ਅੰਮ੍ਰਿਤਸਰ : ਮੌਨਸੂਨ ਦੇ ਨਾਲ ਪਹਾੜੀ ਅਤੇ ਮੈਦਾਨੀ ਖੇਤਰਾਂ ਦੇ ਵਿੱਚ ਬਰਸਾਤਾਂ ਪੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਅਤੇ ਕਈ ਜਗ੍ਹਾ ਲਗਾਤਾਰ ਬਰਸਾਤ ਹੋਣ ਦੇ ਕਾਰਨ ਨਦੀਆਂ ਤੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਨਜ਼ਰ ਆ ਰਿਹਾ ਹੈ। ਇਸੇ ਦੇ ਚੱਲਦੇ ਜੇ ਗੱਲ ਬਿਆਸ ਦਰਿਆ ਦੀ ਕਰੀਏ ਤਾਂ ਪਾਣੀ ਦਾ ਪੱਧਰ ਬੀਤੇ ਦਿਨਾਂ ਦੌਰਾਨ ਵੱਧਦਾ ਹੋਇਆ ਦਰਜ ਕੀਤਾ ਗਿਆ ਹੈ।
ਗੋਤਾਖੋਰਾਂ ਨੇ ਦੱਸੇ ਹਾਲਾਤ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਰਿਆ ਬਿਆਸ ਨੇੜੇ ਤੈਨਾਤ ਗੋਤਾਖੋਰਾਂ ਨੇ ਦੱਸਿਆ ਕਿ ਬੀਤੇ ਦਿਨਾਂ ਦੌਰਾਨ ਤਿੰਨ ਤੋਂ ਚਾਰ ਇੰਚ ਪਾਣੀ ਦੇ ਵਿੱਚ ਵਾਧਾ ਹੋਇਆ ਹੈ। ਉਹਨਾਂ ਦੱਸਿਆ ਕਿ ਬਰਸਾਤਾਂ ਤੋਂ ਬਾਅਦ ਦਰਿਆ ਵਿੱਚ ਪਾਣੀ ਲਗਾਤਾਰ ਵੱਧ ਘੱਟ ਰਿਹਾ ਹੈ। ਇਸ ਦੇ ਨਾਲ ਹੀ ਗੋਤਾਖੋਰ ਨੇ ਦੱਸਿਆ ਕਿ ਸਰਕਾਰ ਵੱਲੋਂ ਉਹਨਾਂ ਦੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਜਾਂਦੀ ਹੈ ਤੇ ਬਹੁਤ ਮੁਸ਼ਕਿਲ ਦੇ ਨਾਲ ਆਪਣੇ ਘਰ ਦੀ ਰੋਜ਼ੀ ਰੋਟੀ ਚਲਾ ਕੇ ਗੁਜ਼ਾਰਾ ਕਰ ਰਹੇ ਹਾਂ। ਉਹਨਾਂ ਦੱਸਿਆ ਕਿ ਹੁਣ ਤੱਕ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਦਰਿਆ ਬਿਆਸ ਕੰਢੇ ਆ ਕੇ ਪਾਣੀ ਦੇ ਹਾਲਾਤਾਂ ਦਾ ਜਾਇਜ਼ਾ ਫਿਲਹਾਲ ਨਹੀਂ ਲਿਆ ਗਿਆ ਹੈ।