ਹਰਿਮੰਦਰ ਸਾਹਿਬ ਦੀ ਨਕਲ ਬਣਾਉਣ ਵਾਲਿਆਂ 'ਤੇ ਹੋਵੇਗੀ ਕਾਰਵਾਈ (ਅੰਮ੍ਰਿਤਸਰ ਪਤੱਰਕਾਰ) ਅੰਮ੍ਰਿਤਸਰ:ਬੀਤੇ ਦਿਨੀਂ ਪੂਣੇ ਮਹਾਰਾਸ਼ਟਰ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਨੂੰ ਸਥਾਪਤ ਕਰਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦਾ ਵਿਰੋਧ ਸਾਹਮਣੇ ਆਇਆ ਹੈ। ਜਿਸ ਦੇ ਚਲਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਮੀਡੀਆ 'ਚ ਗੱਲਬਾਤ ਕਰਦੇ ਹੋਏ ਕਿਹਾ ਕਿ ਗਣੇਸ਼ ਉਤਸਵ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਨਕਲ ਦਾ ਪੰਡਾਲ ਬਣਾਇਆ ਜਾ ਰਿਹਾ ਸੀ ਜੋ ਕਿ ਬੇਹੱਦ ਸ਼ਰਮ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਸਿੱਖ ਰਿਵਾਇਤ ਮੁਤਾਬਿਕ ਇਹ ਕਦੇ ਵੀ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਕਿ ਸੱਚ ਖੰਡ ਦੇ ਹੁਬਹੁ ਕੋਈ ਹੋਰ ਪ੍ਰਤਿਮਾ ਜਾਂ ਮਾਡਲ ਬਣੇ। ਉਹਨਾਂ ਕਿਹਾ ਕਿ ਇਸ ਮਾਮਲੇ 'ਚ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਉਥੋਂ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਦੱਸਿਆ ਜਾ ਰਿਹਾ ਹੈ।
'ਨਹੀਂ ਬਣ ਸਕਦੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਨਕਲ': ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਗੱਲ ਦਾ ਵੱਡਾ ਨੋਟਿਸ ਲਿਆ ਗੁਰੂ ਸਾਹਿਬ ਨੇ ਜੋ ਇਸ ਅਸਥਾਨ ਦੇ ਬਾਰੇ 'ਚ ਵਿਖਿਆਨ ਕੀਤਾ ਹੈ ਕਿ 'ਜਿਥੇ ਸਭੇ ਥਾਵ ਨਹੀਂ ਤੁਝੇ ਆ ਇਹ ਕੋਈ ਹੋਰ ਨਹੀਂ' ਹੋ ਸਕਦਾ ਜੋ ਕੁਝ ਇੱਥੇ ਗੁਰੂ ਸਾਹਿਬ ਨੇ ਇਸ ਦੀ ਉਸਾਰੀ ਕੀਤੀ ਹੈ। ਇਸ ਦੇ ਬਰਾਬਰ 'ਤੇ ਕੁਝ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਮਸਤੂਆਣਾ ਸਾਹਿਬ ਵਿਖੇ ਇੱਕ ਇਸ ਤਰ੍ਹਾਂ ਦਾ ਗੁਰਦੁਆਰਾ ਦਾ ਜਿਹੜਾ ਬਣਿਆ ਸੀ ਉਸ ਨੂੰ ਅਕਾਲ ਤਖਤ ਸਾਹਿਬ ਨੇ ਰੱਦ ਕਰ ਦਿੱਤਾ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਦੇਖ ਰਹੇ ਸੀ ਕਿ ਪਿਛਲੇ ਦਿਨਾਂ 'ਚ ਦਿੱਲੀ ਵਿੱਚ ਕੇਦਾਰਨਾਥ ਨਾਮ ਦਾ ਇੱਕ ਮੰਦਰ ਬਣ ਰਿਹਾ ਸੀ। ਜਿਸ ਨੂੰ ਲੈ ਕੇ ਜਿਹੜੇ ਕਿ ਕੇਦਾਰ ਨਾਥ ਮੰਦਰ ਨਾਲ ਸੰਬੰਧਿਤ ਜਾਂ ਹਿੰਦੂ ਮੱਤ ਹੈ ਉਹਨਾਂ ਨੇ ਉਹ ਮੰਦਰ ਦੀ ਉਸਾਰੀ ਰਖਵਾ ਦਿੱਤੀ ਇਹ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਇਹ ਕਿਸੇ ਨਾ ਕਿਸੇ ਤਰ੍ਹਾਂ ਜਿਵੇਂ ਚੁਣੌਤੀ ਆ 'ਤੇ ਚੈਲੰਜ ਆ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਨੋਟਿਸ ਲਿਆ।
'ਧਾਰਮਿਕ ਭਾਵਨਾਵਾਂ ਨੂੰ ਪਹੁੰਚਾਈ ਜਾ ਰਹੀ ਹੈ ਠੇਸ': ਉਹਨਾਂ ਕਿਹਾ ਕਿ ਇਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਖਤੀ ਨੋਟਿਸ ਲਿਆ ਜਾਵੇਗਾ ਅਤੇ ਨਾਲ ਹੀ ਅਜਿਹਾ ਕਰਨ ਵਾਲਿਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਵੀ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਵਲੋਂ ਜਾਣਬੁਝ ਕਿ ਸਿੱਖ ਧਰਮ ਨਾਲ ਸਬੰਧਿਤ ਇਤਿਹਾਸਕ ਅਸਥਾਨਾਂ ਦੀ ਨਕਲ ਕੀਤੀ ਜਾਂਦੀ ਹੈ, ਜਿਸ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਸ਼੍ਰੋਮਣੀ ਕਮੇਟੀ ਮੈਂਬਰ ਨੇ ਆਖਿਆ ਕਿ ਇਹ ਕਾਰਵਾਈ ਸਿੱਖ ਰਵਾਇਤਾਂ, ਪ੍ਰੰਪਰਾਵਾਂ ਅਤੇ ਸਿਧਾਂਤਾਂ ਦੇ ਉਲਟ ਹੈ ਅਤੇ ਇਸ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਨਹੀਂ ਕੀਤੀ ਜਾ ਸਕਦੀ। ਅਜਿਹਾ ਕਰਨ ਵਾਲਿਆਂ ਨੂੰ ਸਿੱਖ ਰਵਾਇਤਾਂ, ਮਾਨਤਾਵਾਂ ਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਸੀ।
ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵਲੋਂ ਪੁਣੇ ਵਿਖੇ ਇੱਕ ਟੀਮ ਨੂੰ ਪੜਤਾਲ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਵਰਤਮਾਨ ਸਮੇਂ 'ਚ ਅਜਿਹੀਆਂ ਸਿੱਖ ਵਿਰੋਧੀ ਕਾਰਵਾਈਆਂ ਦੇ ਚਲਨ 'ਤੇ ਵੀ ਚਿੰਤਾ ਪ੍ਰਗਟ ਕਰਦਿਆਂ ਸਥਾਨਕ ਗੁਰਦੁਆਰਾ ਕਮੇਟੀਆਂ ਨੂੰ ਕਿਹਾ ਕਿ ਉਹ ਅਜਿਹੇ ਕਾਰਵਾਈਆਂ ਨੂੰ ਮੌਕੇ ’ਤੇ ਹੀ ਰੋਕਣ ਦਾ ਯਤਨ ਕਰਨ ਨਾ ਕਿ ਇਸ ਵਿੱਚ ਖੁਦ ਭਾਗੀਦਾਰ ਬਨਣ।