ਲੁਧਿਆਣਾ:ਪੰਜਾਬ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਹੈ। ਸੂਬੇ ਭਰ 'ਚ ਕਈ ਥਾਵਾਂ 'ਤੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਕਈ ਇਲਾਕਿਆਂ 'ਚ ਆਵਾਜਾਈ ਪ੍ਰਭਾਵਿਤ ਹੋਈ ਹੈ। ਕਿਸਾਨ ਅੰਦੋਲਨ ਤਹਿਤ ਇਹ ਬੰਦ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ। ਕੇਂਦਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਮਗਰੋਂ ਸਾਂਝੇ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਪਿਛਲੇ ਹਫ਼ਤੇ ਬੰਦ ਦਾ ਸੱਦਾ ਦਿੱਤਾ ਸੀ। ਬੰਦ ਦਾ ਅਸਰ ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਪਟਿਆਲਾ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। 150 ਤੋਂ ਵੱਧ ਟਰੇਨਾਂ ਪ੍ਰਭਾਵਿਤ ਹੋਈਆਂ ਹਨ।
ਲੁਧਿਆਣਾ ਵਿੱਚ ਯਾਤਰੀ ਪਰੇਸ਼ਾਨ (Etv Bharat (ਪੱਤਰਕਾਰ, ਲੁਧਿਆਣਾ)) ਲੁਧਿਆਣਾ ਵਿੱਚ ਯਾਤਰੀ ਪਰੇਸ਼ਾਨ
ਲੁਧਿਆਣਾ ਦੇ ਰੇਲਵੇ ਸਟੇਸ਼ਨ ਉੱਤੇ ਵੀ ਯਾਤਰੀ ਪਰੇਸ਼ਾਨ ਹੋ ਰਹੇ ਹਨ, ਕਿਉਂਕਿ ਬਹੁਤ ਸਾਰੀਆਂ ਰੇਲਾਂ ਰੱਦ ਹੋ ਗਈਆਂ ਹਨ। ਯਾਤਰੀਆਂ ਨੇ ਦੱਸਿਆ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਪੰਜਾਬ ਬੰਦ ਕਾਰਨ ਰੇਲਾਂ ਰੱਦ ਕੀਤੀਆਂ ਜਾਣਗੀਆਂ, ਜਿਸ ਕਾਰਨ ਹੁਣ ਅਸੀਂ ਪਰੇਸ਼ਾਨ ਹੋ ਰਹੇ ਹਾਂ।
ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਉੱਤੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ, ਜਿਸ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ। ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਕਿਹਾ ਲੋਕਾਂ ਨੂੰ ਅਸੀਂ ਅਪੀਲ ਕਰ ਰਹੇ ਹਾਂ ਕਿ ਉਹ ਸਾਡਾ ਸਾਥ ਦੇਣ।
ਪੰਜਾਬ ਬੰਦ ਦਾ ਵਿੱਦਿਅਕ ਅਦਾਰਿਆਂ 'ਤੇ ਅਸਰ
ਪੰਜਾਬ ਦੇ ਜ਼ਿਆਦਾਤਰ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਉੱਚ ਸਿੱਖਿਆ ਸੰਸਥਾਵਾਂ ਨੇ ਵੀ ਆਪਣਾ ਸਮਾਂ ਬਦਲ ਦਿੱਤਾ ਹੈ। ਪੰਜਾਬ ਯੂਨੀਵਰਸਿਟੀ ਨੇ ਸ਼ਨੀਵਾਰ ਨੂੰ ਇੱਕ ਸਰਕੂਲਰ ਜਾਰੀ ਕਰਕੇ ਮਾਨਤਾ ਪ੍ਰਾਪਤ ਕਾਲਜਾਂ ਨੂੰ ਸੂਚਿਤ ਕੀਤਾ ਹੈ ਕਿ ਅਸਲ ਵਿੱਚ ਸੋਮਵਾਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੰਗਲਵਾਰ ਲਈ ਨਿਰਧਾਰਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸੇ ਤਰ੍ਹਾਂ, ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ.) ਨੇ ਘੋਸ਼ਣਾ ਕੀਤੀ ਹੈ ਕਿ 30 ਦਸੰਬਰ ਨੂੰ ਹੋਣ ਵਾਲੀਆਂ ਗ੍ਰੈਜੂਏਸ਼ਨ ਦੀਆਂ ਪ੍ਰੀਖਿਆਵਾਂ ਹੁਣ 12 ਜਨਵਰੀ, 2025 ਨੂੰ ਹੋਣਗੀਆਂ।
ਕਿਸਾਨ ਅੰਦੋਲਨ ਦਾ ਅਸਰ ਪੰਜਾਬ ਵਿੱਚ ਸਵੇਰ ਤੋਂ ਹੀ ਦਿਖਾਈ ਦੇਣ ਲੱਗਾ ਹੈ। ਅੱਜ ਸਵੇਰੇ 7 ਵਜੇ ਤੋਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਸਾਰੇ ਰਾਜ ਅਤੇ ਰਾਸ਼ਟਰੀ ਰਾਜ ਮਾਰਗਾਂ ਅਤੇ ਹੋਰ ਕਈ ਮੁੱਖ ਮਾਰਗਾਂ ਅਤੇ ਰੇਲਵੇ ਮਾਰਗਾਂ ਨੂੰ ਜਾਮ ਕਰ ਦਿੱਤਾ ਗਿਆ ਹੈ। ਪੰਜਾਬ ਬੰਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਹੈ। ਉਹ 13 ਪ੍ਰਮੁੱਖ ਖੇਤੀ ਮੰਗਾਂ ਦੀ ਪੂਰਤੀ ਲਈ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਭੁੱਖ ਹੜਤਾਲ 'ਤੇ ਹਨ। ਇਨ੍ਹਾਂ ਮੰਗਾਂ ਵਿੱਚ ਸਾਰੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਵੀ ਸ਼ਾਮਲ ਹੈ।