ਚੰਡੀਗੜ੍ਹ:ਲੋਕ ਸਭਾ ਚੋਣਾਂ ਨੂੰ ਲੈਕੇ ਪੰਜਾਬ ਦਾ ਸਿਆਸੀ ਪਾਰਾ ਸਿਖਰਾਂ 'ਤੇ ਹੈ। ਇਸ ਵਿਚਾਲੇ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਆਖਿਰੀ ਰਹਿੰਦੀ ਪੰਥਕ ਸੀਟ ਖਡੂਰ ਸਾਹਿਬ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਅਕਾਲੀ ਦਲ ਵਲੋਂ ਇਸ ਸੀਟ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ 12 ਅਤੇ ਚੰਡੀਗੜ੍ਹ ਦੀ ਇੱਕ ਸੀਟ 'ਤੇ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕਰ ਚੁੱਕਿਆ ਹੈ।
ਪੰਥਕ ਸੀਟ ਹੈ ਖਡੂਰ ਸਾਹਿਬ: ਕਾਬਿਲੇਗੌਰ ਹੈ ਕਿ ਵਿਰਸਾ ਸਿੰਘ ਵਲਟੋਹਾ ਖਡੂਰ ਸਾਹਿਬ ਸੀਟ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ। ਜਿਸ ਕਾਰਨ ਉਨ੍ਹਾਂ ਦੀ ਇਸ ਸੀਟ 'ਤੇ ਪਕੜ ਮਜ਼ਬੂਤ ਮੰਨੀ ਜਾ ਰਹੀ ਹੈ। ਦੱਸ ਦਈਏ ਕਿ ਖਡੂਰ ਸਾਹਿਬ ਪੰਥਕ ਸੀਟ ਹੈ ਅਤੇ ਵਿਰਸਾ ਸਿੰਘ ਵਲਟੋਹਾ ਦਾ ਨਾਮ ਪੰਥਕ ਲੀਡਰਾਂ 'ਚ ਆਉਂਦਾ ਹੈ। ਜਿਸ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ 'ਤੇ ਦਾਅ ਖੇਡਿਆ ਗਿਆ ਹੈ। ਉਥੇ ਹੀ ਇਸ ਸੀਟ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਬਿਕਰਮ ਸਿੰਘ ਮਜੀਠੀਆ ਜਾਂ ਬੀਬੀ ਜਗੀਰ ਕੌਰ ਨੂੰ ਚੋਣ ਮੈਦਾਨ 'ਚ ਉਤਾਰਨ ਦੀਆਂ ਵੀ ਚਰਚਾਵਾਂ ਸਨ।
ਇਹ ਨੇ ਅਕਾਲੀ ਦਲ ਦੇ ਉਮੀਦਵਾਰ: ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ 'ਚ ਗੁਰਦਾਸਪੁਰ ਤੋਂ ਡਾਕਟਰ ਦਲਜੀਤ ਸਿੰਘ ਚੀਮਾ, ਅੰਮ੍ਰਿਤਸਰ ਤੋਂ ਅਨਿਲ ਜੋਸ਼ੀ, ਅਨੰਦਪੁਰ ਸਾਹਿਬ ਤੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬਿਕਰਮਜੀਤ ਸਿੰਘ ਖਾਲਸਾ, ਫਰੀਦਕੋਟ ਤੋਂ ਰਾਜਵਿੰਦਰ ਸਿੰਘ, ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ, ਪਟਿਆਲਾ ਸੀਟ ਤੋਂ ਐਨਕੇ ਸ਼ਰਮਾ, ਬਠਿੰਡਾ ਸੀਟ ਤੋਂ ਹਰਸਿਮਰਤ ਕੌਰ ਬਾਦਲ, ਜਲੰਧਰ ਤੋਂ ਮਹਿੰਦਰ ਸਿੰਘ ਕੇਪੀ, ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ, ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ, ਫਿਰੋਜ਼ਪੁਰ ਤੋਂ ਨਰਦੇਵ ਸਿੰਘ (ਬੌਬੀ ਮਾਨ) ਅਤੇ ਚੰਡੀਗੜ੍ਹ ਤੋਂ ਹਰਦੀਪ ਸਿੰਘ ਸੈਣੀ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਅੰਮ੍ਰਿਤਪਾਲ ਸਿੰਘ ਲੜੇਗਾ ਆਜ਼ਾਦ ਚੋਣ:ਕਾਬਿਲੇਗੌਰ ਹੈ ਕਿ ਖਡੂਰ ਸਾਹਿਬ ਅਜਿਹੀ ਸੀਟ ਹੈ, ਜਿਥੋਂ ਆਮ ਆਦਮੀ ਪਾਰਟੀ ਵਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਭਾਜਪਾ ਵਲੋਂ ਮਨਜੀਤ ਸਿੰਘ ਮੰਨਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜਦਕਿ ਕਾਂਗਰਸ ਵਲੋਂ ਹਾਲੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ ਗਏ ਹਨ। ਉਥੇ ਹੀ ਬੀਤੇ ਦਿਨੀਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਵਲੋਂ ਵੀ ਇਸ ਪੰਥਕ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਚਰਚਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਇਸ ਸੀਟ ਤੋਂ ਅੰਮ੍ਰਿਤਪਾਲ ਸਿੰਘ ਨੂੰ ਹਮਾਇਤ ਕਰ ਸਕਦਾ ਹੈ ਪਰ ਹੁਣ ਅਕਾਲੀ ਦਲ ਵਲੋਂ ਇਕੱਲੇ ਚੋਣ ਲੜਨ ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਕਾਬਿਲੇਗੌਰ ਹੈ ਕਿ ਖਡੂਰ ਸਾਹਿਬ ਅਜਿਹੀ ਪੰਥਕ ਸੀਟ ਹੈ, ਜਿਥੇ ਕਈ ਸਿਆਸੀ ਲੀਡਰ ਜੇਲ੍ਹ 'ਚ ਰਹਿੰਦਿਆਂ ਹੀ ਚੋਣ ਜਿੱਤੇ ਹਨ। ਜਿਸ 'ਚ ਸਿਮਰਨਜੀਤ ਸਿੰਘ ਮਾਨ ਦਾ ਨਾਮ ਵੀ ਸ਼ਾਮਲ ਹੈ।