ਭਾਜਪਾ ਦੀਆਂ ਰੈਲੀਆਂ 'ਚ ਸਿੱਖ ਮੁੱਦੇ (ETV BHARAT) ਬਠਿੰਡਾ:ਫਰੀਦਕੋਟ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦੇ ਹੱਕ ਵਿੱਚ ਬਠਿੰਡਾ ਦੇ ਪਿੰਡ ਮਹਿਰਾਜ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਮੰਚ ਤੋਂ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਅਤੇ ਸਿੱਖਾਂ ਦੇ ਮੁੱਦਿਆਂ ਨੂੰ ਲੈ ਕੇ ਨਰੇਂਦਰ ਮੋਦੀ ਸਰਕਾਰ ਵੱਲੋਂ ਵਿਸ਼ੇਸ਼ ਯਤਨ ਕੀਤੇ ਗਏ ਹਨ ਤਾਂ ਹੀ 1984 ਦੇ ਦੋਸ਼ੀਆਂ ਨੂੰ ਸਜ਼ਾ ਮਿਲ ਸਕੀ ਹੈ।
ਦੇਸ਼ ਦੀ ਤਰੱਕੀ ਲਈ ਭਾਜਪਾ ਨੂੰ ਵੋਟ: ਉਹਨਾਂ ਕਿਹਾ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਭਾਜਪਾ ਸਦਾ ਹੀ ਗੰਭੀਰ ਰਹੀ ਹੈ ਅਤੇ ਭਾਜਪਾ ਦੇ ਕਾਰਜਕਾਲ ਵਿੱਚ ਹੀ ਪੰਜਾਬ ਤਰੱਕੀ ਦੀ ਰਾਹ 'ਤੇ ਤੁਰਿਆ ਹੈ। ਇਸ ਰੈਲੀ ਦੌਰਾਨ ਜਿੱਥੇ ਵੱਡੀ ਪੱਧਰ 'ਤੇ ਸਿੱਖ ਮੁੱਦਿਆਂ ਨੂੰ ਉਭਾਰਿਆ ਗਿਆ, ਉੱਥੇ ਹੀ ਹੰਸ ਰਾਜ ਹੰਸ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਭਾਜਪਾ ਨੂੰ ਵੋਟ ਦੇਣ ਦੀ ਸਖ਼ਤ ਜਰੂਰਤ ਹੈ ਕਿਉਂਕਿ ਮੋਦੀ ਸਰਕਾਰ ਦੀ ਅਗਵਾਈ ਵਿੱਚ ਦੇਸ਼ ਨੇ ਹਰ ਵਰਗ ਨੇ ਤਰੱਕੀ ਕੀਤੀ ਹੈ।
ਵੋਟ ਪਾਉਣ ਦੀ ਲੋਕਾਂ ਨੂੰ ਕੀਤੀ ਅਪੀਲ: ਉਨ੍ਹਾਂ ਕਿਹਾ ਕਿ ਹੰਸ ਰਾਜ ਹੰਸ ਬਹੁਤ ਹੀ ਚੰਗੇ ਇਨਸਾਨ ਹਨ ਜਿਸ ਕਰਕੇ 1 ਜੂਨ ਨੂੰ ਆਪਣਾ ਕੀਮਤੀ ਵੋਟ ਕਮਲ ਦੇ ਫੁੱਲ ਨੂੰ ਪਾ ਕੇ ਹੰਸ ਰਾਜ ਹੰਸ ਦੇ ਹੱਥ ਮਜ਼ਬੂਤ ਕਰੋ। ਇਸ ਮੌਕੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੇ ਹਾਜ਼ਰੀਨ ਨੂੰ ਸੰਗੀਤਮਈ ਅੰਦਾਜ਼ੇ ਵਿੱਚ ਸੰਬੋਧਨ ਕਰਦਿਆਂ ਕਿਹਾ ਮੈ ਤਾਂ ਮੁਹੱਬਤ ਵੰਡਣ ਆਇਆ ਹਾਂ ਕਿਉਂਕਿ ਮੁਹੱਬਤ ਨਾਲ ਹਰ ਲੜਾਈ ਨੂੰ ਜਿੱਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਹਰੇਕ ਨੂੰ ਮੁਹੱਬਤ ਕਰਦੇ ਹਨ ਪਰ ਪਤਾ ਨਹੀਂ ਕਿਉਂ ਕਿਸਾਨ ਮੇਰਾ ਵਿਰੋਧੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਕਮਲ ਦੇ ਫੁੱਲ ਨੂੰ ਮੋਹਰਾਂ ਲਾ ਕੇ ਭਾਜਪਾ ਦੇ ਹੱਥ ਮਜ਼ਬੂਤ ਕੀਤੇ ਜਾਣ।
ਕਿਸਾਨਾਂ ਦੇ ਵਿਰੋਧ 'ਤੇ ਆਖੀ ਇਹ ਗੱਲ:ਇਸ ਦੇ ਨਾਲ ਹੀ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੇ ਕਿਸਾਨਾਂ ਦੇ ਵਿਰੋਧ 'ਤੇ ਬੋਲਦਿਆਂ ਕਿਹਾ ਕਿ ਛੋਟੇ ਵੱਡੇ ਭਰਾ ਕਦੇ ਗੁੱਸੇ ਹੋ ਜਾਂਦੇ ਹਨ ਪਰ ਇੱਕ ਦਿਨ ਅਸੀਂ ਇਕੱਠੇ ਜ਼ਰੂਰ ਹੋਵਾਂਗੇ। ਸ਼ੁਭਕਰਨ ਦੀ ਮੌਤ ਸਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਸ਼ੁਭਕਰਨ ਹੋਵੇ ਭਾਵੇਂ ਸਿੱਧੂ ਮੂਸੇਵਾਲਾ ਹੋਵੇ, ਦੋਵਾਂ ਦੇ ਜਾਣ ਦਾ ਬਹੁਤ ਵੱਡਾ ਦੁੱਖ ਹੈ ਕਿਉਂਕਿ ਇੱਕ ਮਾਪਿਆਂ ਦੇ ਇਕਲੌਤੇ ਪੁੱਤਰ ਦਾ ਇਸ ਤਰ੍ਹਾਂ ਦੁਨੀਆਂ ਤੋਂ ਚਲੇ ਜਾਣਾ ਨਾ ਸਹਿਣ ਯੋਗ ਘਾਟਾ ਹੈ, ਪਰਮਾਤਮਾ ਅਜਿਹੇ ਦਿਨ ਕਿਸੇ ਨੂੰ ਨਾ ਦਿਖਾਵੇ।