ਚੰਡੀਗੜ੍ਹ: ਪੰਜਾਬ ਸਰਕਾਰ ਤੇ ਰਾਜਪਾਲ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਨੂੰ ਹੁਣ ਸ਼ਾਇਦ ਬ੍ਰੇਕ ਲੱਗ ਸਕਦੀ ਹੈ। ਦੱਸ ਦਈਏ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫ਼ਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਵੀਕਾਰ ਕਰ ਲਿਆ ਹੈ। ਜਿਸ ਦੇ ਚੱਲਦੇ ਹੁਣ ਅਸਾਮ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਭਵਨ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਬਨਵਾਰੀ ਲਾਲ ਪੁਰੋਹਿਤ ਨੂੰ 31 ਅਗਸਤ 2021 ਨੂੰ ਪੰਜਾਬ ਦਾ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਵਿਚਾਲੇ ਪਿਛਲੇ ਦਿਨੀਂ ਜਦੋਂ ਅੰਦਰੂਨੀ ਸ਼ਬਦੀ ਖਾਨਾਜ਼ੰਗੀ ਚੱਲ ਰਹੀ ਸੀ ਤਾਂ ਰਾਜਪਾਲ ਵਲੋਂ ਆਪਣਾ ਅਸਤੀਫ਼ਾ ਰਾਸ਼ਟਰਪਤੀ ਨੂੰ ਭੇਜ ਦਿੱਤਾ ਗਿਆ ਸੀ। ਉਸ ਨੂੰ ਹੁਣ ਰਾਸ਼ਟਰਪਤੀ ਵਲੋਂ ਮਨਜ਼ੂਰ ਕਰ ਲਿਆ ਹੈ।
ਲਕਸ਼ਮਣ ਪ੍ਰਸਾਦ ਅਚਾਰੀਆ ਨੂੰ ਬਣਾਇਆ ਅਸਾਮ ਦਾ ਰਾਜਪਾਲ: ਇਸ ਤੋਂ ਇਲਾਵਾ ਸਿੱਕਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਅਚਾਰੀਆ ਨੂੰ ਗੁਲਾਬ ਚੰਦ ਕਟਾਰੀਆ ਦੀ ਥਾਂ ਅਸਾਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਮਣੀਪੁਰ ਦੇ ਰਾਜਪਾਲ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਭਾਜਪਾ ਦੇ ਸੀਨੀਅਰ ਨੇਤਾ ਓਮ ਪ੍ਰਕਾਸ਼ ਮਾਥੁਰ ਨੂੰ ਸਿੱਕਮ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਸਰਕਾਰ ਤੇ ਰਾਜਪਾਲ ਵਿਚਾਲੇ ਟਕਰਾਅ:ਤੁਹਾਨੂੰ ਦੱਸ ਦਈਏ ਕਿ ਬਨਵਾਰੀ ਲਾਲ ਪੁਰੋਹਿਤ ਦੇ ਰਾਜਪਾਲ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਭਗਵੰਤ ਮਾਨ ਸਰਕਾਰ ਨਾਲ ਕਈ ਤਰ੍ਹਾਂ ਦੇ ਟਕਰਾਅ ਹੋਏ ਸਨ। ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਰਾਜਪਾਲ ਵਜੋਂ ਬਨਵਾਰੀ ਲਾਲ ਪੁਰੋਹਿਤ ਦੇ ਸਰਹੱਦੀ ਹਲਕਿਆਂ ਦੇ ਦੌਰੇ ਨੂੰ ਲੈਕੇ ਸਰਕਾਰ ਵਲੋਂ ਕਈ ਤਰ੍ਹਾਂ ਦੇ ਸਵਾਲ ਵੀ ਉਠਦੇ ਰਹੇ ਹਨ। ਇਸ ਦੌਰਾਨ ਸਰਕਾਰ ਦੇ ਕਈ ਫੈਂਸਲਿਆਂ ਨੂੰ ਲੈਕੇ ਦੋਵਾਂ ਧਿਰਾਂ 'ਚ ਸ਼ਬਦੀ ਟਕਰਾਅ ਵੀ ਕਈ ਵਾਰ ਦੇਖਣ ਨੂੰ ਮਿਲਿਆ ਹੈ।
ਇੰਨ੍ਹਾਂ ਸੂਬਿਆਂ ਦੇ ਵੀ ਬਦਲੇ ਰਾਜਪਾਲ: ਇਸ ਤੋਂ ਇਲਾਵਾ ਜਾਣਕਾਰੀ ਦਿੰਦੇ ਹੋਏ ਰਾਸ਼ਟਰਪਤੀ ਭਵਨ ਨੇ ਦੱਸਿਆ ਕਿ ਸੰਤੋਸ਼ ਕੁਮਾਰ ਗੰਗਵਾਰ ਨੂੰ ਝਾਰਖੰਡ ਦਾ ਨਵਾਂ ਰਾਜਪਾਲ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਝਾਰਖੰਡ ਦੇ ਰਾਜਪਾਲ ਰਹਿ ਚੁੱਕੇ ਸੀਪੀ ਰਾਧਾਕ੍ਰਿਸ਼ਨਨ ਹੁਣ ਮਹਾਰਾਸ਼ਟਰ ਦੇ ਨਵੇਂ ਰਾਜਪਾਲ ਹੋਣਗੇ। ਲਕਸ਼ਮਣ ਪ੍ਰਸਾਦ ਅਚਾਰੀਆ ਨੂੰ ਅਸਾਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਕੋਲ ਮਣੀਪੁਰ ਦੇ ਰਾਜਪਾਲ ਦਾ ਵਾਧੂ ਕਾਰਜਭਾਰ ਵੀ ਹੋਵੇਗਾ। ਸੀਐਚ ਵਿਜੇਸ਼ੰਕਰ ਨੂੰ ਮੇਘਾਲਿਆ ਦਾ ਰਾਜਪਾਲ, ਰਮਨ ਡੇਕਾ ਨੂੰ ਛੱਤੀਸਗੜ੍ਹ ਦਾ ਰਾਜਪਾਲ, ਹਰੀਭਾਊ ਕਿਸ਼ਨਰਾਓ ਬਾਗੜੇ ਨੂੰ ਰਾਜਸਥਾਨ , ਜਿਸ਼ਨੂ ਦੇਵ ਵਰਮਾ ਨੂੰ ਤੇਲੰਗਾਨਾ ਅਤੇ ਓਮ ਪ੍ਰਕਾਸ਼ ਮਾਥੁਰ ਨੂੰ ਸਿੱਕਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਨਿਯੁਕਤੀਆਂ ਉਨ੍ਹਾਂ ਦੇ ਸਬੰਧਤ ਦਫ਼ਤਰਾਂ ਦਾ ਚਾਰਜ ਸੰਭਾਲਣ ਦੀ ਮਿਤੀ ਤੋਂ ਲਾਗੂ ਹੋਣਗੀਆਂ।
ਪੁਡੂਚੇਰੀ ਨੂੰ ਮਿਲਿਆ ਉਪ ਰਾਜਪਾਲ: ਇਸ ਤੋਂ ਇਲਾਵਾ ਕੇ ਕੈਲਾਸ਼ਨਾਥਨ ਨੂੰ ਪੁਡੂਚੇਰੀ ਦਾ ਉਪ ਰਾਜਪਾਲ ਬਣਾਇਆ ਗਿਆ ਹੈ। ਕੈਲਾਸ਼ਨਾਥਨ, ਜਿਨ੍ਹਾਂ ਨੂੰ ਪੁਡੂਚੇਰੀ ਦਾ ਉਪ ਰਾਜਪਾਲ ਬਣਾਇਆ ਗਿਆ ਹੈ, ਗੁਜਰਾਤ ਕੇਡਰ ਦੇ ਸਾਬਕਾ ਆਈਏਐਸ ਅਧਿਕਾਰੀ ਹਨ। ਕੈਲਾਸ਼ਨਾਥਨ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਪੀਐਮ ਮੋਦੀ ਦੇ ਮੁੱਖ ਪ੍ਰਮੁੱਖ ਸਕੱਤਰ ਸਨ। ਉਨ੍ਹਾਂ ਨੇ ਇਸ ਸਾਲ 30 ਜੂਨ ਨੂੰ ਆਪਣਾ ਕਾਰਜਕਾਲ ਪੂਰਾ ਕੀਤਾ ਸੀ। ਸਾਲ 2013 ਵਿੱਚ ਸੇਵਾਮੁਕਤੀ ਦੇ ਬਾਵਜੂਦ ਉਨ੍ਹਾਂ ਨੂੰ 11 ਸਰਵਿਸ ਐਕਸਟੈਂਸ਼ਨ ਦਿੱਤੇ ਗਏ ਸਨ।