ਮੋਗਾ:ਲੁੱਟਾਂ-ਖੋਹਾਂ, ਚੋਰੀ ਅਤੇ ਧਮਕੀਆਂ ਦਿੰਦੇ ਹੋਏ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਦਿਨ-ਬ- ਦਿਨ ਵੱਧਦੀਆਂ ਜਾ ਰਹੀਆਂ ਹਨ। ਜਿਸ ਨੂੰ ਕੰਟਰੋਲ ਕਰਨ ਵਿਚ ਪੁਲਿਸ ਪ੍ਰਸ਼ਾਸਨ ਵੀ ਨਾਕਾਮ ਨਜ਼ਰ ਆ ਰਿਹਾ ਹੈ। ਇਨ੍ਹਾਂ ਵੱਧ ਰਹੀਆਂ ਵਾਰਦਾਤਾਂ ਨੇ ਲੋਕਾਂ ਦੀ ਜਿੱਥੇ ਨੀਂਦ ਹਰਾਮ ਕਰ ਦਿੱਤੀ ਹੈ ਉਥੇ ਹੀ ਲੋਕਾਂ ਦਾ ਘਰ ਤੋਂ ਬਾਹਰ ਜਾਣਾ ਵੀ ਮੁਸ਼ਕਿਲ ਹੋ ਚੁੱਕਾ ਹੈ। ਜਿਸ ਦੀ ਤਾਜ਼ਾ ਮਿਸਾਲ ਸਥਾਨਕ ਸ਼ਹਿਰ ਦੀ ਮੋਗਾ ਸੜਕ ਤੋਂ ਮਿਲਦੀ ਹੈ, ਜਿੱਥੇ ਅੱਜ ਦਿਨ ਦਿਹਾੜੇ ਦੋ ਕਾਰ ਸਵਾਰ ਲੁਟੇਰਿਆਂ ਨੇ ਇੱਕ ਔਰਤ ਦਾ ਨਗਦੀ ਅਤੇ ਜ਼ਰੂਰੀ ਕਾਗਜ਼ਾਤਾ ਵਾਲਾ ਲਿਫ਼ਾਫ਼ਾ, ਜਿਸ ਵਿੱਚ 1 ਲੱਖ ਕੈਸ਼ ਖੋਹ ਕੇ ਫ਼ਰਾਰ ਗਏ।
ਇਸ ਸਬੰਧੀ ਪੀੜਤ ਔਰਤ ਪਰਮੀਤ ਕੌਰ (65 ਸਾਲਾ) ਪਤਨੀ ਬਲਵਿੰਦਰ ਸਿੰਘ ਵਾਸੀ ਰਾਜਿਆਣਾ ਨੇ ਪੁਲਿਸ ਥਾਣਾ ਬਾਘਾਪੁਰਾਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ (ਸ਼ਨੀਵਾਰ) ਸਵੇਰੇ ਉਹ ਸੁਨਿਆਰੇ ਦੇ ਪੈਸੇ ਦੇਣ ਲਈ ਆਟੋ ਰਾਹੀਂ ਘਰੋਂ ਆਈ ਸੀ। ਜਦੋਂ ਉਹ ਮੋਗਾ ਰੋਡ 'ਤੇ ਸੁਨਿਆਰੇ ਦੀ ਦੁਕਾਨ ਦੇ ਬਾਹਰ ਪਹੁੰਚੀ ਤਾਂ ਦੁਕਾਨ ਦੇ ਕੋਲ ਇਕ ਲੜਕਾ ਖੜ੍ਹਾ ਸੀ ਅਤੇ ਉਸ ਦਾ ਦੂਜਾ ਦੋਸਤ ਕਾਰ 'ਚ ਬੈਠਾ ਸੀ।