SCHOOL CHILDREN FAINTED (ETV Bharat) ਅੰਮ੍ਰਿਤਸਰ:ਆਜ਼ਾਦੀ ਦਿਹਾੜੇ 'ਤੇ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਪ੍ਰੋਗਰਾਮ ਕਰਵਾਏ ਗਏ। ਇਸ ਵਿੱਚ ਸਕੂਲੀ ਬੱਚਿਆਂ ਨੇ ਪਰੇਡ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ, ਉੱਥੇ ਹੀ ਅੰਮ੍ਰਿਤਸਰ ਦਿਹਾਤੀ ਦੇ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਤੋਂ ਨਿਰਾਸ਼ਾਜਨਕ ਤਸਵੀਰਾਂ ਸਾਹਮਣੇ ਆਈਆਂ ਹਨ। ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਖੇਡ ਸਟੇਡੀਅਮ ਵਿੱਚ 78ਵਾਂ ਆਜ਼ਾਦੀ ਦਿਹਾੜਾ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕਰਨ ਆਏ ਸਕੂਲੀ ਬੱਚਿਆਂ ਦੇ ਵਿੱਚੋਂ ਕਰੀਬ ਤਿੰਨ ਬੱਚੇ ਗਰਮੀ ਅਤੇ ਹੁੰਮਸ ਕਾਰਨ ਬੇਹੋਸ਼ ਹੋ ਗਏ, ਜਿੰਨਾਂ ਵਿੱਚੋਂ ਦੋ ਲੜਕੀਆਂ ਅਤੇ ਇੱਕ ਲੜਕਾ ਸ਼ਾਮਲ ਸੀ। ਜਿਨਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੇ ਕੇ ਇਲਾਜ ਸ਼ੁਰੂ ਕੀਤਾ ਗਿਆ।
ਇਸ ਦੇ ਨਾਲ ਹੀ ਸਵੇਰ ਤੋਂ ਭੁੱਖਣ ਭਾਣੇ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਪੁੱਜੇ ਸਕੂਲੀ ਬੱਚਿਆਂ ਨੂੰ ਉੱਥੇ ਮੌਜੂਦ ਸਟਾਫ ਵੱਲੋਂ ਹੱਥਾਂ ਦੇ ਵਿੱਚ ਪਕੌੜੇ ਦਿੱਤੇ ਗਏ, ਜਿਸ ਦੀਆਂ ਤਸਵੀਰਾਂ ਜਦੋਂ ਕੈਮਰੇ ਵਿੱਚ ਕੈਦ ਕੀਤੀਆਂ ਜਾਣ ਲੱਗੀਆਂ ਤਾਂ ਕੈਮਰਾ ਦੇਖ ਕੇ ਮੁਲਾਜ਼ਮ ਕੈਮਰੇ ਦੇ ਅੱਗੇ-ਅੱਗੇ ਭੱਜਦੇ ਹੋਏ ਦਿਖਾਈ ਦਿੱਤੇ। ਬੱਚਿਆਂ ਦੇ ਬੇਹੋਸ਼ ਹੋਣ ਦੀ ਖਬਰ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਹਰਕਤ ਵਿੱਚ ਨਜ਼ਰ ਆਇਆ।
ਐਸਡੀਐਮ ਨੇ ਸ਼ਰੇਆਮ ਬੋਲਿਆ ਝੂਠ:ਉਕਤ ਸਮਾਗਮ ਦੀ ਸਮਾਪਤੀ ਤੋਂ ਬਾਅਦ ਗੱਲਬਾਤ ਦੌਰਾਨ ਉਪ ਮੰਡਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ, ਰਵਿੰਦਰ ਸਿੰਘ ਅਰੋੜਾ ਨਾਲ ਜਦੋਂ ਪ੍ਰੋਗਰਾਮ ਦੌਰਾਨ ਕੀਤੇ ਗਏ ਮਾੜੇ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਦਾਅਵਾ ਕੀਤਾ ਕਿ ਸੁਤੰਤਰਤਾ ਸਮਾਗਮ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਉਹਨਾਂ ਕਿਹਾ ਕਿ ਗਰਾਊਂਡ ਦੇ ਵਿੱਚ ਬੱਚਿਆਂ ਲਈ ਟੈਂਟ ਲਗਾਏ ਗਏ ਅਤੇ ਹੋਰ ਖਾਣ ਪੀਣ ਦੇ ਪ੍ਰਬੰਧ ਕੀਤੇ ਗਏ ਸਨ। ਜਦੋਂ ਕਿ ਤਸਵੀਰਾਂ ਕੁਝ ਹੋਰ ਬਿਆਨ ਕਰ ਰਹੀਆਂ ਹਨ। ਜਿਸ ਸਬੰਧੀ ਉਹਨਾਂ ਨੂੰ ਤਸਵੀਰਾਂ ਰਾਹੀਂ ਜਾਣੂ ਕਰਵਾਉਣ 'ਤੇ ਐਸਡੀਐਮ ਬਾਬਾ ਬਕਾਲਾ ਸਾਹਿਬ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਸਨ। ਲੇਕਿਨ ਜੇਕਰ ਪ੍ਰਬੰਧਾਂ ਦੇ ਵਿੱਚ ਕਿਸੇ ਅਧਿਕਾਰੀ ਵੱਲੋਂ ਅਣਗਹਿਲੀ ਵਰਤੀ ਗਈ ਹੈ ਤਾਂ ਉਹ ਇਸ ਦੀ ਜਾਂਚ ਕਰਨਗੇ ਅਤੇ ਗਲਤੀ ਪਾਏ ਜਾਣ 'ਤੇ ਬਣਦੀ ਕਾਰਵਾਈ ਵੀ ਕਰਨਗੇ। ਉਹਨਾਂ ਦੱਸਿਆ ਕਿ ਬੇਹੱਦ ਗਰਮੀ ਕਾਰਨ ਬੱਚੇ ਬੇਹੋਸ਼ ਹੋ ਗਏ ਸਨ, ਜਿਨਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੰਦਿਆਂ ਓ ਆਰ ਐਸ ਦੇਣ ਤੋਂ ਬਾਅਦ ਬੱਚੇ ਠੀਕ ਹਨ।
ਖੈਰ ਗੱਲ ਜਦੋਂ ਦੇਸ਼ ਦੇ ਆਜ਼ਾਦੀ ਦਿਹਾੜੇ ਦੀ ਹੋਵੇ ਅਤੇ ਉਸ ਦੌਰਾਨ ਪ੍ਰਬੰਧਾਂ ਦੀ ਕਮੀ ਕਾਰਨ ਜੇਕਰ ਬੱਚਿਆਂ ਨੂੰ ਪਰੇਸ਼ਾਨ ਹੁੰਦੇ ਦੇਖਿਆ ਜਾਵੇ ਤਾਂ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਕਿ ਜੇਕਰ ਬੱਚਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈਣ ਲਈ ਬੁਲਾਇਆ ਗਿਆ ਸੀ ਤਾਂ ਉਹਨਾਂ ਦੀ ਸੁੱਖ ਸਹੂਲਤ ਨੂੰ ਧਿਆਨ ਹਿੱਤ ਰੱਖਦਿਆਂ ਟੈਂਟ, ਪਾਣੀ ਅਤੇ ਇਸ ਭਾਰੀ ਗਰਮੀ ਦੇ ਵਿੱਚ ਪੱਖਿਆਂ ਦਾ ਪ੍ਰਬੰਧ ਹੋਣਾ ਲਾਜ਼ਮੀ ਸੀ ਜੋ ਕਿ ਤਸਵੀਰਾਂ ਦੌਰਾਨ ਮੁਕੰਮਲ ਤੌਰ ਦੇ ਉੱਤੇ ਨਹੀਂ ਦਿਖਾਈ ਦੇ ਰਿਹਾ ਹੈ।