ਪੰਜਾਬ

punjab

ਲੋਕ ਸਭਾ 'ਚ ਮਿਲੀ ਹਾਰ ਦਾ ਮੰਥਨ ਕਰੇਗਾ ਸ਼੍ਰੋਮਣੀ ਅਕਾਲੀ ਦਲ, ਸੁਖਬੀਰ ਬਾਦਲ ਨੇ ਅੱਜ ਸੱਦੀ ਕੋਰ ਕਮੇਟੀ ਮੀਟਿੰਗ - Akali Dal Core Committee Meeting

By ETV Bharat Punjabi Team

Published : Jun 12, 2024, 2:12 PM IST

Updated : Jun 13, 2024, 8:57 AM IST

Akali Dal Meeting After Loss: ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਇੱਕ ਹੀ ਸੀਟ ਆਈ ਹੈ ਤੇ ਦੱਸ ਅਜਿਹੇ ਉਮੀਦਵਾਰ ਜਿੰਨ੍ਹਾਂ ਦੀਆਂ ਜ਼ਮਾਨਤਾਂ ਤੱਕ ਜ਼ਬਤ ਹੋ ਗਈਆਂ। ਇਸ ਦੇ ਚੱਲਦੇ ਹੁਣ ਅਕਾਲੀ ਦਲ ਨੇ ਹਾਰ 'ਤੇ ਮੰਥਨ ਕਰਨ ਲਈ ਅੱਜ ਕੋਰ ਕਮੇਟੀ ਦੀ ਬੈਠਕ ਸੱਦੀ ਹੈ। ਪੜ੍ਹੋ ਪੂਰੀ ਖ਼ਬਰ

ਅਕਾਲੀ ਦਲ ਕੋਰ ਕਮੇਟੀ ਮੀਟਿੰਗ
ਅਕਾਲੀ ਦਲ ਕੋਰ ਕਮੇਟੀ ਮੀਟਿੰਗ (ETV BHARAT)

ਚੰਡੀਗੜ੍ਹ:ਲੋਕ ਸਭਾ ਚੋਣਾਂ ਦੇ ਨਤੀਜੇ ਕਾਫੀ ਹੈਰਾਨੀਜਨਕ ਰਹੇ ਹਨ। ਪੰਜਾਬ 'ਚ ਬਹੁਮਤ ਨਾਲ ਚੁਣੀ ਸਰਕਾਰ ਨੂੰ ਨਾਮੋਸ਼ੀ ਝੱਲਣੀ ਪਈ ਤੇ 13 ਵਿਚੋਂ 3 ਸੀਟਾਂ ਹੀ ਹਾਸਿਲ ਹੋਈਆਂ ਹਨ, ਜਦਕਿ ਕਾਂਗਰਸ ਨੂੰ ਸੱਤ ਸੀਟਾਂ 'ਤੇ ਲੋਕਾਂ ਨੇ ਜਿੱਤ ਦਾ ਫਤਵਾ ਦਿੱਤਾ। ਉਥੇ ਹੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਜਾਵੇ ਤਾਂ ਇਸ ਵਾਰ ਉਹ ਸਿਰਫ਼ ਆਪਣੀ ਬਠਿੰਡਾ ਤੋਂ ਇੱਕ ਸੀਟ ਹੀ ਬਚਾ ਸਕੇ। ਜਦਕਿ ਅਕਾਲੀ ਦਲ ਦਾ ਗੜ੍ਹ ਮੰਨੀ ਜਾਂਦੀ ਫਿਰੋਜ਼ਪੁਰ ਸੀਟ ਵੀ ਇਸ ਵਾਰ ਕਾਂਗਰਸ ਦੀ ਝੋਲੀ 'ਚ ਪੈ ਗਈ। ਇਸ ਸੀਟ ਤੋਂ ਪਿਛਲੀਆਂ ਲੋਕ ਸਭਾ ਚੋਣਾਂ 'ਚ ਸੁਖਬੀਰ ਬਾਦਲ ਸਾਂਸਦ ਸਨ। ਉੱਥੇ ਹੀ, ਇੰਨ੍ਹਾਂ ਲੋਕ ਸਭਾ ਚੋਣਾਂ 'ਚ ਮਿਲੀ ਹਾਰ ਦਾ ਮੰਥਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਸੱਦੀ ਹੈ।

ਚੋਣਾਂ ਦੇ ਨਤੀਜਿਆਂ 'ਤੇ ਚਰਚਾ:ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ। ਇਹ ਮੀਟਿੰਗ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਬਾਅਦ ਦੁਪਹਿਰ 3 ਵਜੇ ਹੋਵੇਗੀ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਪਾਰਟੀ ਦੇ ਸਾਰੇ ਮੈਂਬਰ ਹਾਜ਼ਰ ਰਹਿਣਗੇ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਾਰਟੀ ਦੀ ਪਹਿਲੀ ਕੋਰ ਕਮੇਟੀ ਦੀ ਮੀਟਿੰਗ ਹੋਈ। ਬੈਠਕ 'ਚ ਲੋਕ ਸਭਾ ਚੋਣਾਂ ਦੇ ਨਤੀਜਿਆਂ 'ਤੇ ਚਰਚਾ ਹੋਵੇਗੀ।

ਇੱਕ ਸੀਟ ਜਿੱਤ ਸਕਿਆ ਅਕਾਲੀ ਦਲ: ਦੱਸ ਦਈਏ ਕਿ ਇੰਨ੍ਹਾਂ ਲੋਕ ਸਭਾ ਚੋਣਾਂ 'ਚ ਪੰਥਕ ਤੇ ਖੇਤਰੀ ਪਾਰਟੀ ਕਹੇ ਜਾਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਇੰਨ੍ਹਾਂ ਚੋਣਾਂ 'ਚ ਬਠਿੰਡਾ ਸੀਟ ਹੀ ਤੋਂ ਹਰਸਿਮਰਤ ਬਾਦਲ ਨੇ ਜਿੱਤ ਦਰਜ ਕੀਤੀ ਹੈ। ਜਿੰਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮਾਤ ਦਿੱਤੀ ਹੈ। ਜਦਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੀਆਂ 13 ਸੀਟਾਂ ਹੀ ਜਿੱਤਣ ਦਾ ਦਾਅਵਾ ਕੀਤਾ ਜਾ ਰਿਹਾ ਸੀ, ਜਿਸ 'ਚ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਬਠਿੰਡਾ ਤੋਂ ਅਕਾਲੀ ਦਲ ਦੀ ਜੜ੍ਹ ਪੁੱਟ ਦੇਣਗੇ।

10 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ: ਕਾਬਿਲੇਗੌਰ ਹੈ ਕਿ ਇੰਨ੍ਹਾਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਜਿਥੇ ਇੱਕ ਸੀਟ ਮਿਲੀ ਹੈ ਤਾਂ ਉਥੇ ਹੀ ਦੋ ਹੋਰ ਉਮੀਦਵਾਰ ਹੀ ਆਪਣੀਆਂ ਜ਼ਮਾਨਤਾਂ ਬਚਾਅ ਸਕੇ ਹਨ, ਜਦਕਿ ਦਸ ਸੀਟਾਂ 'ਤੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ, ਫਰੀਦਕੋਟ ਤੋਂ ਰਾਜਵਿੰਦਰ ਸਿੰਘ ਧਰਮਕੋਟ, ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ, ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ, ਜਲੰਧਰ ਤੋਂ ਮਹਿੰਦਰ ਸਿੰਘ ਕੇਪੀ, ਪਟਿਆਲਾ ਤੋਂ ਐਨਕੇ ਸ਼ਰਮਾ, ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ, ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬਿਕਰਮਜੀਤ ਸਿੰਘ ਖਾਲਸਾ, ਗੁਰਦਾਸਪੁਰ ਤੋਂ ਡਾ. ਦਲਜੀਤ ਸਿੰਘ ਚੀਮਾ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਜਦਕਿ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੋਬੀ ਮਾਨ ਅਤੇ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਆਪਣੀ ਜ਼ਮਾਨਤ ਬਚਾਉਣ 'ਚ ਕਾਮਯਾਬ ਹੋਏ ਹਨ।

ਭਾਜਪਾ ਤੋਂ ਵੀ ਘੱਟ ਵੋਟ ਪ੍ਰਤੀਸ਼ਤ: ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਤੋਂ ਇਲਾਵਾ ਪਾਰਟੀ ਦੇ 12 ਉਮੀਦਵਾਰਾਂ ਚੌਥੇ ਜਾਂ ਪੰਜਵੇਂ ਸਥਾਨ 'ਤੇ ਰਹੇ ਹਨ, ਜਦਕਿ ਇੰਨ੍ਹਾਂ 'ਚ ਕੋਈ ਵੀ ਤੀਜੇ ਸਥਾਨ ਤੱਕ ਵੀ ਨਹੀਂ ਪਹੁੰਚ ਸਕਿਆ। ਉਥੇ ਹੀ ਇਸ ਬੁਰੀ ਤਰ੍ਹਾਂ ਹੋਈ ਹਾਰ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਜਿਥੇ ਅਕਾਲੀ ਦਲ ਦੀ ਹਾਰ ਹੋਈ ਹੈ ਤਾਂ ਉਥੇ ਹੀ ਵੋਟ ਪ੍ਰਤੀਸ਼ਤ 'ਚ ਵੀ ਵੱਡੀ ਗਿਰਾਵਟ ਆਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਭਾਜਪਾ ਤੋਂ ਵੀ ਛੋਟੀ ਪਾਰਟੀ ਬਣਦਾ ਜਾ ਰਿਹਾ ਹੈ। ਕਿਸੇ ਸਮੇਂ ਪੰਜਾਬ ਦੀ ਮੁੱਖ ਪਾਰਟੀ ਰਹੇ ਸ਼੍ਰੋਮਣੀ ਅਕਾਲੀ ਦਲ ਕੋਲ ਸਿਰਫ 13.56 ਫੀਸਦੀ ਵੋਟ ਰਹਿ ਗਏ ਹਨ। ਦੂਜੇ ਪਾਸੇ ਭਾਜਪਾ ਕੋਲ ਹੁਣ ਪੰਜਾਬ ਵਿੱਚ 18.31 ਫੀਸਦੀ ਵੋਟ ਹਨ। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਥੋਂ ਪੰਥਕ ਵੋਟ ਖਿਸਕਦੀ ਨਜ਼ਰ ਆ ਰਹੀ ਹੈ।

ਲੀਡਰਾਂ ਦਾ ਪਾਰਟੀ ਤੋਂ ਮੋਹ ਭੰਗ:ਗੌਰਤਲਬ ਹੈ ਕਿ ਇੰਨ੍ਹਾਂ ਚੋਣਾਂ 'ਚ ਜਿਥੇ ਪਾਰਟੀ ਨੂੰ ਨਾਮੋਸ਼ੀ ਝੱਲਣੀ ਪਈ ਤਾਂ ਉਥੇ ਹੀ ਅਕਾਲੀ ਦਲ ਦੇ ਲੀਡਰ ਵੀ ਹੁਣ ਪਿੱਛੇ ਹਟਦੇ ਨਜ਼ਰ ਆ ਰਹੇ ਹਨ। ਇਸ ਦੇ ਚੱਲਦੇ ਅਕਾਲੀ ਦਲ ਦੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਸਿਆਸਤ ਤੋਂ ਕਿਨਾਰਾ ਕਰਨ ਤੱਕ ਦੀ ਗੱਲ ਆਖ ਦਿੱਤੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵੀ ਝੂੰਦਾਂ ਕਮੇਟੀ ਦੀਆਂ ਸਿਫ਼ਾਰਿਸ਼ਾਂ ਲਾਗੂ ਹੋਣ ਤੱਕ ਪਾਰਟੀ ਗਤੀਵਿਧੀਆਂ ਤੋਂ ਕਿਨਾਰਾ ਕਰ ਲਿਆ ਹੈ, ਜਿਸ ਸਬੰਧੀ ਉਨ੍ਹਾਂ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਪੋਸਟ ਵੀ ਪਾਈ ਸੀ।

Last Updated : Jun 13, 2024, 8:57 AM IST

ABOUT THE AUTHOR

...view details