ਬਰਨਾਲਾ:ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਚੋਣ ਮੁਹਿੰਮ ਦਿਨੋਂ ਦਿਨ ਭਖਦੀ ਆ ਜਹੀ ਹੈ। ਅੱਜ ਸਵੇਰ ਤੋਂ ਖਹਿਰਾ ਵੱਲੋਂ ਬਰਨਾਲਾ ਜ਼ਿਲ੍ਹੇ ਦਾ ਚੋਣ ਦੌਰਾ ਆਰੰਭ ਕੀਤਾ ਗਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਮਹਿਲ ਕਲਾਂ ਵਿਖੇ ਕਾਂਗਰਸ ਪਾਰਟੀ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ।
ਵਿਰੋਧੀਆਂ ਦੇ ਉੱਡੇ ਹੋਸ਼:ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਸਮੂਹ ਕਾਂਗਰਸੀ ਪੂਰੀ ਤਰ੍ਹਾਂ ਇਕਜੁਟ ਹਨ ਅਤੇ ਸਾਡੀ ਮੁਹਿੰਮ ਦਿਨੋਂ ਦਿਨ ਅੰਬਰਾਂ ਛੂੰਹਦੀ ਜਾ ਰਹੀ ਹੈ, ਜਿਸ ਕਾਰਨ ਵਿਰੋਧੀਆਂ ਦੇ ਹੋਸ਼ ਉਡ ਗਏ ਹਨ। ਉਨ੍ਹਾਂ ਸਮੂਹ ਕਾਂਗਰਸੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪੱਧਰ 'ਤੇ ਸਵੇਰੇ ਅਤੇ ਸ਼ਾਮ ਆਮ ਲੋਕਾਂ ਦੇ ਘਰਾਂ ਦੇ ਬੂਹੇ ਖੜ੍ਹਕਾਉਣ ਅਤੇ ਕਾਂਗਰਸੀ ਪਾਰਟੀ ਲਈ ਵੋਟਾਂ ਪਾਉਣ ਲਈ ਕਹਿਣ। ਦਿਨ ਵੇਲੇ ਵਰਕਰ ਆਪਣਾ ਕੰਮ ਕਰ ਸਕਦੇ ਹਨ, ਪਾਰਟੀ ਲਈ ਸਿਰਫ਼ ਦੋ ਘੰਟੇ ਹੀ ਬਹੁਤ ਹਨ।
ਸੁਖਪਾਲ ਖਹਿਰਾ ਦਾ ਦਾਅਵਾ:ਖਹਿਰਾ ਨੇ ਕਿਹਾ ਕਿ ਲੋਕਾਂ ਦਾ ਰੁਝਾਨ ਕਾਂਗਰਸ ਪਾਰਟੀ ਵੱਲ ਹੋ ਚੁੱਕਿਆ ਹੈ। ਥੋੜ੍ਹੇ ਜਿਹੇ ਦਿਨ ਜੇਕਰ ਕਾਂਗਰਸੀ ਵਰਕਰ ਮਿਹਨਤ ਨਾਲ ਕੰਮ ਕਰਨਗੇ ਤਾਂ 4 ਜੂਨ ਨੂੰ ਆਉਣ ਵਾਲਾ ਨਤੀਜਾ ਕਾਂਗਰਸ ਪਾਰਟੀ ਦੇ ਪੱਖ ਵਿੱਚ ਹੋਵੇਗਾ। ਇਸ ਮੌਕੇ ਸਮੂਹ ਕਾਂਗਰਸੀ ਵਰਕਰਾਂ ਨੇ ਖਹਿਰਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕਾਂਗਰਸ ਪਾਰਟੀ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦੇਣਗੇ।
ਸੁਖਪਾਲ ਸਿੰਘ ਖਹਿਰਾ (ਈਟੀਵੀ ਭਾਰਤ, ਬਰਨਾਲਾ) ਫਿਰਕੂ ਤਾਕਤਾਂ ਸਾਡੇ ਦੇਸ਼ ਨੂੰ ਵੰਡਣਾ ਚਾਹੁੰਦੀਆਂ :ਉਥੇ ਨਾਲ ਹੀ ਸੁਖਪਾਲ ਖਹਿਰਾ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਹਲਕੇ ਮਹਿਲ ਕਲਾਂ ਦੇ ਪਿੰਡਾਂ ਦੇ ਚੋਣ ਜਲਸੇ ਕੀਤੇ। ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕਰਕੇ ਕਾਂਗਰਸ ਨੂੰ ਵੋਟਾਂ ਪਾਉਣ ਦਾ ਭਰੋਸਾ ਦਿਵਾਇਆ। ਸ਼ਹੀਦ ਬਾਬਾ ਜੰਗ ਸਿੰਘ ਪਾਰਕ ਮਹਿਲ ਕਲਾਂ ਵਿਖੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਫਿਰਕੂ ਤਾਕਤਾਂ ਸਾਡੇ ਦੇਸ਼ ਨੂੰ ਵੰਡਣਾ ਚਾਹੁੰਦੀਆਂ ਹਨ। ਭਾਜਪਾ ਨੇ ਹਮੇਸ਼ਾ ਦੇਸ਼ ਨੂੰ ਤੋੜਨ ਦੀ ਗੱਲ ਕੀਤੀ ਹੈ। ਇੱਕ ਵਰਗ ਨੂੰ ਦਬਾਉਣ ਲਈ ਭਾਜਪਾ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ।
ਖਹਿਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨੂੰ ਕੋਈ ਖ਼ਾਸ ਅਹਿਮੀਅਤ ਨਹੀਂ ਦਿੰਦੇ। ਆਪਣੀਆਂ ਮੰਗਾਂ ਖ਼ਾਤਰ ਦਿੱਲੀ ਦੀਆਂ ਬਰੂਹਾਂ 'ਤੇ ਧਰਨੇ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਤੇ ਲਾਠੀਚਾਰਜ ਕਰਕੇ ਆਪਣੀ ਮਾਨਸਿਕਤਾ ਦਰਸਾਈ ਹੈ।
ਆਪ ਸਰਕਾਰ ਉੱਤੇ ਨਿਸ਼ਾਨੇ ਸਾਧੇ:ਖਹਿਰਾ ਨੇ ਕਿਹਾ ਕਿ ਇਸ ਤੋਂ ਬਾਅਦ ਸੰਭੂ ਤੇ ਖਨੌਰੀ ਬਾਰਡਰ 'ਤੇ ਕਿਸਾਨਾਂ ਨਾਲ ਜਿਹੜਾ ਧੱਕਾ ਹੋਇਆ ਹੈ, ਉਸ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਹਰਿਆਣਾ ਦੀ ਭਾਜਪਾ ਸਰਕਾਰ ਕਰਕੇ ਹੋਇਆ ਹੈ। ਇਹ ਦੋਵੇਂ ਸਰਕਾਰਾਂ ਦਾ ਸਾਂਝਾ ਐਕਸ਼ਨ ਸੀ। ਖਹਿਰਾ ਨੇ ਕਿਹਾ ਕਿ ਕਿਸਾਨਾਂ ਨਾਲ ਕਿੰਨਾ ਧੱਕਾ ਹੋਇਆ 92 ਵਿਧਾਇਕਾਂ ਵਿੱਚ ਕਿਸੇ ਨੇ ਵੀ ਪੰਜਾਬ ਦੇ ਹੱਕ 'ਚ ਨਾਅਰਾ ਨਹੀਂ ਮਾਰਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 1 ਜੂਨ ਨੂੰ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾ ਕੇ ਉਨ੍ਹਾਂ ਨੂੰ ਸੰਸਦ ਵਿੱਚ ਭੇਜਣ ਅਤੇ ਉਸ ਪਿੱਛੋਂ ਇਲਾਕੇ ਦੇ ਸਾਰੇ ਮੁੱਦੇ ਪਹਿਲ ਦੇ ਆਧਾਰ ਤੇ ਸੰਸਦ ਵਿੱਚ ਚੁੱਕੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਮਹਿਲ ਕਲਾਂ ਦੇ ਵੱਡੀ ਗਿਣਤੀ ਕਾਂਗਰਸੀ ਆਗੂ ਮੌਜੂਦ ਸਨ।