ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 2024 ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਰਾਜ ਚੋਣ ਕਮਿਸ਼ਨ ਖੋਜ ਬਿੱਲ 2024 ਵੀ ਪਾਸ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੇ ਵਰਚੁਅਲ ਉਦਘਾਟਨ 'ਤੇ ਸਵਾਲ ਉਠਾਏ ਸਨ। ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਸੀ.ਐਮ ਮਾਨ ਦੇ ਭਾਸ਼ਣ 'ਤੇ ਸਵਾਲ ਖੜ੍ਹੇ ਕੀਤੇ ਅਤੇ ਬੀਤੇ ਦਿਨ ਹਲਕੀ ਬਹਿਸ ਹੋਈ। ਇਸ ਦੇ ਨਾਲ ਹੀ ਬਾਜਵਾ ਨੇ ਸੀਏਏ ਦਾ ਮੁੱਦਾ ਵੀ ਉਠਾਇਆ।
ਹੈਵੀ ਡਰਾਇਵਿੰਗ ਲਾਈਸੈਂਸ ਲਈ ਬਣਨਗੇ ਹੋਰ ਟ੍ਰੇਨਿੰਗ ਸੈਂਟਰ : ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਅੰਦਰ ਐਲਨ ਕਰਦੇ ਹੋਏ ਕਿਹਾ ਕਿ ਪਹਿਲਾਂ ਪੰਜਾਬ 'ਚ ਹੈਵੀ ਡਰਾਇਵਿੰਗ ਲਾਈਸੈਂਸ ਅਤੇ ਟ੍ਰੇਨਿੰਗ ਸੈਂਟਰ ਸਿਰਫ਼ ਮਲੋਟ ਦੇ ਪਿੰਡ ਮਾਹੂਆਣਾ ਵਿਖੇ ਸੀ। ਹੁਣ ਆਉਣ ਵਾਲੇ ਦਿਨਾਂ 'ਚ ਅਮਰਗੜ੍ਹ ਦੇ ਪਿੰਡ ਤੋਲਾਵਾਲ ਅਤੇ ਕਪੂਰਥਲਾ ਨੇੜੇ ਵੀ ਖੋਲ੍ਹੇ ਜਾਣਗੇ। ਜਿਸ ਨਾਲ ਲੋਕਾਂ ਦੀਆਂ ਖੱਜਲ-ਖੁਆਰੀਆਂ ਘੱਟ ਹੋਣਗੀਆਂ।
ਅਪਡੇਟ 10:32 AM:ਪੰਜਾਬ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਇਸ ਮੌਕੇ ਹਰਪਾਲ ਚੀਮਾ ਨੇ ਸਦਨ ਵਿੱਚ ਪੰਜਾਬ ਦੇ ਮੁੱਦਿਆਂ ਉੱਤੇ ਗੱਲ ਕਰਕੇ ਸਮੇਂ ਦੀ ਸੁਚੱਜੀ ਵਰਤੋਂ ਕਰਨ ਦੀ ਅਪੀਲ ਕੀਤੀ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ 7ਵਾਂ ਦਿਨ ਹੈ। ਇਸ ਦੌਰਾਨ ਲੁਧਿਆਣਾ-ਰੂਪਨਗਰ ਗ੍ਰੀਨ ਫੀਲਡ ਹਾਈਵੇਅ ਲਈ ਐਕਵਾਇਰ ਕੀਤੀ ਜ਼ਮੀਨ ਦਾ ਕਿਸਾਨਾਂ ਨੂੰ ਮੁਆਵਜ਼ਾ ਨਾ ਦੇਣ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ। ਇਸ ਦੇ ਨਾਲ ਹੀ, ਪੰਜਾਬ ਰਾਜ ਚੋਣ ਕਮਿਸ਼ਨ ਸੋਧ ਬਿੱਲ ਵੀ ਪੇਸ਼ ਕੀਤਾ ਜਾਵੇਗਾ। ਸੈਸ਼ਨ ਹੰਗਾਮੇ ਵਾਲੇ ਹੋਣ ਦੀ ਸੰਭਾਵਨਾ ਹੈ।
ਕਾਂਗਰਸ ਸੀਐਮ ਭਗਵੰਤ ਮਾਨ ਵੱਲੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਪ੍ਰਤੀ ਅਪਸ਼ਬਦ ਬੋਲਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ 'ਤੇ ਅੜੀ ਹੋਈ ਸੀ। ਹਾਲਾਂਕਿ ਸਪੀਕਰ ਦਾ ਕਹਿਣਾ ਹੈ ਕਿ ਕਾਂਗਰਸ ਵੱਲੋਂ ਦਿੱਤਾ ਗਿਆ ਵਿਸ਼ੇਸ਼ ਅਧਿਕਾਰ ਪ੍ਰਸਤਾਵ ਦਾ ਨੋਟਿਸ ਉਨ੍ਹਾਂ ਕੋਲ ਪਹੁੰਚ ਗਿਆ ਹੈ। ਉਹ ਇਸ 'ਤੇ ਵਿਚਾਰ ਕਰੇਗਾ।
ਪਾਣੀ ਦਾ ਪੱਧਰ ਡਿੱਗਣ ਅਤੇ ਦਸਮੇਸ਼ ਨਹਿਰ ਦੇ ਪ੍ਰਾਜੈਕਟ 'ਤੇ ਚਰਚਾ:ਅੱਜ ਦੇ ਇਜਲਾਸ ਵਿੱਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਹਲਕਾ ਡੇਰਾਬੱਸੀ ਅਤੇ ਰਾਜਪੁਰਾ ਵਿੱਚ ਪੀਣ ਵਾਲੇ ਪਾਣੀ ਦੇ ਡਿੱਗ ਰਹੇ ਪੱਧਰ ਦਾ ਮੁੱਦਾ ਧਿਆਨ ਮਤਾ ਰਾਹੀਂ ਉਠਾਇਆ ਜਾਵੇਗਾ। ਨਾਲ ਹੀ ਇਸ ਸਮੱਸਿਆ ਦੇ ਹੱਲ ਲਈ ਦਸਮੇਸ਼ ਨਹਿਰ ਪ੍ਰਾਜੈਕਟ ਨੂੰ ਮੁੜ ਚਾਲੂ ਕਰਨ ਦੀ ਮੰਗ ਕਰਨਗੇ। ਇਸ ਤੋਂ ਬਾਅਦ, ਲੁਧਿਆਣਾ ਰੂਪਨਗਰ ਗ੍ਰੀਨ ਫੀਲਡ ਹਾਈਵੇਅ ਦਾ ਮੁੱਦਾ ਉਠੇਗਾ। ਰਾਣਾ ਇੰਦਰ ਪ੍ਰਤਾਪ ਸਿੰਘ ਮੱਕੀ ਦੇ ਬੀਜ ਦਾ ਮੁੱਦਾ ਖੇਤੀਬਾੜੀ ਮੰਤਰੀ ਦੇ ਧਿਆਨ ਵਿੱਚ ਲਿਆਉਣਗੇ। ਨਾਲ ਹੀ, ਪੰਜਾਬ ਰਾਜ ਚੋਣ ਕਮਿਸ਼ਨ ਸੋਧ ਬਿੱਲ ਵੀ ਪੇਸ਼ ਕੀਤਾ ਜਾਵੇਗਾ।