ਲੁਧਿਆਣਾ:ਪਿਛਲੇ ਕਈ ਦਿਨਾਂ ਤੋਂ ਲੋਕ ਸੁੱਕੀ ਠੰਢ ਕਾਰਨ ਪ੍ਰੇਸ਼ਾਨ ਹੋ ਰਹੇ ਸੀ ਪਰ ਹੁਣ ਮੌਸਮ ਵਿਭਾਗ ਵੱਲੋਂ ਆਖਿਆ ਗਿਆ ਕਿ ਆਉਣ ਵਾਲੇ ਦਿਨ੍ਹਾਂ 'ਚ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਮਿਲੇਗੀ। ਬਦਲੇ ਮੌਸਮ ਕਾਰਨ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਮੀਂਹ ਪਿਆ। ਲੁਧਿਆਣਾ 'ਚ ਵੀ ਸਵੇਰ ਤੋਂ ਹੀ ਬਾਰਿਸ਼ ਪੈਂਦੀ ਰਹੀ ਹਾਲਾਂਕਿ ਦੁਪਹਿਰ ਬਾਅਦ ਮੌਸਮ ਸਾਫ਼ ਹੋ ਗਿਆ। ਜੇਕਰ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਿਨ ਦਾ ਟੈਂਪਰੇਚਰ 14 ਡਿਗਰੀ ਰਿਕਾਰਡ ਕੀਤਾ ਗਿਆ ਜੋ ਕਿ ਆਮ ਨਾਲੋਂ ਪੰਜ ਡਿਗਰੀ ਹੇਠਾਂ ਹੈ ।ਭਾਵ ਕਿ ਠੰਢ ਚ ਇਜ਼ਾਫਾ ਹੋਇਆ ਹੈ। ਉੱਥੇ ਹੀ ਦੂਜੇ ਪਾਸੇ 24 ਅਤੇ 25 ਦਸੰਬਰ ਲਈ ਪੰਜਾਬ ਭਰ ਵਿੱਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਪੈਣ ਦੇ ਆਸਾਰ ਹਨ। ਇਹ ਠੰਢ ਫਸਲਾਂ ਲਈ ਵੀ ਇਹ ਕਾਫੀ ਲਾਹੇਵੰਦ ਦੱਸੀ ਜਾ ਰਹੀ ਹੈ।
ਮੌਸਮ ਵਿਭਾਗ ਵੱਲੋਂ ਅਲਰਟ (ETV Bharat (ਲੁਧਿਆਣਾ, ਪੱਤਰਕਾਰ)) ਮੌਸਮ ਵਿਭਾਗ ਦਾ ਬਿਆਨ
ਬਲਦੇ ਮੌਸਮ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਡਾਕਟਰ ਪਵਨੀਤ ਕੌਰ ਨੇ ਦੱਸਿਆ ਹੈ ਕਿ 26 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਵੀ ਪੰਜਾਬ ਵਿੱਚ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਹੈ ।ਉਹਨਾਂ ਕਿਹਾ ਕਿ ਆਮ ਤੌਰ 'ਤੇ ਦਸੰਬਰ ਮਹੀਨੇ ਦੇ ਵਿੱਚ 15 ਮਿਲੀਮੀਟਰ ਤੱਕ ਬਾਰਿਸ਼ ਹੁੰਦੀ ਹੈ ਪਰ ਅੱਜ ਦੀ ਬਾਰਿਸ਼ ਫਿਲਹਾਲ ਤਿੰਨ ਮਿਲੀਮੀਟਰ ਤੋਂ ਹੇਠਾਂ ਹੀ ਸੀ। ਉਹਨਾਂ ਕਿਹਾ ਕਿ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਬਾਰਿਸ਼ ਨਾ ਪੈਣ ਕਰਕੇ ਸੁੱਕੀ ਠੰਡ ਪੈ ਰਹੀ ਸੀ ।ਇਸ ਕਰਕੇ ਸਿਹਤ ਨੂੰ ਲੈ ਕੇ ਵੀ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਇਸ ਬਾਰਿਸ਼ ਪੈਣ ਦੇ ਨਾਲ ਜਿੱਥੇ ਠੰਢ ਵਧੇਗੀ, ਉੱਥੇ ਹੀ ਸੁੱਕੀ ਠੰਢ ਤੋਂ ਵੀ ਲੋਕਾਂ ਨੂੰ ਨਿਜਾਤ ਮਿਲੇਗੀ।
ਠੰਢ ਫ਼ਸਲਾਂ ਲਈ ਲਾਹੇਵੰਦ
ਦੱਸ ਦਈਏ ਕਿ ਬਰਨਾਲਾ 'ਚ ਵੀ ਸੋਮਵਾਰ ਸ਼ਾਮ ਤੱਕ ਮੀਂਹ ਪੈਂਦਾ ਰਿਹਾ, ਜਿਸ ਨੂੰ ਲੈ ਕੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਜਗਦੀਸ਼ ਸਿੰਘ ਨੇ ਕਿਹਾ ਕਿ ਮੀਂਹ ਨਾਲ ਕਣਕ ਅਤੇ ਹੋਰ ਫ਼ਸਲਾਂ ਨੂੰ ਫ਼ਾਇਦਾ ਹੋਵੇਗਾ ਅਤੇ ਫ਼ਸਲਾਂ ਦਾ ਵਾਧਾ ਤੇ ਵਿਕਾਸ ਹੋਵੇਗਾ। ਉਨ੍ਹਾਂ ਆਖਿਆ ਕਿ ਕਣਕ ਸਮੇਤ ਸਾਰੀਆਂ ਹੀ ਫ਼ਸਲਾਂ ਲਈ ਇਹ ਮੀਂਹ ਲਾਭਦਾਇਕ ਹੋਵੇਗਾ।ਖੇਤੀਬਾੜੀ ਅਧਿਕਾਰੀ ਨੇ ਕਿਹਾ ਕਣਕ ਦੀ ਬਿਜਾਈ ਦੌਰਾਨ ਕੋਈ ਮੀਂਹ ਨਹੀਂ ਪਿਆ, ਇਸ ਕਾਰਨ ਖੇਤਾਂ ਵਿੱਚ ਸਿੱਲ੍ਹ ਨਹੀਂ ਮਿਲ ਰਹੀ ਸੀ, ਜਿਸ ਕਾਰਨ ਕਣਕ ਦਾ ਵਾਧਾ ਰੁਕਿਆ ਹੋਇਆ ਸੀ। ਅੱਜ ਦਾ ਮੀਂਹ ਫ਼ਸਲਾਂ ਲਈ ਵਰਦਾਨ ਸਾਬਿਤ ਹੋਵੇਗਾ। ਉਹਨਾਂ ਕਿਹਾ ਕਿ ਜਿੰਨਾਂ ਖੇਤਾਂ ਵਿੱਚ ਪਹਿਲਾਂ ਪਾਣੀ ਲੱਗਿਆ ਹੋਇਆ ਹੈ, ਉਹਨਾਂ ਕਿਸਾਨਾਂ ਨੂੰ ਇਸ ਮੀਂਹ ਨਾਲ ਫ਼ਸਲ ਵੱਲ ਧਿਆਨ ਰੱਖਣ ਦੀ ਲੋੜ ਹੈ ਤਾਂ ਕਿ ਕਣਕ ਦੀ ਫ਼ਸਲ ਉਪਰ ਇਸ ਪਾਣੀ ਦਾ ਪ੍ਰਭਾਵ ਨਾ ਪਵੇ ਅਤੇ ਕਣਕ ਦੀ ਫ਼ਸਲ ਪੀਲੀ ਨਾ ਪਵੇ। ਜਦਕਿ ਬਹੁਤੀ ਕਣਕ ਦੀ ਫ਼ਸਲ ਅਜੇ ਪਹਿਲੇ ਪਾਣੀ ਤੋਂ ਵਾਂਝੀ ਹੀ ਹੈ, ਜਿਸਨੂੰ ਇਸ ਮੀਂਹ ਨਾਲ ਲਾਭ ਹੋਵੇਗਾ। ਉਹਨਾਂ ਕਿਹਾ ਕਿ ਖੁਸ਼ਕ ਮੌਸਮ ਦੇ ਚੱਲਦਿਆਂ ਇਹ ਮੀਂਹ ਬਹੁਤ ਜ਼ਰੂਰੀ ਸੀ।
ਮੌਸਮ ਵਿਭਾਗ ਵੱਲੋਂ ਅਲਰਟ (ETV Bharat ਬਰਨਾਲਾ, ਪੱਤਰਕਾਰ)) ਗੁਲਾਬੀ ਸੁੰਡੀ ਤੋਂ ਛੁਟਕਾਰਾ ਮਿਲਣ ਦੀ ਆਸ
ਇਸ ਮੀਂਹ ਨਾਲ ਕਣਕ ਦੀ ਫ਼ਸਲ ਉਪਰ ਹੋਏ ਗੁਲਾਬੀ ਸੁੰਡੀ ਦੇ ਹਮਲੇ ਤੋਂ ਛੁਟਕਾਰਾ ਮਿਲਣ ਦੀ ਵੀ ਆਸ ਹੈ। ਭਾਵੇਂ ਖੇਤੀਬਾੜੀ ਵਿਭਾਗ ਬਰਨਾਲਾ ਜ਼ਿਲ੍ਹੇ ਵਿੱਚ ਗੁਲਾਬੀ ਸੁੰਡੀ ਦੇ ਖ਼ਾਤਮੇ ਦੀ ਗੱਲ ਕਹੀ ਜਾ ਰਹੀ ਹੈ ਪਰ ਕਿਸਾਨਾਂ ਅਨੁਸਾਰ ਅਜੇ ਵੀ ਗੁਲਾਬੀ ਸੁੰਡੀ ਕਣਕ ਉਪਰ ਹੈ। ਜਿਸ ਕਰਕੇ ਇਸ ਮੀਂਹ ਕਾਰਨ ਠੰਢ ਵੱਧਣ ਦੇ ਮੱਦੇਨਜ਼ਰ ਗੁਲਾਬੀ ਸੁੰਡੀ ਦੇ ਖ਼ਤਮ ਹੋਣ ਦੀ ਸੰਭਾਵਨਾ ਹੈ।