ਚੰਡੀਗੜ੍ਹ:ਪੰਜਾਬ ਵਿੱਚ ਅੱਜ (ਸ਼ਨੀਵਾਰ) ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਧੁੰਦ ਦੇ ਨਾਲ-ਨਾਲ ਕਈ ਇਲਾਕਿਆਂ 'ਚ ਸ਼ੀਤ ਲਹਿਰ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। 48 ਘੰਟਿਆਂ ਦੇ ਖੁਸ਼ਕ ਮੌਸਮ ਤੋਂ ਬਾਅਦ ਕੱਲ੍ਹ ਦੁਪਹਿਰ ਨੂੰ ਧੁੱਪ ਦੇ ਦਰਸ਼ਨ ਜ਼ਰੂਰ ਲੋਕਾਂ ਨੂੰ ਹੋਏ। ਤਾਪਮਾਨ 'ਚ ਕਰੀਬ 1 ਡਿਗਰੀ ਦੇ ਵਾਧੇ ਕਾਰਨ ਲੋਕਾਂ ਨੂੰ ਸ਼ੀਤ ਲਹਿਰ ਤੋਂ ਥੋੜ੍ਹੀ ਰਾਹਤ ਮਿਲੀ ਹੈ। ਪਰ, ਸੂਬੇ ਦਾ ਤਾਪਮਾਨ ਅਜੇ ਵੀ 20 ਡਿਗਰੀ ਤੋਂ ਹੇਠਾਂ ਬਣਿਆ ਹੋਇਆ ਹੈ।
ਅੱਜ ਪੰਜਾਬ ਦੇ ਮੋਗਾ ਸ਼ਹਿਰ ਤੇ ਐਸਬੀਐਸ ਨਗਰ (ਨਵਾਂਸ਼ਹਿਰ) ਵਿੱਛ ਘੱਟੋ-ਘੱਟ ਤਾਪਮਾਨ 6,3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਸੰਘਣੀ ਧੁੰਦ ਅਤੇ ਖਰਾਬ ਮੌਸਮ ਦੇ ਚੱਲਦੇ ਉਡਾਨਾਂ ਪ੍ਰਭਾਵਿਤ
ਲਗਾਤਾਰ ਖ਼ਰਾਬ ਮੌਸਮ ਦੇ ਚਲਦਿਆਂ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਲਗਾਤਾਰ ਪ੍ਰਭਾਵਿਤ ਹੋ ਰਹੀਆਂ ਹਨ, ਜਿਨ੍ਹਾਂ ਕਰਕੇ ਯਾਤਰੀਆਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਲੜੀ ਤਹਿਤ ਸਵੇਰੇ ਤੜਕੇ 4.25 ਵਜੇ ਮਿਲਾਨ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ਵਾਲੀ ਉਡਾਣ ਕਰੀਬ 9 ਘੰਟੇ ਦੇਰੀ ਨਾਲ ਦੁਪਹਿਰ 1.15 ਵਜੇ ਨਾਲ ਪੁੱਜੇਗੀ। ਇਸ ਤੋਂ ਇਲਾਵਾ ਦੁਬਈ ਤੋਂ ਸਵੇਰੇ 7.40 ਵਜੇ ਪੁੱਜਣ ਵਾਲੀ ਉਡਾਣ ਵੀ ਕਰੀਬ 2.30 ਦੇਰੀ ਵਿਚ ਚੱਲ ਰਹੀ ਹੈ। ਇਸੇ ਤਰ੍ਹਾਂ ਇਥੋਂ ਦੁਬਈ ਤੇ ਰੋਮ ਨੂੰ ਉਡਾਣ ਭਰਨ ਵਾਲੀਆਂ ਉਡਾਣਾਂ ਵੀ ਦੇਰੀ ਵਿਚ ਹਨ, ਜਦਕਿ ਬੀਤੀ ਦੇਰ ਰਾਤ ਕੁਆਲਾਲੰਪੁਰ ਨੂੰ ਉਡਾਣ ਭਰਨ ਵਾਲੀ ਮਲੇਸ਼ੀਆ ਏਅਰ ਲਾਈਨ ਦੀ ਉਡਾਣ ਰੱਦ ਹੋ ਗਈ।
ਹੋਰ ਵਧੇਗੀ ਠੰਢ
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 48 ਘੰਟਿਆਂ ਦੌਰਾਨ ਪੰਜਾਬ ਦੇ ਤਾਪਮਾਨ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਪਰ, ਇਸ ਤੋਂ ਬਾਅਦ ਪੰਜਾਬ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ।
10 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ
ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਮਲੇਰਕੋਟਲਾ ਵਿੱਚ ਸੰਘਣੀ ਧੁੰਦ ਛਾਏਗੀ। ਜਦਕਿ, ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
11 ਜ਼ਿਲ੍ਹਿਆਂ ਵਿੱਚ ਸ਼ੀਤ ਲਹਿਰ ਅਲਰਟ
ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਮਾਨਸਾ ਅਤੇ ਬਰਨਾਲਾ ਵਿੱਚ ਸ਼ੀਤ ਲਹਿਰ ਦਾ ਔਰੇਂਜ ਅਲਰਟ ਜਾਰੀ ਹੈ। ਇਸ ਦੇ ਨਾਲ ਹੀ ਰੂਪਨਗਰ, ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਫ਼ਿਰੋਜ਼ਪੁਰ, ਨਵਾਂਸ਼ਹਿਰ, ਹੁਸ਼ਿਆਰਪੁਰ ਵਿੱਚ ਸ਼ੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਅੱਜ ਸੰਘਣੀ ਧੁੰਦ ਦਾ ਅਲਰਟ
ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫ਼ਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਐਸਬੀਐਸ ਨਗਰ, ਮੁਕਤਸਰ ਤੇ ਤਰਨਤਾਰਨ ਵਿੱਚ ਕਈ ਥਾਵਾਂ 'ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਮੀਂਹ ਕਦੋਂ ਤੋਂ ਪਵੇਗਾ ?
ਮੌਸਮ ਵਿਭਾਗ ਮੁਤਾਬਕ, 19 ਜਨਵਰੀ ਨੂੰ ਪੰਜਾਬ ਦੇ 6-7 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਅਲਰਟ ਹੈ, ਪਰ ਆਰੇਂਜ ਅਲਰਟ ਨਹੀਂ ਹੈ। 20 ਜਨਵਰੀ ਨੂੰ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਚਿਤਾਵਨੀ ਨਹੀਂ ਹੈ। ਉੱਥੇ ਹੀ ਹੁਣ ਮੀਂਹ ਨੂੰ ਲੈ ਕੇ ਵੀ ਕੋਈ ਭੱਵਿਖਬਾਣੀ ਨਹੀਂ ਹੈ। ਹਾਲਾਂਕਿ, 21 ਜਨਵਰੀ ਤੋਂ ਬਾਅਦ ਮੀਂਹ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ 18 ਜਨਵਰੀ ਤੋਂ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ। ਜਿਸ ਦਾ ਅਸਰ ਪਹਾੜੀ ਇਲਾਕਿਆਂ ਵਿੱਚ 19 ਜਨਵਰੀ ਤੋਂ ਦੇਖਣ ਨੂੰ ਮਿਲੇਗਾ। ਪਰ, 21 ਅਤੇ 22 ਜਨਵਰੀ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਜਾਣੋ ਆਪਣੇ ਸ਼ਹਿਰ ਦਾ ਤਾਪਮਾਨ
- ਚੰਡੀਗੜ੍ਹ ਦਾ ਤਾਪਮਾਨ - ਚੰਡੀਗੜ੍ਹ ਵਿੱਚ ਅਜ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਰਹੇਗਾ।
- ਅੰਮ੍ਰਿਤਸਰ ਦਾ ਤਾਪਮਾਨ - ਅੰਮ੍ਰਿਤਸਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਹੇਗਾ।
- ਗੁਰਦਾਸਪੁਰ ਦਾ ਤਾਪਮਾਨ - ਗੁਰਦਾਸਪੁਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਰਹੇਗਾ।
- ਜਲੰਧਰ ਦਾ ਤਾਪਮਾਨ - ਜਲੰਧਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਰਹੇਗਾ।
- ਲੁਧਿਆਣਾ ਦਾ ਤਾਪਮਾਨ - ਲੁਧਿਆਣਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਰਹੇਗਾ।
- ਬਠਿੰਡਾ ਦਾ ਤਾਪਮਾਨ - ਬਠਿੰਡਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਰਹੇਗਾ।
- ਪਟਿਆਲਾ ਦਾ ਤਾਪਮਾਨ - ਪਟਿਆਲਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਹੇਗਾ।
- ਫ਼ਰੀਦਕੋਟ ਦਾ ਤਾਪਮਾਨ - ਫ਼ਰੀਦਕੋਟ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਰਹੇਗਾ।