ਲੁਧਿਆਣਾ: ਜ਼ਿਲ੍ਹੇ ਵਿੱਚ ਲੁਟਾਂ-ਖੋਹਾਂ ਦੀਆਂ ਵਾਰਦਾਤਾਂ ਇਸ ਕਦਰ ਵੱਧ ਗਈਆਂ ਹਨ ਕਿ ਹੁਣ ਪੁਲਿਸ ਮੁਲਾਜ਼ਮ ਵੀ ਸੁਰੱਖਿਤ ਨਹੀਂ ਹਨ। ਤਾਜ਼ਾ ਮਾਮਲਾ ਬੀਤੇ ਦਿਨੀ ਸਾਹਮਣੇ ਆਇਆ ਹੈ, ਜਿੱਥੇ ਐਕਟਿਵਾ 'ਤੇ ਜਾ ਰਹੀ ਮਹਿਲਾ ਕਾਂਸਟੇਬਲ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਤਿੰਨ ਐਕਟਵਾ ਸਵਾਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਇਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਸਨ। ਵਾਰਦਾਤ ਦੇ ਦੌਰਾਨ ਪੁਲਿਸ ਕਰਮਚਾਰੀ ਹੇਠਾਂ ਡਿੱਗ ਗਈ। ਉਧਰ ਪੁਲਿਸ ਨੇ ਮਾਮਲੇ ਵਿੱਚ ਤੇਜ਼ਧਾਰ ਹਥਿਆਰ ਸਣੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕਿਹਾ ਕਿ ਰਿਮਾਂਡ ਲੈਕੇ ਲੁੱਟ ਕੀਤਾ ਮੰਗਲਸੂਤਰ ਬਰਾਮਦ ਕੀਤਾ ਜਾਵੇਗਾ।
ਲੁਧਿਆਣਾ ਵਿੱਚ ਪੁਲਿਸ ਮੁਲਾਜ਼ਮ ਵੀ ਨਹੀਂ ਸੁਰੱਖਿਅਤ (ETV BHARAT) ਮਹਿਲਾਂ ਕਾਂਸਟੇਬਲ ਤੋਂ ਕੀਤੀ ਲੁੱਟ
ਕਾਬਿਲੇਗੌਰ ਹੈ ਕਿ ਇਸ ਸਾਰੀ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ। ਜਿਸ ਦੇ ਆਧਾਰ ਉੱਪਰ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਡਿਵੀਜ਼ਨ ਨੰਬਰ ਅੱਠ ਦੇ ਇੰਚਾਰਜ ਬਲਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਇੱਕ ਮਹਿਲਾ ਕਾਂਸਟੇਬਲ ਮੁਲਾਜ਼ਮ ਦੇ ਨਾਲ ਤਿੰਨ ਐਕਟਵਾ ਸਵਾਰ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਦੌਰਾਨ ਮਹਿਲਾ ਕਾਂਸਟੇਬਲ ਦੇ ਗਲ ਵਿੱਚ ਪਾਇਆ ਸੋਨੇ ਦਾ ਮੰਗਲ ਸੂਤਰ ਲੁੱਟਿਆ ਗਿਆ ਸੀ, ਜਿਸ ਨੂੰ ਲੈ ਕੇ ਉਨ੍ਹਾਂ ਨੇ ਸੀਸੀਟੀਵੀ ਆਧਾਰ ਉੱਪਰ ਤਫਤੀਸ਼ ਸ਼ੁਰੂ ਕੀਤੀ ਅਤੇ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਤਿੰਨ ਮੁਲਜ਼ਮ ਪੁਲਿਸ ਨੇ ਕੀਤੇ ਕਾਬੂ
ਉਹਨਾਂ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਇੱਕ ਕਮਾਣੀਦਾਰ ਚਾਕੂ ਬਰਾਮਦ ਹੋਇਆ ਹੈ ਪਰ ਰਿਮਾਂਡ ਦੇ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪਰ ਇਥੇ ਵੱਡਾ ਸਵਾਲ ਇਹ ਹੈ ਕਿ ਜੇਕਰ ਪੁਲਿਸ ਖੁਦ ਸ਼ਹਿਰ ਦੇ ਵਿੱਚ ਸੁਰੱਖਿਅਤ ਨਹੀਂ ਹੈ ਤੇ ਪੁਲਿਸ ਲਾਈਨ ਦੇ ਨੇੜੇ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਹਨ ਤਾਂ ਆਮ ਆਦਮੀ ਦੀ ਸੁਰੱਖਿਆ ਕਿਸ ਦੇ ਸਹਾਰੇ ਹੋਵੇਗੀ।