ਚੰਡੀਗੜ੍ਹ: ਪੰਜਾਬ 'ਚ ਆਏ ਦਿਨ ਹੋ ਰਹੀ ਲੁੱਟ ਖੋਹ ਅਤੇ ਕਤਲ ਦੀਆਂ ਵਾਰਦਾਤਾਂ ਸਰਕਾਰ ਦੇ ਗਲੇ ਦੀ ਹੱਡੀ ਬਣਦੀਆਂ ਜਾ ਰਹੀਆਂ ਹਨ। ਜਿਸ ਕਾਰਨ ਕਿਤੇ ਨਾ ਕਿਤੇ ਕਾਨੂੰਨ ਵਿਵਸਥਾ 'ਤੇ ਸਵਾਲ ਉਠਣੇ ਲਾਜ਼ਮੀ ਹਨ। ਇਸ ਦੇ ਚੱਲਦਿਆਂ ਪਟਿਆਲਾ ਦੇ ਵੀਵੀਆਈਪੀ ਇਲਾਕੇ 'ਚ ਹੋਈ ਲੁੱਟ ਅਤੇ ਕਤਲ ਦੀ ਵਾਰਦਾਤ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਫਿਰ ਤੋਂ ਸਵਾਲ ਚੁੱਕੇ ਹਨ।
ਵੀਵੀਆਈਪੀ ਇਲਾਕੇ 'ਚ ਕਤਲ ਤੇ ਲੁੱਟ:ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਦਿਆਂ ਮਜੀਠੀਆ ਨੇ ਲਿਖਿਆ ਕਿ ਪਟਿਆਲਾ ਦੇ ਪਾਸੀ ਰੋਡ 'ਤੇ ਤਿੰਨ ਲੁਟੇਰਿਆਂ ਵੱਲੋਂ 30 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਕਾਰ ਖੋਹ ਲਈ ਗਈ। ਇਹ ਇੱਕ ਪਾਸ਼ ਵੀਵੀਆਈਪੀ ਇਲਾਕਾ ਹੈ ਜਿੱਥੇ ਸਿਰਫ਼ ਜੱਜਾਂ ਅਤੇ ਆਈਏਐਸ ਅਧਿਕਾਰੀਆਂ ਦੀ ਰਿਹਾਇਸ਼ ਹੈ। ਇਸ 'ਚ ਮੰਦਭਾਗਾ ਇਹ ਹੈ ਕਿ ਪੁਲਿਸ ਦੇ ਉੱਚ ਅਧਿਕਾਰੀ ਦਾ ਦਫ਼ਤਰ ਵੀ ਇਸੇ ਸੜਕ 'ਤੇ ਸਥਿਤ ਹੈ। ਜੇਕਰ ਅਜਿਹੇ ਵੀ.ਵੀ.ਆਈ.ਪੀ. ਖੇਤਰਾਂ ਵਿੱਚ ਕਤਲ ਅਤੇ ਲੁੱਟ-ਖੋਹ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਤਾਂ ਹੋਰ ਸਿਵਲ ਖੇਤਰਾਂ ਵਿੱਚ ਸਥਿਤੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਮਜੀਠੀਆ ਨੇ ਭਗਵੰਤ ਮਾਨ 'ਤੇ ਚੁੱਕੇ ਸਵਾਲ: ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਜੀ "ਛੱਲਾ" ਗਾਉਣ ਵਿੱਚ ਰੁਝੇ ਹੋਏ ਹਨ ਅਤੇ ਉਧਰ ਲੋਕ ਪੰਜਾਬ ਵਿੱਚ ਸੜਕਾਂ 'ਤੇ ਆਪਣੀਆਂ ਜਾਨਾਂ ਗੁਆ ਰਹੇ ਹਨ। ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਹੈ। ਮਜੀਠੀਆ ਨੇ ਲਿਖਿਆ ਕਿ ਸ਼ਰਮ ਕਰੋ ਮਾਨ ਸਾਹਿਬ, ਤੁਸੀਂ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ।
ਸ਼ਨੀਵਾਰ ਦੇਰ ਰਾਤ ਹੋਈ ਸੀ ਘਟਨਾ: ਕਾਬਿਲੇਗੌਰ ਹੈ ਕਿ ਸ਼ਨੀਵਾਰ ਦੇਰ ਰਾਤ ਪਟਿਆਲਾ 'ਚ ਇੱਕ ਨੌਜਵਾਨ ਤੋਂ ਬਦਮਾਸ਼ਾਂ ਨੇ ਪਿਸਤੌਲ ਦੇ ਦਮ 'ਤੇ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਸ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਬਦਮਾਸ਼ਾਂ ਵਲੋਂ ਉਸ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਉਧਰ ਮ੍ਰਿਤਕ ਦੀ ਪਛਾਣ ਸਮੀਰ ਕਟਾਰੀਆ ਵਾਸੀ ਸਰਹੰਦੀ ਬਾਜ਼ਾਰ, ਪਟਿਆਲਾ ਵਜੋਂ ਹੋਈ ਸੀ।
ਆਪਣੇ ਦੋਸਤ ਨਾਲ ਜਾ ਰਿਹਾ ਸੀ ਮ੍ਰਿਤਕ: ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸਮੀਰ ਆਪਣੇ ਸਾਥੀ ਨਾਲ ਕਾਰ 'ਚ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ ਤਾਂ ਰਸਤੇ 'ਚ ਤਿੰਨ ਲੁਟੇਰੇ ਕਾਰ ਲੁੱਟਣ ਲਈ ਆਏ, ਜਿਨ੍ਹਾਂ ਨੇ ਪਿਸਤੌਲ ਦੀ ਨੋਕ 'ਤੇ ਕਾਰ ਲੁੱਟ ਲਈ ਅਤੇ ਕਾਰ ਦੇ ਮਾਲਕ ਸਮੀਰ ਕਟਾਰੀਆ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਲੁਟੇਰੇ ਕਾਰ ਲੁੱਟ ਕੇ ਭੱਜਣ ਲੱਗੇ ਪਰ ਕਾਰ 100 ਮੀਟਰ ਦੀ ਦੂਰੀ 'ਤੇ ਹਾਦਸਾਗ੍ਰਸਤ ਹੋ ਗਈ, ਜਿੱਥੇ ਹਮਲਾਵਰ ਕਾਰ ਛੱਡ ਕੇ ਭੱਜ ਗਏ।