ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ 47 ਡਿਗਰੀ ਤੋਂ ਵੱਧ ਦੀ ਗਰਮੀ ਹੋ ਚੁੱਕੀ ਹੈ ਅਤੇ ਇੰਨੀ ਗਰਮੀ ਦੇ ਵਿੱਚ ਸੰਗਤਾਂ ਦੀ ਵੱਡੀ ਆਮਦ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਦੇਖਣ ਨੂੰ ਮਿਲਦੀ ਹੈ। ਸੰਗਤ ਦੀ ਆਸਥਾ ਅੱਗੇ 47 ਡਿਗਰੀ ਦੀ ਗਰਮੀ ਵੀ ਘੱਟ ਜਾਪਦੀ ਹੈ ਪਰ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੀ ਆਮਦ ਨੂੰ ਦੇਖਦੇ ਹੋਏ ਦਰਬਾਰ ਸਾਹਿਬ ਵਿੱਚ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਕਿ ਸੰਗਤ ਨੂੰ ਉੱਥੇ ਗਰਮੀ ਘੱਟ ਤੋਂ ਘੱਟ ਮਹਿਸੂਸ ਹੋਵੇ।
ਐਸਜੀਪੀਸੀ ਵੱਲੋਂ ਪੁਖਤਾ ਪ੍ਰਬੰਧ : ਐੱਸਜੀਪੀਸੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 47 ਡਿਗਰੀ ਤੋਂ ਵੱਧ ਦੀ ਪੈ ਰਹੀ ਗਰਮੀ ਦੇ ਵਿੱਚ ਸੰਗਤ ਲਈ ਐਸਜੀਪੀਸੀ ਨੇ ਖਾਸ ਪ੍ਰਬੰਧ ਕੀਤੇ ਹਨ, ਜਿਸ ਵਿੱਚ ਪਰਿਕਰਮਾ ਦੇ ਵਿੱਚ ਵਿਛਾਏ ਟਾਟ ਰੋਜ਼ਾਨਾ ਸਮੇਂ ਸਮੇਂ 'ਤੇ ਐਸਜੀਪੀਸੀ ਦੇ ਮੁਲਾਜ਼ਮਾਂ ਅਤੇ ਸੰਗਤ ਵੱਲੋਂ ਗਿੱਲੇ ਕੀਤੇ ਜਾਂਦੇ ਹਨ ਤਾਂ ਜੋ ਕਿ ਸੰਗਤ ਉਸ ਉੱਪਰ ਚੱਲੇ ਅਤੇ ਉਹਨਾਂ ਨੂੰ ਗਰਮੀ ਤੋਂ ਰਾਹਤ ਮਿਲੇ। ਇਸ ਤੋਂ ਇਲਾਵਾ ਉਹਨਾਂ ਵੱਲੋਂ ਦਰਬਾਰ ਸਾਹਿਬ ਦੇ ਬਾਹਰ ਪਲਾਜ਼ੇ ਦੇ ਵਿੱਚ ਜੋ ਫਵਾਰਾ ਲਗਾਇਆ ਹੈ, ਉਹ ਲਗਾਤਾਰ ਚਲਾਇਆ ਜਾ ਰਿਹਾ ਤਾਂ ਜੋ ਕਿ ਉਸ ਦੀ ਠੰਡਕ ਸੰਗਤਾਂ ਤੱਕ ਪਹੁੰਚੇ। ਇਸ ਤੋਂ ਇਲਾਵਾ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਦਰਬਾਰ ਸਾਹਿਬ ਦੇ ਅੰਦਰ ਪੁੱਲ ਦੇ ਉੱਪਰ ਵੀ ਵੱਡੀ ਗਿਣਤੀ ਵਿੱਚ ਪੱਖੇ ਲਗਾਏ ਗਏ ਹਨ ਅਤੇ ਪਰਿਕਰਮਾ ਦੇ ਵਿੱਚ ਵੀ ਪੱਖੇ ਲਗਾਏ ਗਏ ਹਨ ਤਾਂ ਜੋ ਕਿ ਸੰਗਤ ਨੂੰ ਗਰਮੀ ਤੋਂ ਰਾਹਤ ਮਿਲ ਸਕੇ।