ਅੰਮ੍ਰਿਤਸਰ 'ਚ ਹਿੰਦੂ ਆਗੂ ਨੂੰ ਮਾਰੀ ਗੋਲੀ (ETV BHARAT) ਅੰਮ੍ਰਿਤਸਰ: ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਕਾਨੂੰਨ ਵਿਵਸਥਾ ਵਿਗੜਦੀ ਹੋਈ ਦਿਖਾਈ ਦੇ ਰਹੀ ਹੈ। ਆਏ ਦਿਨ ਹੀ ਗੋਲੀ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਕਿ ਰਾਸ਼ਟਰੀ ਭਗਵਾ ਸੈਨਾ ਦੇ ਵਾਈਸ ਪ੍ਰਧਾਨ ਪ੍ਰਵੀਨ ਕੁਮਾਰ ਨੂੰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਦਿੱਤੀ ਗਈ। ਜਿਸ ਨਾਲ ਕਿ ਉਹ ਗੰਭੀਰ ਵਿੱਚ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਰਾਸ਼ਟਰੀ ਭਗਵਾ ਸੈਨਾ ਦੇ ਆਗੂ 'ਤੇ ਚੱਲੀ ਗੋਲੀ: ਇਸ ਦੌਰਾਨ ਰਾਸ਼ਟਰੀ ਭਗਵਾ ਸੈਨਾ ਦੇ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਪਾਸੇ ਪ੍ਰਸ਼ਾਸਨ ਸਾਡੀਆਂ ਸੁਰੱਖਿਆ ਵਾਪਸ ਲੈ ਕੇ ਸਾਨੂੰ ਕਹਿ ਰਿਹਾ ਕਿ ਕੋਈ ਵੀ ਭੜਕਾਊ ਬਿਆਨ ਨਾ ਦਵੋ। ਦੂਜੇ ਪਾਸੇ ਸ਼ਰੇਆਮ ਸਾਡੇ ਆਗੂਆਂ ਦੇ ਉੱਪਰ ਗੋਲੀਆਂ ਚਲ ਰਹੀਆਂ ਹਨ। ਉਹਨਾਂ ਕਿਹਾ ਕਿ ਫਿਲਹਾਲ ਸਾਡੀ ਜਥੇਬੰਦੀ ਚੁੱਪ ਹੈ ਅਤੇ ਅਸੀਂ ਸਾਰੀ ਜਾਂਚ ਪੁਲਿਸ ਦੇ ਉੱਪਰ ਪਾ ਰਹੇ ਹਾਂ ਕਿ ਪੁਲਿਸ ਇਸ ਮਾਮਲੇ 'ਚ ਜਾਂਚ ਕਰੇ ਅਤੇ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜੇ।
ਹਿੰਦੂ ਸੰਗਠਨ ਵਲੋਂ ਇਨਸਾਫ਼ ਦੀ ਮੰਗ:ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਤੋਂ ਪ੍ਰਵੀਨ ਕੁਮਾਰ ਹਿੰਦੂ ਸੰਗਠਨਾਂ ਦੇ ਨਾਲ ਆਪਣੀਆਂ ਸੇਵਾਵਾਂ ਦੇ ਰਹੇ ਸਨ ਅਤੇ ਜੋ ਬੀਤੀ ਰਾਤ ਉਨ੍ਹਾਂ ਨੂੰ ਗੋਲੀ ਵੱਜੀ ਹੈ, ਉਸ ਤੋਂ ਸਾਨੂੰ ਅਜਿਹਾ ਲੱਗਦਾ ਹੈ ਕਿ ਹਿੰਦੂ ਸੰਗਠਨ ਦੇ ਨਾਲ ਰਹਿਣ ਕਰਕੇ ਹੀ ਉਨ੍ਹਾਂ ਨੂੰ ਗੋਲੀ ਵੱਜੀ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ, ਇਸ ਦੇ ਨਾਲ ਹੀ ਉਹਨਾਂ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ।
ਪੁਲਿਸ ਵਲੋਂ ਜਾਂਚ ਸ਼ੁਰੂ:ਇਸ ਦੌਰਾਨ ਥਾਣਾ ਸਦਰ ਦੇ ਪੁਲਿਸ ਮੁਖੀ ਐਸ ਐਚ ਓ ਪਲਵਿੰਦਰ ਸਿੰਘ ਨੇ ਕਿਹਾ ਕਿ ਬੀਤੀ ਰਾਤ ਗੁਰਦੁਆਰਾ ਬੁਖਾਰੀ ਸਾਹਿਬ ਦੇ ਨਜ਼ਦੀਕ ਅਣਪਛਾਤੇ ਹਮਲਾਵਰਾਂ ਵੱਲੋਂ ਪ੍ਰਵੀਨ ਕੁਮਾਰ ਨਾਮਕ ਵਿਅਕਤੀ ਨੂੰ ਗੋਲੀ ਮਾਰੀ ਗਈ ਹੈ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜ਼ਖਮੀ ਨੌਜਵਾਨ ਇਲਾਜ ਅਧੀਨ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਹੈ। ਪੁਲਿਸ ਦਾ ਕਹਿਣਾ ਹੈ ਜ਼ਖ਼ਮੀ ਨੌਜਵਾਨ ਦਾ ਕਿਸੇ ਹਿੰਦੂ ਸੰਗਠਨ ਨਾਲ ਸੰਬੰਧ ਹੈ ਜਾਂ ਨਹੀਂ, ਇਸ ਬਾਰੇ ਪੁਲਿਸ ਨੂੰ ਹਾਲੇ ਜਾਣਕਾਰੀ ਨਹੀਂ ਹੈ ਅਤੇ ਫਿਲਹਾਲ ਸੀਸੀਟੀਵੀ ਵੀਡੀਓ ਦੇ ਅਧਾਰ 'ਤੇ ਪੁਲਿਸ ਮੁਲਜਮਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।