ਚੰਡੀਗੜ੍ਹ: ਉੱਤਰੀ ਭਾਰਤ ਖਿੱਤੇ ਵਿੱਚ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸ ਵਿੱਚ ਵਿਕਾਸ ਦੀ ਬਹੁਤ ਸੰਭਾਵਨਾ ਹੈ। ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦੇ ਮਾਮਲੇ ਵਿੱਚ ਭਾਰਤ ਦੇ ਹੋਰਨਾਂ ਰਾਜਾਂ ਦੀ ਦੌੜ ਵਿੱਚ ਪੰਜਾਬ ਵੀ ਬਾਕੀ ਸੂਬਿਆਂ ਨਾਲੋਂ ਪਿੱਛੇ ਨਹੀਂ ਹੈ। ਕੇਂਦਰ ਸਰਕਾਰ ਨੇ ਆਵਾਜਾਈ ਦੇ ਸਫ਼ਰ ਲਈ ਲਗਦੇ ਸਮੇਂ ਨੂੰ ਘਟਾਉਣ ਅਤੇ ਬਿਹਤਰ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੰਜਾਬ ਵਿੱਚ ਕਈ ਮੈਗਾ ਪ੍ਰੋਜੈਕਟਾਂ ਦਾ ਐਲਾਨ ਕੀਤਾ ਹੈ।
ਸਾਲ 2025 ਵਿੱਚ ਪੰਜਾਬ ਦੀ ਤਰੱਕੀ ਦੀ ਰਫ਼ਤਾਰ ਪਿਛਲੇ ਸਾਲ ਨਾਲੋਂ ਜ਼ਿਆਦਾ ਤੇਜ਼ ਹੋਵੇਗੀ। ਪੰਜਾਬ ਨੂੰ ਇਸ ਸਾਲ ਬਹੁਤ ਵੱਡੇ ਪ੍ਰਾਜੈਕਟ ਮਿਲਣ ਜਾ ਰਹੇ ਹਨ। ਜਿਨ੍ਹਾਂ ਵਿੱਚ ਜਲੰਧਰ ਅਤੇ ਲੁਧਿਆਣਾ ਵਿੱਚ ਸ਼ਾਨਦਾਰ ਰੇਲਵੇ ਸਟੇਸ਼ਨ, ਹਲਵਾਰਾ ਦਾ ਏਅਰਪੋਰਟ, ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਸ਼ਾਮਿਲ ਹਨ। ਇਸ ਤੋਂ ਇਲਾਵਾ ਪੰਜਾਬ ਦੇ ਖਿਡਾਰੀਆਂ ਦੀ ਖੇਡ ਕੁਸ਼ਲਤਾ ਨੂੰ ਹੋਰ ਨਿਖਾਰਨ ਲਈ ਖੇਡ ਸਟੇਡੀਅਮਾਂ ਦਾ ਨਿਰਮਾਣ ਵੀ ਸਰਕਾਰ ਦੀਆਂ ਪਹਿਲਾਂ ਵਿੱਚ ਸ਼ਾਮਿਲ ਰਹੇਗਾ। ਆਖਿਰ ਕਿਹੜੇ-ਕਿਹੜੇ ਪ੍ਰਾਜੈਕਟ ਇਸ ਸਾਲ ਪੰਜਾਬ ਦੇ ਲੋਕਾਂ ਲਈ ਖੁੱਲ੍ਹਣ ਜਾ ਰਹੇ ਹਨ ਉਸ 'ਤੇ ਇੱਕ ਨਜ਼ਰ ਮਾਰ ਲੈਂਦੇ ਹਾਂ।
1) ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ
ਰਣਜੀਤ ਸਾਗਰ ਬੰਨ੍ਹ ਤੋਂ ਛੱਡੇ ਜਾਣ ਵਾਲੇ ਪਾਣੀ ਨੂੰ ਹੁਣ ਸ਼ਾਹਪੁਰ ਕੰਢੀ ਡੈਮ ਦੇ ਜ਼ਰੀਏ ਰੋਕਿਆ ਜਾਏਗਾ। 3000 ਕਰੋੜ ਦੀ ਲਾਗਤ ਵਾਲਾ ਪਠਾਨਕੋਟ ਦਾ ਸ਼ਾਹਪੁਰ ਕੰਢੀ ਡੈਮ ਲਗਭਗ ਤਿਆਰ ਹੈ। ਇਸ ਡੈਮ ਦੇ ਪੂਰਾ ਹੋਣ ਨਾਲ ਜਿਹੜਾ ਪਾਣੀ ਪਾਕਿਸਤਾਨ ਨੂੰ ਜਾਣਾ ਸੀ ਉਹ ਪੰਜਾਬ ਅਤੇ ਜੰਮੂ ਦੇ ਕਿਸਾਨਾਂ ਨੂੰ ਜਾਵੇਗਾ। ਇਸ ਨਾਲ ਦੋਵਾਂ ਸੂਬਿਆਂ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਕਰੀਬ 29 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਭਾਰਤ ਪਾਕਿਸਤਾਨ ਵਲ ਵਗ ਰਹੇ ਰਾਵੀ ਦਰਿਆ ਦੇ ਪਾਣੀ ਨੂੰ ਇਹ ਡੈਮ ਪੂਰੀ ਤਰ੍ਹਾਂ ਰੋਕੇਗਾ।
ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ (ETV BHARAT (ਪੱਤਰਕਾਰ,ਮੋਹਾਲੀ))
ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਬਣੇ ਇਸ ਹਾਈਡਰੋ ਪਾਵਰ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਇਸ ਤੋਂ 206 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਸਕੇਗਾ ਜਿਸਨੂੰ 600 ਮੈਗਾਵਾਟ ਤੱਕ ਵਧਾਇਆ ਜਾ ਸਕਦਾ ਹੈ। ਦਰਅਸਲ, ਸ਼ਾਹਪੁਰ ਕੰਢੀ ਡੈਮ ਦੀ ਯੋਜਨਾ 1964 ਵਿੱਚ ਬਣਾਈ ਗਈ ਸੀ ਪਰ 1995 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਪੀਵੀ ਨਰਸਿਮ੍ਹਾ ਰਾਓ ਨੇ ਇਸ ਦਾ ਉਦਘਾਟਨ ਕੀਤਾ ਸੀ। ਜੰਮੂ-ਕਸ਼ਮੀਰ ਅਤੇ ਪੰਜਾਬ ਸਰਕਾਰ ਦਰਮਿਆਨ ਵਿਵਾਦ ਕਾਰਨ ਇਸਦਾ ਨਿਰਮਾਣ ਕਈ ਸਾਲ ਰੁਕਿਆ ਰਿਹਾ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖਲ ਮਗਰੋਂ 2018 ਵਿੱਚ ਇਸ ਦਾ ਕੰਮ ਮੁੜ ਸ਼ੁਰੂ ਹੋ ਸਕਿਆ ਸੀ।
ਇਹ ਡੈਮ 711 ਮੀਟਰ ਲੰਬਾ ਅਤੇ 55.5 ਮੀਟਰ ਉੱਚਾ ਹੈ ਜਿਸ ਉੱਤੇ 3000 ਕਰੋੜ ਦੀ ਲਾਗਤ ਆਈ ਹੈ। ਇਹ 5 ਹਜ਼ਾਰ ਹੈਕਟੇਅਰ ਰਕਬੇ ਦੀ ਸਿੰਜਾਈ ਕਰ ਸਕੇਗਾ। ਇਸ ਡੈਮ ਦੇ ਪਾਵਰ ਪਲਾਂਟ ਤੋਂ ਜੰਮੂ-ਕਸ਼ਮੀਰ ਨੂੰ 1150 ਕਿਊਸਕ ਪਾਣੀ ਅਤੇ 20 ਫ਼ੀਸਦੀ ਬਿਜਲੀ ਮਿਲੇਗੀ। ਇਸ ਨਾਲ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਇਹੀ ਨਹੀਂ, ਇਸ ਦੇ ਮੁਕੰਮਲ ਹੋਣ ਮਗਰੋਂ ਇਹ ਸੈਰ-ਸਪਾਟੇ ਦਾ ਵੀ ਆਕਰਸ਼ਣ ਰਹੇਗਾ।
2) ਹਲਵਾਰਾ ਹਵਾਈ ਅੱਡਾ
ਲੁਧਿਆਣਾ ਤੋਂ ਤਕਰੀਬਨ 33 ਕਿਲੋਮੀਟਰ ਦੂਰ ਹਲਵਾਰਾ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡਾ ਇਸ ਸਾਲ ਤੋਂ ਕੌਮਾਂਤਰੀ ਹਵਾਈ ਉਡਾਣਾਂ ਦਾ ਗਵਾਹ ਬਣੇਗਾ। ਕਰੀਬ 7-8 ਸਾਲ ਵਿੱਚ ਬਣ ਕੇ ਤਿਆਰ ਹੋਏ ਹਲਵਾਰਾ ਹਵਾਈ ਅੱਡੇ 'ਤੇ 172 ਸੀਟਾਂ ਵਾਲਾ ਹਵਾਈ ਜਹਾਜ਼ ਵੀ ਉਤਰ ਸਕੇਗਾ। 161.28 ਏਕੜ ਵਿੱਚ ਫ਼ੈਲਿਆ ਇਹ ਹਵਾਈ ਅੱਡਾ ਕੁੱਲ 70 ਕਰੋੜ ਦੀ ਲਾਗਤ ਨਾਲ ਬਣਿਆ ਹੈ ਅਤੇ ਇਸ ਨਾਲ ਪਟਿਆਲਾ, ਫਤਿਹਗੜ੍ਹ ਸਾਹਿਬ, ਜਲੰਧਰ ਅਤੇ ਲੁਧਿਆਣਾ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਸਾਲ 2018 ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮਨਜ਼ੂਰੀਆਂ ਮਿਲਣ ਮਗਰੋਂ ਇਸ ਹਵਾਈ ਅੱਡੇ ਦਾ ਨਿਰਮਾਣ ਕਾਰਜ ਸ਼ੁਰੂ ਹੋਇਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਨਾਮ 'ਤੇ ਰੱਖਣ ਲਈ 19 ਸਤੰਬਰ 2024 ਨੂੰ ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਚਿੱਠੀ ਵੀ ਲਿਖੀ ਸੀ।
ਮਿਲਣਗੇ ਇਹ ਪ੍ਰਾਜੈਕਟ (ETV BHARAT (ਪੱਤਰਕਾਰ,ਮੋਹਾਲੀ))
ਹਲਵਾਰਾ ਹਵਾਈ ਅੱਡੇ ਦੇ ਬਣਨ ਨਾਲ ਲੁਧਿਆਣਾ ਅਤੇ ਇਸ ਦੇ ਨਾਲ ਸਥਿਤ ਵਪਾਰਕ ਇਕਾਈਆਂ ਨੂੰ ਬਹੁਤ ਫ਼ਾਇਦਾ ਹੋਵੇਗਾ। ਏਅਰ ਇੰਡੀਆ ਦਾ ਵਿਸਤਾਰਾ ਏਅਰਲਾਈਨਜ਼ ਨਾਲ ਰਲੇਵਾਂ ਹੋਣ ਮਗਰੋਂ ਇੱਥੋਂ ਏਅਰ ਇੰਡੀਆਂ ਦੀਆਂ ਉਡਾਣਾਂ ਉੱਡਣਗੀਆਂ ਅਤੇ ਇਸ ਇਲਾਕੇ ਵਿੱਚ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਹਲਵਾਰਾ ਹਵਾਈ ਅੱਡੇ ਨੂੰ ਬਣਾਉਣ ਲਈ ਐਤੀਆਣਾ, ਹਲਵਾਰਾ, ਰੱਤੋਵਾਲ, ਅਕਾਲਗੜ੍ਹ ਅਤੇ ਸੁਧਾਰ ਪਿੰਡਾਂ ਦੇ ਕਿਸਾਨਾਂ ਤੋਂ ਕਰੀਬ 1200 ਏਕੜ ਜ਼ਮੀਨ ਗ੍ਰਹਿਣ ਕੀਤੀ ਗਈ ਹੈ।
ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ (ETV BHARAT (ਪੱਤਰਕਾਰ,ਮੋਹਾਲੀ))
ਬਾਇਓ ਐਥਾਨੋਲ ਪਲਾਂਟ ਬਠਿੰਡਾ
ਬਠਿੰਡਾ ਦੇ ਪਿੰਡ ਨਸੀਸਪੁਰਾ ਵਿੱਚ 1400 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦਾ ਪਹਿਲਾ ਬਾਇਓ ਐਥਾਨੋਲ ਪਲਾਂਟ ਇਸ ਸਾਲ ਤੋਂ ਆਪਣਾ ਉਤਪਾਦਨ ਸ਼ੁਰੂ ਕਰ ਦੇਵੇਗਾ। ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਵੱਲੋਂ ਚਲਾਏ ਜਾਣ ਵਾਲੇ ਇਸ ਪਲਾਂਟ ਵਿੱਚ ਕਰੀਬ 1200-1300 ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਇੱਥੇ ਘੱਟੋ-ਘੱਟ 570 ਟਨ ਪਰਾਲੀ ਦੀ ਰੋਜ਼ਾਨਾ ਖਪਤ ਹੋਵੇਗੀ ਅਤੇ ਰੋਜ਼ਾਨਾ 100 ਕਿਲੋਲੀਟਰ ਐਥਾਨੋਲ ਤਿਆਰ ਹੋਵੇਗਾ। ਪਿੰਡ ਨਸੀਬਪੁਰਾ ਦੀ 40 ਏਕੜ ਜ਼ਮੀਨ ਦੇ ਉੱਤੇ ਇਹ ਪਲਾਂਟ ਬਣਾਇਆ ਗਿਆ ਹੈ।
ਬਾਇਓ ਐਥਾਨੋਲ ਪਲਾਂਟ ਬਠਿੰਡਾ (ETV BHARAT (ਪੱਤਰਕਾਰ,ਮੋਹਾਲੀ))
2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਸੰਬਰ 2016 ਵਿੱਚ ਤਤਕਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਕਰੀਬ 8 ਸਾਲਾਂ ਮਗਰੋਂ ਪੰਜਾਬ ਦਾ ਪਹਿਲਾ ਐਥਾਨੋਲ ਪਲਾਂਟ ਬਣ ਕੇ ਤਿਆਰ ਹੈ ਇਸ ਦੇ ਕੰਮ ਸ਼ੁਰੂ ਕਰਨ ਨਾਲ ਕਿਸਾਨਾਂ ਦੀ ਪਰਾਲੀ ਸਾੜਨ ਦੀ ਸਮੱਸਿਆ ਬਹੁਤ ਹੱਦ ਤੱਕ ਖਤਮ ਹੋਵੇਗੀ।
4) ਐਥਲੈਟਿਕ ਸਿੰਥੈਟਿਕ ਟਰੈਕ ਫਿਰੋਜ਼ਪੁਰ
ਕਰੀਬ ਢਾਈ ਸਾਲ ਤੋਂ ਬੰਦ ਪਏ ਸ਼ਹੀਦ ਭਗਤ ਸਿੰਘ ਸਟੇਡੀਅ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਐਥਲੈਟਿਕ ਸਿੰਥੈਟਿਕ ਟਰੈਕ ਲੱਗ ਚੁੱਕਿਆ ਹੈ। ਖੇਡ ਵਿਭਾਗ ਨੇ ਇਸ ਸਟੇਡੀਅਮ ਦੇ ਹੈਂਡਓਵਰ ਦਾ ਕੰਮ ਸ਼ੁਰੂ ਕਰ ਲਿਆ ਹੈ ਅਤੇ ਪੂਰੀ ਉਮੀਦ ਹੈ ਕਿ ਢਾਈ ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਜਨਵਰੀ 2025 ਵਿੱਚ ਖਿਡਾਰੀਆਂ ਦੀ ਪ੍ਰੈਕਟਿਸ ਲਈ ਇਹ ਸਟੇਡੀਅਮ ਖੋਲ੍ਹ ਦਿੱਤਾ ਜਾਏਗਾ। 8 ਕਰੋੜ ਦੀ ਲਾਗਤ ਨਾਲ ਬਣੇ ਇਸ ਸਟੇਡੀਅਮ ਵਿੱਚ ਹਾਕੀ ਲਈ ਸ਼ਾਨਦਾਰ ਐਸਟ੍ਰੋਟਰਫ਼, 400 ਮੀਟਰ ਅਤੇ 100 ਮੀਟਰ ਦੇ ਟਰੈਕ ਬਣਾਏ ਗਏ ਹਨ। ਡਿਸਕਸ ਥ੍ਰੋ ਅਤੇ ਹੈਮਰ ਥ੍ਰੋ ਦੇ ਗਰਾਊਂਡ ਵੀ ਤਿਆਰ ਕੀਤੇ ਗਏ ਹਨ।
ਐਥਲੈਟਿਕ ਸਿੰਥੈਟਿਕ ਟਰੈਕ ਫਿਰੋਜ਼ਪੁਰ (ETV BHARAT (ਪੱਤਰਕਾਰ,ਮੋਹਾਲੀ))
ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਸਾਬਕਾ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਆਪਣੇ ਇਲਾਕੇ ਦੇ ਖਿਡਾਰੀਆਂ ਦੇ ਕੁਸ਼ਲਤਾ ਨਿਖਾਰਨ ਲਈ ਜੂਨ 2021 ਨੂੰ ਸਟੇਡੀਅਮ ਵਿੱਚ ਐਥਲੈਟਿਕ ਟਰੈਕ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਸੀ। ਸਿੰਥੈਟਿਕ ਟਰੈਕ ਦੇ ਬਣਨ ਨਾਲ ਨਾ ਸਿਰਫ਼ ਫਿਰੋਜ਼ਪੁਰ ਬਲਕਿ ਫਰੀਦਕੋਟ, ਮੋਗਾ ਤੇ ਤਰਨਤਾਰਨ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਦੇ ਖਿਡਾਰੀਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ।
5) ਰਣਬਾਸ ਹੋਟਲ ਪਟਿਆਲਾ
ਪਟਿਆਲਾ ਦਾ ਕਿਲਾ ਮੁਬਾਰਕ ਸ਼ਾਹੀ ਮਹਿਮਾਨ ਨਿਵਾਜੀ ਲਈ ਤਿਆਰ ਹੈ। ਕਿਲਾ ਮੁਬਾਰਕ ਵਿੱਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ "ਰਣਬਾਸ" ਹੋਟਲ ਭਾਰਤ ਦਾ ਪਹਿਲਾ ਬੁਟੀਕ ਹੋਟਲ ਹੋਵੇਗਾ ਜਿੱਥੇ ਦੇਸ਼ ਦੇ ਵੱਡੇ ਲੋਕ ਵਿਆਹਾਂ ਜਾਂ ਹੋਰ ਸਮਾਗਮਾਂ ਲਈ ਹੁਣ ਪਟਿਆਲਾ ਵੀ ਆਉਣਗੇ। ਪਟਿਆਲਾ ਦੇ ਪਹਿਲੇ ਰਾਜਾ ਬਾਬਾ ਆਲਾ ਸਿੰਘ ਵੱਲੋਂ 1763 ਵਿੱਚ ਨਿਰਮਾਣ ਕਰਵਾਏ ਇਤਿਹਾਸਕ ਕਿਲਾ ਮੁਬਾਰਕ ਨੂੰ ਕੌਮਾਂਤਰੀ ਪੱਧਰ ਦੇ ਅਨੁਰੂਪ ਬੁਟੀਕ ਹੋਟਲ ਵਿੱਚ ਬਦਲਿਆ ਗਿਆ ਹੈ। ਇਸ ਸਾਲ ਲੋਹੜੀ ਤੋਂ ਬਾਅਦ ਖੁੱਲ੍ਹਣ ਵਾਲਾ ਇਹ ਪ੍ਰਾਜੈਕਟ ਡੈਸਟੀਨੇਸ਼ਨ ਵੈਡਿੰਗ ਲਈ ਪਸੰਦੀਦਾ ਸਥਾਨ ਬਣ ਸਕਦਾ ਹੈ ਜਿਹੜਾ ਭਾਰਤ ਹੀ ਨਹੀਂ ਸਗੋਂ ਵਿਦੇਸ਼ੀ ਲੋਕਾਂ, ਸੈਲਾਨੀਆਂ ਨੂੰ ਵੀ ਆਕਰਸ਼ਿਤ ਕਰੇਗਾ।
6) ਚੌਹਾਲ ਡੈਮ 'ਤੇ ਡਬਲ ਸਟੋਰੀ ਈਕੋ ਹੱਟ
ਇਸ ਸਾਲ ਸਰਕਾਰ ਦੀ ਯੋਜਨਾ ਹੁਸ਼ਿਆਰਪੁਰ ਨੂੰ ਸੈਰ-ਸਪਾਟੇ ਦੇ ਪੱਖ ਤੋਂ ਸਭ ਤੋਂ ਪਸੰਦੀਦਾ ਸਥਾਨ ਬਣਾਉਣ ਦੀ ਹੈ। ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸੂਬੇ ਦੇ ਵਣ ਵਿਭਾਗ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕਈ ਪ੍ਰਾਜੈਕਟ ਬਣਾਏ ਜਾ ਰਹੇ ਹਨ ਜਿਹੜੇ ਇਸ ਸਾਲ ਮੁਕੰਮਲ ਹੋਣਗੇ। ਇਹ ਪ੍ਰਾਜੈਕਟ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਹੀ ਆਕਰਸ਼ਿਤ ਨਹੀਂ ਕਰਨਗੇ ਬਲਕਿ ਜੰਗਲੀ ਜਾਨਵਰਾਂ ਅਤੇ ਜੰਗਲ ਦੇ ਅਨੁਭਵ ਨੂੰ ਵੀ ਮਹਿਸੂਸ ਕਰ ਸਕਣਗੇ। ਇਨ੍ਹਾਂ ਲੋਕਾਂ ਦੇ ਇੱਥੇ ਰਹਿਣ ਲਈ ਡਬਲ ਸਟੋਰੀ ਹੱਟਸ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ।
ਚੌਹਾਲ ਡੈਮ ਉੱਤੇ ਕੰਟੀਨ, ਪਾਰਕਿੰਗ ਪਲੇਸ, ਵੇਸਟ ਮਟੀਰੀਅਲ ਨਿਪਟਾਰੇ ਲਈ ਪ੍ਰਾਜੈਕਟ ਬਣਾਏ ਜਾ ਰਹੇ ਹਨ। ਕਰੀਬ 80 ਲੱਖ ਦੀ ਲਾਗਤ ਨਾਲ ਤਲਵਾੜਾ ਕੋਲ ਹਵਾ ਮਹਿਲ ਦੇ ਨਾਲ ਨੇਚਰ ਅਵੇਅਰਨੈਸ ਕੈਂਪ ਬਣਾਇਆ ਜਾ ਰਿਹਾ ਹੈ। ਮੌਲੀ ਡੈਮ ਦੇ ਨਾਲ ਹੀ 80 ਲੱਖ ਦੀ ਲਾਗਤ ਨਾਲ ਹਰੇਕ ਮੌਸਮ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਹੱਟ ਬਣਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਵਾਟਰ ਸਪੋਰਟਸ, ਘੋੜ ਸਵਾਰੀ, ਊਠ ਸਵਾਰੀ, ਮਾਊਂਟੇਨ ਬਾਈਕ, ਹੌਟ ਏਅਰ ਬੈਲੂਨ ਅਤੇ ਨੇਚਰ ਅਵੇਅਰਨੈਸ ਕੈਂਪ ਇਸ ਸਾਲ ਤੋਂ ਚਾਲੂ ਹੋਣਗੇ।