ਚੰਡੀਗੜ੍ਹ:ਪੰਜਾਬ ਵਿੱਚ ਦਿਨ ਪਰ ਦਿਨ ਗਰਮੀ ਦਾ ਕਹਿਰ ਵੱਧਦਾ ਜਾ ਰਿਹਾ ਹੈ। ਜਿਸ ਦੇ ਚੱਲਦੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਹਾਲ ਹੋਇਆ ਪਿਆ ਹੈ। ਇਸ ਦੌਰਾਨ ਪੰਜਾਬ ਸਰਕਾਰ ਵਲੋਂ ਵੱਧ ਰਹੀ ਗਰਮੀ ਨੂੰ ਦੇਖਦਿਆਂ ਤੇ ਵਿਦਿਆਰਥੀਆਂ ਨੂੰ ਰਾਹਤ ਪਹੁੰਚਾਉਣ ਲਈ ਸਕੂਲਾਂ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਹੈ। ਜਿਸ ਦੇ ਚੱਲਦੇ ਇਹ ਹੁਕਮ 20 ਮਈ ਤੋਂ 31 ਮਈ ਤੱਕ ਲਾਗੂ ਹੋਣਗੇ, ਕਿਉਂਕਿ 1 ਜੂਨ ਤੋਂ ਸੂਬੇ 'ਚ ਗਰਮੀ ਦੀਆਂ ਛੁੱਟੀਆਂ ਹੋਣ ਜਾ ਰਹੀਆਂ ਹਨ।
ਸਵੇਰੇ 7 ਤੋਂ ਦੁਪਹਿਰ 12 ਦਾ ਸਮਾਂ: ਸਿੱਖਿਆ ਵਿਭਾਗ ਨੇ ਸਕੂਲ ਖੁੱਲ੍ਹਣ ਦੇ ਸਮੇਂ ’ਚ 1 ਘੰਟਾ ਅਤੇ ਛੁੱਟੀ ਦੇ ਸਮੇਂ ’ਚ 2 ਘੰਟੇ ਦੀ ਕਟੌਤੀ ਕਰਦੇ ਹੋਏ ਸਮੇਂ ’ਚ ਬਦਲਾਅ ਕੀਤਾ ਹੈ। ਹੁਣ 20 ਤੋਂ 31 ਮਈ ਤੱਕ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਦਾ ਹੋਵੇਗਾ। ਜਦਕਿ ਪਹਿਲਾਂ ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੋਲ੍ਹੇ ਜਾਂਦੇ ਸਨ। ਇਸ ਤੋਂ ਇਲਾਵਾ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿੱਚ 1 ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਹੋਣਗੀਆਂ। ਉਥੇ ਹੀ ਡਬਲ ਸ਼ਿਫਟ ਸਕੂਲਾਂ ’ਚ ਸਮੇਂ ਨੂੰ ਲੈ ਕੇ ਸਿੱਖਿਆ ਵਿਭਾਗ ਵੱਲੋਂ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਸਟਾਫ ਟਾਈਮਿੰਗ ਨੂੰ ਲੈ ਕੇ ਦੁਵਿਧਾ ’ਚ ਹੈ ਅਤੇ ਇਸ ਦੌਰਾਨ ਸਕੂਲਾਂ ਵੱਲੋਂ ਵਿਭਾਗ ਤੋਂ ਟਾਈਮਿੰਗ ਦੇ ਬਾਰੇ ’ਚ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਅਧਿਕਾਰੀਆਂ ਨੇ ਇਸ ਸਬੰਧ ’ਚ ਐਤਵਾਰ ਨੂੰ ਭਾਵ ਅੱਜ ਫੈਸਲਾ ਲੈਣ ਦੀ ਗੱਲ ਕਹੀ ਹੈ।