ਲੁਧਿਆਣਾ:ਪੰਜਾਬ ਸਭਿਆਚਾਰ, ਰੀਤੀ ਰਿਵਾਜ਼ ਅਤੇ ਤਿਉਹਾਰਾਂ ਲਈ ਜਾਣਿਆ ਜਾਂਦਾ ਹੈ। ਇਹਨਾਂ ਹੀ ਤਿਓਹਾਰਾਂ ਵਿੱਚ ਖਾਸ ਹੈ ਤੀਆਂ ਜੋ ਕਿ ਧੀਆਂ ਦਾ ਤਿਓਹਾਰ ਹੈ। ਇਸ ਤਿਓਹਾਰ 'ਚ ਮਾਪੇ ਜਿੱਥੇ ਆਪਣੀਆਂ ਵਿਆਹੀਆਂ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਬਿਸਕੁੱਟ, ਮੱਠੀਆਂ ਅਤੇ ਹੋਰ ਸਾਮਾਨ ਦਿੰਦੇ ਹਨ। ਉੱਥੇ ਹੀ ਧੀਆਂ ਇਨ੍ਹਾਂ ਮਹੀਨਿਆਂ ਵਿੱਚ ਆਪਣੇ ਪੇਕੇ ਘਰ ਆ ਜਾਂਦੀਆਂ ਹਨ ਅਤੇ ਆਪਣੀ ਹਾਣੀ ਕੁੜੀਆਂ ਦੇ ਨਾਲ ਮਿਲਦੀਆਂ ਨੇ ਪੰਜਾਬ ਦੇ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਰਿਹਾ ਹੈ, ਪਰ ਸ਼ਹਿਰਾਂ ਦੇ ਨਾਲ ਪਿੰਡਾਂ ਦੇ ਵਿੱਚ ਵੀ ਇਹ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ। ਜਿਥੇ ਹੁਣ ਮਾਪੇ ਰੈਡੀਮੇਡ ਤਰੀਕੇ ਨਾਲ ਬਣੇ ਹੋਏ ਬਿਸਕੁੱਟ ਅਤੇ ਹੋਰ ਸਾਮਾਨ ਧੀਆਂ ਨੂੰ ਸੰਧਾਰੇ ਵਿੱਚ ਦਿੰਦੇ ਹਨ।
ਉਥੇ ਹੀ ਲੁਧਿਆਣੇ 'ਚ ਇੱਕ ਭੱਠੀ ਅਜਿਹੀ ਵੀ ਹੈ ਜਿਥੇ ਅੱਜ ਵੀ ਪੁਰਾਣੇ ਢੰਗ ਦੇ ਨਾਲ ਬਿਸਕੁੱਟ ਤਿਆਰ ਕੀਤੇ ਜਾਂਦੇ ਹਨ। ਇਥੇ ਮਾਪੇ ਖੁਦ ਕੋਲ ਬਹਿ ਕੇ ਧੀਆਂ ਲਈ ਦੇਸੀ ਘਿਓ ਵਾਲੇ ਬਿੱਸਕੁੱਟ ਬਣਵਾਊਂਦੇ ਹਨ। ਇਹਨਾਂ ਪਿੰਡਾਂ ਵਿੱਚ ਅੱਜ ਵੀ ਪਰੰਪਰਾ ਮੁਤਾਬਿਕ ਸੰਧਾਰੇ ਤਿਆਰ ਕਰਵਾਏ ਜਾਂਦੇ ਹਨ ।
ਦੇਸੀ ਤਰੀਕੇ ਨਾਲ ਬਿਸਕੁੱਟ ਤਿਆਰ ਕਰਵਾਉਂਦੇ ਹਨ:ਇਸ ਮੌਕੇ ਬਿੱਸਕੁੱਟ ਬਣਵਾਉਣ ਆਈ ਔਰਤ ਨੇ ਦੱਸਿਆ ਕਿਬੇਸ਼ੱਕ ਅਜੋਕੇ ਸਮੇਂ ਵਿੱਚ ਭੱਠੀਆਂ ਜਿਆਦਾਤਰ ਅਲੋਪ ਹੋ ਚੁੱਕੀਆਂ ਹਨ ਪਰ ਹੁਣ ਵੀ ਪਿੰਡਾਂ ਵਿੱਚ ਨਜ਼ਰ ਆਉਂਦੀਆਂ ਹਨ ਅਤੇ ਸ਼ਹਿਰਾਂ ਤੋਂ ਵੀ ਲੋਕ ਉਥੇ ਬਿਸਕੁੱਟ ਕਰਵਾਉਣ ਲਈ ਸਪੈਸ਼ਲ ਜਾਂਦੇ ਹਨ। ਕਿਉਂਕਿ ਸਾਉਣ ਮਹੀਨੇ ਬੇਟੀ ਨੂੰ ਉਸ ਦੇ ਸਹੁਰੇ ਘਰ ਸੰਧਾਰਾ ਦੇਣਾ ਹੁੰਦਾ ਹੈ। ਪੁਰਾਣੇ ਰੀਤੀ ਰਿਵਾਜਾਂ ਨਾਲ ਅੱਜ ਵੀ ਇਹ ਪ੍ਰਥਾ ਜਿਉਂਦੀ ਹੈ ਅਤੇ ਅੱਜ ਵੀ ਫਰਮਾਇਸ਼ ਮੁਤਾਬਿਕ ਲੋਕ ਬਿਸਕੁੱਟ ਤਿਆਰ ਕਰਵਾ ਕੇ ਹੀ ਧੀਆਂ ਦੇ ਸਹੁਰੇ ਭੇਜੇ ਜਾਂਦੇ ਹਨ। ਔਰਤ ਨੇ ਦੱਸਿਆ ਕਿ ਇਥੇ ਕਈ ਸਾਲਾਂ ਤੋਂ ਬਿਸਕੁੱਟ ਬਣਾਉਣ ਲਈ ਆ ਰਹੇ ਹਨ। ਇਥੇ ਆਪਣਾ ਸਮਾਨ ਲਿਆ ਕੇ ਆਪਣੀ ਨਜ਼ਰਾਂ ਸਾਹਮਣੇ ਬਣਵਾਏ ਬਿਸਕੁੱਟਾਂ ਦੀ ਗੱਲ ਹੀ ਕੁਝ ਹੋਰ ਹੁੰਦੀ ਹੈ।
ਕੰਮ ਪਿਆ ਮੱਠਾ: ਇਸ ਮੌਕੇ ਗੱਲ ਕਰਦਿਆਂ ਭੱਠੀ ਚਲਾਉਣ ਵਾਲਿਆਂ ਨੇ ਦੱਸਿਆ ਕਿ ਹੁਣ ਰੀਤਾਂ ਮੁਤਾਬਿਕ ਸੰਧਾਰਾ ਤਿਆਰ ਕਰਵਾਉਣ ਦਾ ਕਰੇਜ਼ ਬਹੁਤ ਘੱਟ ਗਿਆ ਹੈ, ਜਿਸ ਦੇ ਚੱਲਦਿਆਂ ਉਹਨਾਂ ਦਾ ਕੰਮ ਵੀ ਕਾਫੀ ਘੱਟ ਹੈ, ਪਰ ਅੱਜ ਵੀ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ। ਭੱਠੀ ਵਾਲਿਆਂ ਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਇਸ ਕਿਤੇ ਨਾਲ ਜੁੜੇ ਹੋਏ ਹਨ। ਉਹਨਾਂ ਨੇ ਲੋਕਾਂ ਨੂੰ ਵੀ ਕਿਹਾ ਕਿ ਜਰੂਰ ਆਉਣ ਤਾਂ ਕਿ ਸਾਰਿਆਂ ਦੇ ਕੰਮ ਚੱਲਦੇ ਰਹਿਣ ਅਤੇ ਰੀਤੀ ਰਿਵਾਜ ਵੀ ਬਣੇ ਰਹਿਣ।