ਲੁਧਿਆਣਾ:ਲੁਧਿਆਣਾ 'ਚ ਨਗਰ ਨਿਗਮ ਚੋਣਾਂ ਦੇ ਆਖਰੀ ਦਿਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰੋਡ ਸ਼ੋਅ ਕੱਢਿਆ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਤੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਤੋਂ ਇਲਾਵਾ ਸਥਾਨਕ ਵਿਧਾਇਕ ਵੀ ਨਾਲ ਸਨ। ਇਸ ਦੌਰਾਨ ਸਮੁੱਚੀ ਲੀਡਰਸ਼ਿਪ ਆਪੋ-ਆਪਣੀ ਗੱਡੀ 'ਤੇ ਖੜ ਕੇ ਰੋਡ ਸ਼ੋਅ ਕਰ ਰਹੇ ਸਨ, ਜਿਸ ਨੂੰ ਲੈਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸਵਾਲ ਖੜੇ ਕੀਤੇ ਹਨ।
CM ਰੋਡ ਸ਼ੋਅ ‘ਤੇ ਬਿੱਟੂ ਦੇ ਸਵਾਲ (Etv Bharat ਪੱਤਰਕਾਰ ਲੁਧਿਆਣਾ) ਰੋਡ ਸ਼ੋਅ 'ਤੇ ਬਿੱਟੂ ਨੇ ਚੁੱਕੇ ਸਵਾਲ
ਰਵਨੀਤ ਬਿੱਟੂ ਨੇ ਤੰਜ ਕੱਸਦਿਆਂ ਕਿਹਾ ਕਿ ਆਮ ਲੋਕਾਂ ਨੂੰ ਤਾਂ ਕੀ ਇਸ ਰੋਡ ਸ਼ੋਅ 'ਚ ਆਪ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਤੇ ਕਾਰਜ਼ਕਾਰੀ ਪ੍ਰਧਾਨ ਸ਼ੈਰੀ ਕਲਸੀ ਨੂੰ ਵੀ ਮੁੱਖ ਮੰਤਰੀ ਮਾਨ ਦੀ ਗੱਡੀ ਦੇ ਨੇੜੇ ਨਹੀਂ ਲੱਗਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੋ ਖੁਦ ਨੂੰ ਕਦੇ ਆਮ ਆਦਮੀ ਕਹਿੰਦੇ ਸਨ, ਉਹ ਅੱਜ ਦੇ ਸਮੇਂ 'ਚ ਖਾਸ ਆਦਮੀ ਬਣ ਚੁੱਕੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ 'ਤੇ ਉਹਨਾਂ ਨੂੰ ਤਰਸ ਹੁੰਦਾ ਹੈ ਕਿ ਉਹਨਾਂ ਦੇ ਬੈਠਣ ਲਈ ਵੀ ਕੋਈ ਥਾਂ ਨਹੀਂ ਹੈ, ਸੀਐਮ ਉਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਵੀ ਬਿਠਾ ਨਹੀਂ ਸਕਦੇ।
ਵਿਰੋਧੀਆਂ 'ਤੇ ਕਦੇ ਭਗਵੰਤ ਮਾਨ ਚੁੱਕਦੇ ਸੀ ਸਵਾਲ
ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਗੱਲਾਂ ਕੈਪਟਨ ਅਮਰਿੰਦਰ ਸਿੰਘ ਦੀਆਂ ਕਰਦੇ ਸਨ, ਤੇ ਅੱਜ ਉਹ ਖੁਦ ਉਸ ਰਾਹ 'ਤੇ ਚੱਲ ਰਹੇ ਹਨ। ਉਹਨਾਂ ਕਿਹਾ ਕਿ ਅੱਜ ਮੁੱਖ ਮੰਤਰੀ ਇਕੱਲਾ ਹੀ ਆਪਣੀ ਗੱਡੀ ਦੇ ਵਿੱਚ ਬੈਠਾ ਸੀ। ਰਵਨੀਤ ਬਿੱਟੂ ਨੇ ਕਿਹਾ ਕਿ ਇਸ ਤੋਂ ਜਾਹਿਰ ਹੈ ਕੇ ਬਾਕੀ ਆਗੂਆਂ ਦਾ ਉਨ੍ਹਾਂ ਦੀ ਪਾਰਟੀ 'ਚ ਕਿੰਨਾ ਕੁ ਸਨਮਾਨ ਹੈ।
ਆਪ 'ਚ ਵਧਿਆ ਪਰਿਵਾਰਵਾਦ: ਬਿੱਟੂ
ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ 'ਚ ਵੱਧ ਰਹੇ ਪਰਿਵਾਰਵਾਦ 'ਤੇ ਵੀ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਕਦੇ ਪਰਿਵਾਰਵਾਦ ਤੋਂ ਦੂਰ ਰਹਿਣ ਦੀਆਂ ਗੱਲਾਂ ਕਰਦੀ ਸੀ, ਅੱਜ ਉਸ ਗੱਲ ਨੂੰ ਹੀ ਅੱਗੇ ਲੈਕੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਅੱਜ ਜਿੰਨਾਂ ਦੇ ਹੱਕ 'ਚ ਰੋਡ ਸ਼ੋਅ ਕੱਢਣ ਆਏ ਨੇ, ਉਨ੍ਹਾਂ 'ਚ ਕੋਈ ਵਿਧਾਇਕ ਦੀ ਪਤਨੀ ਹੈ, ਕੋਈ ਭਰਾ ਹੈ ਤੇ ਕੋਈ ਪੁੱਤ ਜਾਂ ਭਤੀਜਾ ਹੈ। ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ 'ਚ ਅੱਜ ਪਰਿਵਾਰਵਾਦ ਵੱਧਦਾ ਜਾ ਰਿਹਾ ਹੈ।