ਬਰਨਾਲਾ: ਪੰਜਾਬ ਦੀਆਂ ਚਾਰ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਭਾਗ ਨਹੀਂ ਲਿਆ, ਪਰ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਅਕਾਲੀ ਦਲ ਦੇ ਆਗੂ ਸਰਗਰਮ ਹੋ ਚੁੱਕੇ ਹਨ। ਬਰਨਾਲਾ ਦੇ ਗਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਵਿਧਾਨ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਇੱਕ ਮੀਟਿੰਗ ਕੀਤੀ। ਜਿਸ ਤੋਂ ਬਾਅਦ ਆਗੂਆਂ ਨੇ ਇਸ ਚੋਣ ਵਿੱਚ ਕਿਸੇ ਚੰਗੇ ਅਕਸ ਵਾਲੇ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜਿਸ ਲਈ ਉਹ ਹਲਕੇ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਦੀ ਰਾਇ ਲੈਣਗੇ ਅਤੇ ਉਸ ਉਪਰੰਤ ਸਾਥ ਦੇਣ ਦਾ ਫ਼ੈਸਲਾ ਕਰਨਗੇ।
ਅਕਾਲੀ ਦਲ ਕਰੇਗਾ ਕਿਸੇ ਹੋਰ ਦਾ ਸਮਰਥਨ (ETV BHARAT) ਅਕਾਲੀ ਦਲ ਕਰੇਗਾ ਕਿਸੇ ਹੋਰ ਉਮੀਦਵਾਰ ਦਾ ਸਮਰਥਨ
ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸ਼ਲ ਮੈਂਬਰ ਤਰਨਜੀਤ ਸਿੰਘ ਦੁੱਗਲ ਨੇ ਕਿਹਾ ਕਿ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਜਿਸ ਨੂੰ ਉਹਨਾਂ ਨੇ ਸਿਰ ਮੱਥੇ ਮੰਨਦਿਆਂ ਸਵੀਕਾਰ ਕੀਤਾ ਹੈ। ਅੱਜ ਉਹਨਾਂ ਨੇ ਮੀਟਿੰਗ ਕਰਕੇ ਪਾਰਟੀ ਦੇ ਇਸ ਹੁਕਮ ਦਾ ਸਵਾਗਤ ਕੀਤਾ ਹੈ। ਉਥੇ ਪਾਰਟੀ ਦੇ ਹੁਕਮ ਅਨੁਸਾਰ ਹੀ ਆਉਣ ਵਾਲੇ ਦਿਨਾਂ ਵਿੱਚ ਬਰਨਾਲਾ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਦੀ ਰਾਇ ਜਾਣੀ ਜਾਵੇਗੀ ਅਤੇ ਚੰਗੇ ਅਕਸ ਵਾਲੇ ਉਮੀਦਵਾਰ ਦਾ ਸਾਥ ਦਿੱਤਾ ਜਾਵੇਗਾ।
ਅਕਾਲੀ ਆਗੂ ਵਰਕਰਾਂ ਨਾਲ ਮੀਟਿੰਗ ਦੌਰਾਨ (ETV BHARAT) ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ:ਅਕਾਲੀ ਆਗੂ
ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਸੂਬਾ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ, ਹਰ ਵਰਗ ਸਰਕਾਰ ਤੋਂ ਦੁਖੀ ਹੈ। ਕਿਸਾਨ ਮੰਡੀਆਂ ਵਿੱਚ ਫ਼ਸਲ ਵੇਚਣ ਲਈ ਰੁਲ ਰਹੇ ਹਨ। ਗੈਂਗਸਟਰ ਆਏ ਦਿਨਾਂ ਫਿਰੌਤੀਆਂ ਲਈ ਧਮਕੀਆਂ ਦੇ ਰਹੇ ਹਨ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮੁੱਦੇ 'ਤੇ ਸਰਕਾਰ ਫ਼ੇਲ੍ਹ ਰਹੀ ਹੈ। ਉਹਨਾਂ ਕਿਹਾ ਕਿ ਜਿਹੜਾ ਲੀਡਰ ਸਾਡੇ ਕਿਸਾਨਾਂ, ਨੌਜਵਾਨਾਂ ਦੀ ਮੱਦਦ ਕਰੇਗਾ ਅਤੇ ਸਾਡੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਯਤਨ ਕਰੇਗਾ। ਉਸ ਸਬੰਧੀ ਆਪਣੇ ਸਾਥੀਆਂ ਦੀ ਸਲਾਹ ਲੈਣ ਤੋਂ ਬਾਅਦ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਜਿਸ ਤੋਂ ਬਾਅਦ ਨੌਜਵਾਨ ਅਤੇ ਲੋਕ ਜਿਸ ਚੰਗੇ ਉਮੀਦਵਾਰ ਉਪਰ ਭਰੋਸਾ ਪ੍ਰਗਟ ਕਰਨਗੇ, ਉਸ ਉਮੀਦਵਾਰ ਦਾ ਸਾਥ ਦਿੱਤਾ ਜਾਵੇਗਾ।