ਲੁਧਿਆਣਾ: ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਦੀ ਅਗਵਾਈ ਦੇ ਵਿੱਚ ਸ਼ੁਕਰਾਨਾ ਯਾਤਰਾ ਕੱਢੀ ਗਈ। ਜਿਸ ਦੀ ਸ਼ੁਰੂਆਤ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਤੋਂ ਨਤਮਸਤਕ ਹੋਣ ਦੇ ਨਾਲ ਸ਼ੁਰੂ ਹੋਈ। ਇਸ ਦੌਰਾਨ ਯਾਤਰਾ ਰਾਜਪੁਰਾ, ਖੰਨਾ, ਸਾਹਨੇਵਾਲ ਹੁੰਦੇ ਹੋਏ ਲੁਧਿਆਣਾ ਸ਼ਹਿਰ 'ਚ ਪਹੁੰਚੀ। ਜਿੱਥੋਂ ਅੱਗੇ ਲੁਧਿਆਣਾ-ਜਲੰਧਰ ਬਾਈਪਾਸ ਤੋਂ ਹੁੰਦੇ ਹੋਏ ਜਲੰਧਰ ਬਿਆਸ ਅਤੇ ਫਿਰ ਅੱਗੇ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਸੰਪੰਨ ਹੋਵੇਗੀ।
ਲੁਧਿਆਣਾ ਪਹੁੰਚਣ 'ਤੇ ਭਰਵਾਂ ਸਵਾਗਤ
ਇਸ ਯਾਤਰਾ ਦੇ ਵਿੱਚ ਨਵੇਂ ਬਣੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਉਹਨਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਸ਼ੈਰੀ ਮਾਨ ਕਲਸੀ ਮੌਜੂਦ ਹਨ। ਖੰਨਾ ਪਹੁੰਚਣ 'ਤੇ ਅਮਨ ਅਰੋੜਾ ਦਾ ਜਿੱਥੇ ਕੈਬਨਿਟ ਮੰਤਰੀ ਤਰਨਪ੍ਰੀਤ ਸੌਂਦ ਨੇ ਸਵਾਗਤ ਕੀਤਾ। ਉੱਥੇ ਹੀ ਸਾਹਨੇਵਾਲ ਪਹੁੰਚਣ 'ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਵੱਲੋਂ ਅਮਨ ਅਰੋੜਾ ਦੇ ਨਾਲ ਗੱਡੀ 'ਚ ਚੜ ਕੇ ਲੋਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਅਮਨ ਅਰੋੜਾ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ।
ਸਭ ਨੂੰ ਇੱਕਜੁੱਟ ਕਰਨ ਦੀ ਗੱਲ
ਅਮਨ ਅਰੋੜਾ ਨੇ ਲੁਧਿਆਣਾ ਪਹੁੰਚਣ 'ਤੇ ਜਿੱਥੇ ਪਾਰਟੀ ਦੇ ਵਰਕਰਾਂ ਦਾ ਆਮ ਲੋਕਾਂ ਦਾ ਧੰਨਵਾਦ ਕੀਤਾ। ਉੱਥੇ ਹੀ ਜ਼ਿਮਨੀ ਚੋਣਾਂ ਦੇ ਵਿੱਚ ਚੰਗੇ ਨਤੀਜਿਆਂ ਸਬੰਧੀ ਵੀ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲਈ ਉਹ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਆਮ ਵਿਅਕਤੀ ਵਜੋਂ ਕੰਮ ਕਰਨਗੇ। ਉਹਨਾਂ ਕਿਹਾ ਕਿ ਕਿਸੇ ਵੀ ਵਰਕਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ, ਪਰੇਸ਼ਾਨੀ ਜਾਂ ਕੋਈ ਨਾਰਾਜ਼ਗੀ ਹੈ ਤਾਂ ਉਹ ਗੱਲ ਕਰ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਸਾਰੇ ਇੱਕਜੁੱਟ ਹੋਵਾਂਗੇ। ਉਨ੍ਹਾਂ ਕਿਹਾ ਕਿ ਸਾਰੀ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਵੀ ਲਾਮਬੰਦ ਕੀਤਾ ਜਾਵੇਗਾ, ਜੋ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ ਜਾਂ ਫਿਰ ਪਾਰਟੀ ਛੱਡ ਗਏ ਸਨ ਉਹਨਾਂ ਨੂੰ ਵੀ ਇਕੱਠਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਾਡਾ ਮੁੱਖ ਟੀਚਾ ਇਹੀ ਹੈ ਕਿ ਸਭ ਨੂੰ ਇਕੱਠੇ ਕਰਕੇ ਚੱਲੀਏ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ।
ਨਗਰ ਨਿਗਮ ਚੋਣਾਂ
ਇੱਕ ਪਾਸੇ ਜਿੱਥੇ ਸ਼ੁਕਰਾਨਾ ਯਾਤਰਾ ਦੇ ਨਾਲ ਅਮਨ ਅਰੋੜਾ ਨੇ ਸ਼ਕਤੀ ਪ੍ਰਦਰਸ਼ਨ ਕੀਤਾ। ਉੱਥੇ ਹੀ ਉਹਨਾਂ ਆਪਣੀ ਸਪੀਚ ਦੇ ਵਿੱਚ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਜ਼ਿਮਨੀ ਚੋਣਾਂ ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿਸ਼ਵਾਸ਼ ਜਤਾਇਆ ਹੈ, ਤਿੰਨ ਸੀਟਾਂ 'ਤੇ ਪਾਰਟੀ ਨੂੰ ਜਿੱਤ ਹਾਸਿਲ ਕਰਵਾਈ ਹੈ। ਉਨ੍ਹਾਂ ਕਿਹਾ ਕਿ ਅੱਗੇ ਨਗਰ ਨਿਗਮ ਚੋਣਾਂ ਹਨ ਅਤੇ ਸਾਰੇ ਹੀ ਇਸੇ ਤਰ੍ਹਾਂ ਪੂਰੇ ਜੋਸ਼ ਦੇ ਨਾਲ ਨਗਰ ਨਿਗਮ ਚੋਣਾਂ ਦੇ ਵਿੱਚ ਵੀ ਹਿੱਸਾ ਲੈਣਗੇ ਅਤੇ ਪਾਰਟੀ ਨੂੰ ਹੋਰ ਮਜਬੂਤ ਕਰਨਗੇ। ਇਸੇ ਤਰ੍ਹਾਂ ਨਗਰ ਨਿਗਮ ਚੋਣਾਂ ਦੇ ਵਿੱਚ ਵੀ ਜ਼ਿਮਨੀ ਚੋਣਾਂ ਵਾਂਗ ਜਿੱਤ ਦਰਜ ਕਰਵਾਵਾਂਗੇ। ਅਮਨ ਅਰੋੜਾ ਨੇ ਕਿਹਾ ਕਿ ਭਾਵੇਂ ਮੈਨੂੰ ਪ੍ਰਧਾਨ ਲਗਾਇਆ ਗਿਆ ਹੈ, ਭਾਵੇਂ ਸ਼ੈਰੀ ਕਲਸੀ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਹੈ ਪਰ ਅਸੀਂ ਪਾਰਟੀ ਦੀ ਬਿਹਤਰੀ ਲਈ ਲੋਕਾਂ ਦੇ ਨਾਲ ਜ਼ਮੀਨ ਨਾਲ ਜੁੜ ਕੇ ਕੰਮ ਕਰਾਂਗੇ। ਇੱਕ ਪਾਸੇ ਜਿੱਥੇ ਉਹਨਾਂ ਅੱਜ ਸ਼ਕਤੀ ਪ੍ਰਦਰਸ਼ਨ ਕੀਤਾ, ਉੱਥੇ ਹੀ ਨਗਰ ਨਿਗਮ ਚੋਣਾਂ ਦੇ ਲਈ ਵੀ ਪਾਰਟੀ ਦੀ ਤਿਆਰੀ ਵੱਲ ਇਸ਼ਾਰਾ ਕੀਤਾ।