬੰਦ ਹੋਣ ਤੋਂ ਬਾਅਦ ਮਰੀਜ਼ ਨੂੰ ਸਰਕਾਰੀ ਸਕੀਮ ਤਹਿਤ ਮੁਫਤ ਇਲਾਜ ਦੀ ਸਹੂਲਤ ਉਦੋਂ ਹੀ ਮਿਲਦੀ ਹੈ ਜਦੋਂ ਅਗਲੇ ਦਿਨ ਆਯੁਸ਼ਮਾਨ ਕਾਊਂਟਰ ਦੁਬਾਰਾ ਖੁੱਲ੍ਹਦਾ ਹੈ। ਆਯੂਸ਼ਮਾਨ ਕਾਊਂਟਰ ਤੋਂ ਮੁਫਤ ਇਲਾਜ ਦਾ ਹੁੰਗਾਰਾ ਪੂਰਾ ਹੋਣ ਤੋਂ ਪਹਿਲਾਂ ਮਰੀਜ਼ ਨੂੰ ਆਪਣੀ ਜੇਬ ਤੋਂ ਇਲਾਜ ਕਰਵਾਉਣਾ ਪੈਂਦਾ ਹੈ।
ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ:ਹਾਲਾਂਕਿ ਹਸਪਤਾਲ ਪ੍ਰਸ਼ਾਸਨ ਹੁਣ ਇਹਨਾਂ ਗੱਲਾਂ ਤੋਂ ਮੁਨਕਰ ਹੁੰਦੇ ਹੋਏ ਇਸ ਤੋਂ ਇਨਕਾਰ ਕਿਰਦਾ ਨਜ਼ਰ ਆ ਰਿਹਾ ਹੈ। ਇਸ ਮੌਕੇ ਗੱਲ ਕਰਦਿਆਂ ਸਰਕਾਰੀ ਮੈਡੀਕਲ ਕਾਲਜ (ਜੀ.ਐਮ.ਸੀ.) ਦੇ ਵਾਈਸ ਡਾਇਰੈਕਟਰ ਪ੍ਰਿੰਸੀਪਲ ਡਾ: ਜੋਗਿੰਦਰਪਾਲ ਅੱਤਰੀ ਦਾ ਕਹਿਣਾ ਹੈ ਕਿ ਉਹ ਵ੍ਹੀਲ ਚੇਅਰ ਦੀ ਸਮੱਸਿਆ ਬਾਰੇ ਜੀਐਨਡੀਐਚ ਦੇ ਮੈਡੀਕਲ ਸੁਪਰਡੈਂਟ ਨਾਲ ਗੱਲਬਾਤ ਕਰਨਗੇ, ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ।