ਲੁਧਿਆਣਾ:ਪੁਲਿਸ ਵੱਲੋਂ ਬੀਤੇ ਦਿਨੀ ਸ਼ਿਵ ਸੈਨਾ ਦੇ ਚਾਰ ਆਗੂਆਂ ਉੱਤੇ ਕੀਤੇ ਗਏ ਪਰਚੇ ਦੇ ਮਾਮਲੇ ਵਿੱਚ ਅੱਜ ਸ਼ਿਵ ਸੈਨਾ ਬਾਲ ਠਾਕਰੇ ਜਥੇਬੰਦੀ ਦੇ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੰਗ ਕੀਤੀ ਗਈ ਕਿ ਚੰਦਰਕਾਂਤ ਚੱਡਾ ਜੋ ਕਿ ਉਹਨਾਂ ਦੀ ਜਥੇਬੰਦੀ ਦਾ ਬੁਲਾਰਾ ਹੈ, ਉਸ ਖਿਲਾਫ ਕੀਤਾ ਗਿਆ ਮਾਮਲਾ ਰੱਦ ਕੀਤਾ ਜਾਵੇ। ਉਹਨਾਂ ਮੰਗ ਕੀਤੀ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਆਉਂਦੇ ਦਿਨਾਂ ਵਿੱਚ ਪੂਰੇ ਪੰਜਾਬ ਅੰਦਰ ਵੱਡਾ ਅੰਦੋਲਨ ਕੀਤਾ ਜਾਵੇਗਾ।
'ਬਗੈਰ ਸਬੂਤ ਪਰਚੇ ਦਰਜ'
ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਸੀਂ ਸਾਰੇ ਸੋਸ਼ਲ ਮੀਡੀਆ ਅਕਾਊਂਟ ਚੈੱਕ ਕੀਤੇ ਹਨ। ਕਿਸੇ ਵੀ ਢੰਗ ਦੀ ਕੋਈ ਗਲਤ ਬਿਆਨਬਾਜ਼ੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਕੋਈ ਭੜਕਾਊ ਬਿਆਨ ਦਿੱਤਾ ਗਿਆ। ਉਹਨਾਂ ਕਿਹਾ ਕਿ ਜੇਕਰ ਕੁਝ ਅਜਿਹਾ ਹੈ ਤਾਂ ਪੁਲਿਸ ਇਸ ਦਾ ਸਬੂਤ ਦੇਵੇ। ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਬਿਨਾਂ ਕਾਰਣ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਜਥੇਬੰਦੀ ਵੱਲੋਂ ਹਰ ਧਾਰਮਿਕ ਸਮਾਗਮ ਦੇ ਵਿੱਚ ਹਿੱਸਾ ਲਿਆ ਜਾਂਦਾ ਹੈ ਅਤੇ ਜਦੋਂ ਕਿਸਾਨ ਦਿੱਲੀ ਦੇ ਵਿੱਚ ਸ਼ਹੀਦ ਹੋ ਰਹੇ ਸਨ ਤਾਂ ਸਾਡੇ ਵੱਲੋਂ ਮੁੱਦਾ ਚੁੱਕਿਆ ਗਿਆ ਸੀ। ਇੱਥੋਂ ਤੱਕ ਕਿ ਲੰਗਰ ਵੀ ਉਹਨਾਂ ਵੱਲੋਂ ਲਗਾਏ ਜਾਂਦੇ ਹਨ ਪਰ ਬਿਨਾਂ ਕਾਰਣ ਪੁਲਿਸ ਨੇ ਇਹ ਮਾਮਲੇ ਦਰਜ ਕੀਤੇ ਹਨ।