ਲੁਧਿਆਣਾ : ਜਗਰਾਓ ਦੇ ਪਿੰਡ ਰਸੂਲਪੁਰ ਮੱਲਾ ਦੇ ਸਾਬਕਾ ਕਾਂਗਰਸੀ ਸਰਪੰਚ ਨੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ। ਇਸ ਤੋਂ ਬਾਅਦ ਆਸਟ੍ਰੇਲੀਆ ਤੋਂ ਭਾਜਪਾ ਛੱਡਣ ਦੀਆਂ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।ਜਿਸ ਸਬੰਧੀ ਸਾਬਕਾ ਸਰਪੰਚ ਨੇ ਐਸਐਸਪੀ ਜਗਰਾਓ ਨੂੰ ਸ਼ਿਕਾਇਤ ਦੇ ਕੇ ਆਪਣੀ ਜਾਨ ਮਾਲ ਦੀ ਰੱਖਿਆ ਕਰਨ ਦੀ ਮੰਗ ਕੀਤੀ ਹੈ।
ਗੁਰਸਿਮਰਨ ਸਿੰਘ ਨੇ ਇਲਜ਼ਾਮ ਲਾਏ ਕਿ ਆਸਟ੍ਰੇਲੀਆ ਤੋਂ ਉਸ ਦੇ ਹੀ ਪਿੰਡ ਦਾ ਰਹਿਣ ਵਾਲਾ ਨੌਜਵਾਨ ਉਸ ਨੂੰ ਭਾਜਪਾ ਛੱਡਣ ਦੀਆਂ ਧਮਕੀਆਂ ਦੇ ਰਿਹਾ ਹੈ। ਉਸ ਨੇ ਦੱਸਿਆ ਕਿ ਗੁਰਪ੍ਰੀਤ ਗੋਪੀ ਨਾਲ ਪਿੰਡ ਦਾ ਇਕ ਹੋਰ ਨੌਜਵਾਨ ਵੀ ਸ਼ਾਮਲ ਹੈ।
"ਕਾਂਗਰਸ ਛੱਡਣ 'ਤੇ ਧਮਕੀਆਂ"
ਸਾਬਕਾ ਸਰਪੰਚ ਗੁਰਸਿਮਰਨ ਸਿੰਘ ਨੇ ਦੱਸਿਆ ਕਿ, "ਮੇਰੇ ਇਹ ਪਿੰਡ ਦੇ ਰਹਿਣ ਵਾਲਾ ਗੁਰਪ੍ਰੀਤ ਗੋਪੀ, ਜੋ ਇਸ ਸਮੇਂ ਆਸਟ੍ਰੇਲੀਆ ਤੋਂ ਹੈ, ਉਹ ਮੈਨੂੰ ਤੇ ਮੇਰੇ ਪੁੱਤਰ ਨੂੰ ਫੋਨ ਕਰਕੇ ਧਮਕੀਆਂ ਦੇ ਰਿਹਾ ਹੈ। ਉਸ ਉੱਤੇ ਮੁਕਦਮੇ ਪੀਓ ਹਨ, ਤੇ ਪੁਲਿਸ ਨੂੰ ਲੋੜੀਂਦਾ ਹੈ, ਇੱਥੋ ਭੱਜਿਆ ਹੋਇਆ ਹੈ। ਮੈਨੂੰ ਪਾਰਟੀ ਛੱਡਣ ਕਰਕੇ ਧਮਕੀਆਂ ਮਿਲ ਰਹੀਆਂ ਹਨ। ਉਹ ਫੋਨ ਕਰਕੇ ਧਮਕਾ ਰਿਹਾ ਹੈ ਕਿ ਤੂੰ ਕਾਂਗਰਸ ਵਿੱਚ ਸੀ ਇਸ ਕਰਕੇ ਸਰਪੰਚ ਬਣਾਇਆ ਸੀ, ਇਸ ਲਈ ਮੈਨੂੰ ਜਾਨੋਂ ਮਾਰਨ ਦੀਆਂ ਦੇ ਰਹੇ ਹਨ ਕਿ ਤੂੰ ਕਾਂਗਰਸ ਛੱਡ ਕੇ ਭਾਜਪਾ ਵਿੱਚ ਕਿਵੇਂ ਗਿਆ? ਤੂੰ ਭਾਜਪਾ ਛੱਡ ਦੇ, ਨਹੀਂ ਤਾਂ ਸਾਨੂੰ ਛੱਡਵਾਉਣੀਆਂ ਆਉਂਦੀਆਂ ਹਨ। ਉਸ ਕੋਲੋਂ ਮੈਨੂੰ ਤੇ ਮੇਰੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਹੈ।"
ਸਾਬਕਾ ਸਰਪੰਚ ਸਣੇ ਉਸ ਦੇ ਪੁੱਤਰ ਨੂੰ ਵੀ ਧਮਕੀਆਂ
ਸਾਬਕਾ ਸਰਪੰਚ ਨੇ ਦੱਸਿਆ ਕਿ ਭਾਜਪਾ ਨਾ ਛੱਡਣ ਦੀ ਸੂਰਤ ਵਿੱਚ ਸਾਬਕਾ ਸਰਪੰਚ ਅਤੇ ਉਸ ਦੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਡਰਾਇਆ ਜਾ ਰਿਹਾ ਹੈ। ਸਾਬਕਾ ਸਰਪੰਚ ਨੇ ਦੱਸਿਆ ਕਿ ਇਹ ਸਿਲਸਿਲਾ ਕਰੀਬ 13 ਨਵੰਬਰ ਤੋਂ ਸ਼ੁਰੂ ਹੋਇਆ ਸੀ ਤੇ ਹੁਣ ਤੱਕ ਜਾਰੀ ਹੈ। ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ, ਪਰ ਫੋਨ ਕਰਨ ਵਾਲਾ ਰੋਜ਼ਾਨਾ ਨਵੇਂ ਨਵੇਂ ਨੰਬਰਾਂ ਤੋਂ ਫੋਨ ਕਰਕੇ ਭਾਜਪਾ ਛੱਡਣ ਦੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ।
ਪੁਲਿਸ ਵਲੋਂ ਮਾਮਲਾ ਦਰਜ
ਇਸ ਬਾਰੇ ਜਦੋਂ ਜਗਰਾਓ ਦੇ ਥਾਣਾ ਹਠੂਰ ਪੁਲਿਸ ਨਾਲ ਗੱਲਬਾਤ ਕੀਤੀ, ਤਾਂ ਪੁਲਿਸ ਅਧਿਕਾਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਮਿਲਣ ਉੱਤੇ ਦੋ ਨੌਜਵਾਨਾਂ (ਗੁਰਪ੍ਰੀਤ ਸਿੰਘ ਗੋਪੀ ਤੇ ਹਰਵਿੰਦਰ ਸਿੰਘ) ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਵਿੱਚੋ ਇੱਕ ਆਸਟ੍ਰੇਲੀਆ ਵਿੱਚ ਰਹਿੰਦਾ ਹੈ ਤੇ ਦੂਜਾ ਪਿੰਡ ਰਸੂਲਪੁਰ ਮੱਲਾ ਵਿਚ ਹੀ ਰਹਿੰਦਾ ਹੈ। ਗ੍ਰਿਫਤਾਰੀ ਹੋਣੀ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਪੂਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।