ਪੰਜਾਬ 'ਚ ਗਰਮੀ ਦਾ ਕਹਿਰ (Etv Bharat (ਰਿਪੋਰਟ - ਪੱਤਰਕਾਰ, ਲੁਧਿਆਣਾ)) ਲੁਧਿਆਣਾ:ਪੰਜਾਬ ਦੇ ਵਿੱਚ ਤੱਪਦੀ ਗਰਮੀ ਕਾਰਨ ਲੋਕ ਪਰੇਸ਼ਾਨ ਹਨ ਅਤੇ ਗਰਮੀ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦੋ ਦਿਨ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਦੇ ਤਹਿਤ ਪੰਜਾਬ ਭਰ ਦੇ ਵਿੱਚ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਤੇ ਨਾਲ ਹੀ ਹੀਟ ਵੇਵ ਵੀ ਚੱਲਣਗੀਆਂ।
43 ਡਿਗਰੀ ਦੇ ਨੇੜੇ ਟੈਂਪਰੇਚਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦੱਸਿਆ ਹੈ ਕਿ ਅਜਿਹੀ ਗਰਮੀ ਦਾ ਰਿਕਾਰਡ ਪਿਛਲੇ 50 ਸਾਲਾਂ ਦੇ ਵਿੱਚ ਦੂਜੀ ਵਾਰ ਹੋਇਆ ਹੈ। ਇਸ ਤੋਂ ਪਹਿਲਾਂ 1972 ਦੇ ਵਿੱਚ ਟੈਂਪਰੇਚਰ ਜੂਨ ਮਹੀਨੇ ਅੰਦਰ 44 ਡਿਗਰੀ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੀ। ਉਸ ਤੋਂ ਬਾਅਦ ਜੂਨ ਮਹੀਨੇ ਅੰਦਰ 43 ਡਿਗਰੀ ਅਤੇ ਕੱਲ ਦਾ ਵੀ 43 ਡਿਗਰੀ ਦੇ ਨੇੜੇ ਟੈਂਪਰੇਚਰ ਰਿਹਾ ਹੈ। ਗਰਮੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਲੋਕ ਸਤੱਰਕ ਰਹਿਣ, ਖਾਸ ਕਰਕੇ 11 ਵਜੇ ਤੋਂ ਲੈ ਕੇ ਦੁਪਹਿਰ 4 ਵਜੇ ਤੱਕ ਦਾ ਜੋ ਸਮਾਂ ਹੈ ਉਸ ਦੌਰਾਨ ਸਿੱਧਾ ਸੂਰਜ ਦੀ ਧੁੱਪ ਦੇ ਸੰਪਰਕ ਵਿੱਚ ਆਉਣ ਤੋਂ ਬਚਾਅ ਕੀਤਾ ਜਾਵੇ।
ਗਰਮ ਲੂ ਤੋਂ ਬਚਾਅ:ਉਨ੍ਹਾਂ ਕਿਹਾ ਕਿ ਕਿਸਾਨ ਵੀਰ ਵੀ ਜਰੂਰ ਧਿਆਨ ਰੱਖਣ ਹੁਣ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਕਿਸਾਨ ਜਰੂਰ ਗਰਮੀਂ ਨੂੰ ਵੇਖਦਿਆਂ ਦੁਪਹਿਰ ਵੇਲੇ ਕੰਮ ਕਰਨ ਤੋਂ ਗੁਰੇਜ ਕਰਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤਾਂ ਦਾ ਕੰਮ 11ਵਜੇ ਤੋਂ ਪਹਿਲਾਂ ਅਤੇ 4 ਵਜੇ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ। ਜੇਕਰ ਜਿਆਦਾ ਜਰੂਰੀ ਹੈ, ਤਾਂ ਉਹ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਕੇ ਹੀ ਬਾਹਰ ਨਿਕਲਣ ਤਾਂ ਕਿ ਗਰਮ ਲੂਅ ਤੋਂ ਬਚਿਆ ਜਾ ਸਕੇ। ਖਾਸ ਕਰਕੇ 19 ਜੂਨ ਤੱਕ ਗਰਮੀ ਤੋਂ ਗੁਰੇਜ ਕੀਤਾ ਜਾਵੇ, ਕਿਉਂਕਿ ਹੁਣ ਤੋਂ ਲੈ ਕੇ 19 ਜੂਨ ਤੱਕ ਗਰਮੀ ਦਾ ਟੈਂਪਰੇਚਰ ਜਿਆਦਾ ਵਧ ਸਕਦਾ ਹੈ।
ਪੰਜਾਬ ਵਿੱਚ ਮੌਨਸੂਨ: ਮੌਨਸੂਨ ਬਾਰੇ ਗੱਲ ਕੀਤੀ ਜਾਵੇ, ਤਾਂ ਮੌਨਸੂਨ ਦੀ ਪ੍ਰੋਗਰੈਸ ਸਧਾਰਨ ਤੋਂ ਥੋੜੀ ਐਡਵਾਂਸ ਚਲ ਰਹੀ ਹੈ। ਪੰਜਾਬ ਵਿੱਚ ਜੋ ਮੌਨਸੂਨ ਦਾ ਸਧਾਰਨ ਸਮਾਂ ਹੈ ਉਹ 1 ਜੁਲਾਈ ਹੈ। ਅਸੀਂ ਇਹੀ ਐਕਸਪੈਂਕਟ ਕਰਦੇ ਹਾਂ ਕਿ 1 ਜੁਲਾਈ ਜਾਂ ਇਸਤੋਂ ਇੱਕ ਦੋ ਦਿਨ ਪਹਿਲਾਂ ਹੀ ਮੌਨਸੂਨ ਪੰਜਾਬ ਵੀ ਆ ਸਕਦੀ ਹੈ। ਆਮ ਲੋਕਾਂ ਨੂੰ ਵੀ ਇਹੀ ਸਲਾਹ ਹੈ ਕਿ 11 ਤੋਂ 4 ਵਜੇ ਦੇ ਵਿੱਚ ਜਿਆਦਾ ਐਨਟੈਂਨ ਹੀਟ ਵੇਵ ਹੁੰਦੀਆਂ ਹਨ। ਲੋਕਾਂ ਨੂੰ ਇਸ ਸਮੇਂ ਦੇ ਵਿੱਚ ਵਿੱਚ ਘਰਾਂ ਵਿੱਚੋਂ ਘੱਟ ਬਾਹਰ ਨਿਕਲਣਾ ਚਾਹੀਦਾ ਹੈ। ਜੇਕਰ ਜਿਆਦਾ ਜਰੂਰੀ ਹੈ ਫਿਰ ਹੀ ਘਰਾਂ ਤੋਂ ਬਾਹਰ ਨਿਕਲੋਂ ਪਰ ਆਪਣੇ ਸਰੀਰ ਨੂੰ ਚੰਗਾ ਤਰ੍ਹਾਂ ਢੱਕ ਕੇ ਹੀ ਬਾਹਰ ਨਿਕਲੋਂ। ਖਾਣ ਪੀਣ ਦਾ ਖਾਸ ਧਿਆਨ ਰੱਖਿਆ ਜਾਵੇ, ਖਾਣ- ਪੀਣ ਵਾਲੀਆਂ ਚੀਜਾਂ ਵਿੱਚ ਹਲਕਾ ਭੋਜਨ ਹੀ ਖਾਧਾ ਜਾਵੇ।