ਲੁਧਿਆਣਾ:ਸ਼ਹਿਰ ਦੇ ਜਵਾਹਰ ਨਗਰ ਸਥਿਤ ਸਕੂਲ ਆਫ ਐਮੀਨੈਂਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈ ਜਿਸ ਵਿੱਚ ਸਕੂਲੀ ਬੱਚਿਆਂ ਕੋਲੋਂ ਮਜ਼ਦੂਰਾਂ ਵਾਲੇ ਕੰਮ ਲਈ ਜਾ ਰਹੇ ਹਨ। ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਸਕੂਲ ਵਿੱਚ ਕੁਝ ਨਿਰਮਾਣ ਕਾਰਜ ਚੱਲ ਰਹੇ ਹਨ ਅਤੇ ਮਜ਼ਦੂਰ ਲੱਗੇ ਹੋਏ ਹਨ, ਉਸੀ ਥਾਂ ਉੱਤੇ ਬੱਚਿਆਂ ਕੋਲੋਂ ਵੀ ਰੇਤਾਂ ਚੁੱਕਵਾਇਆ ਜਾ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਬੰਧਿਤ ਵਾਰਡ ਨੰਬਰ 72 ਦੇ ਕੌਂਸਲਰ ਕਪਿਲ ਕੁਮਾਰ ਸੋਨੂ ਨੇ ਡੀਸੀ ਲੁਧਿਆਣਾ ਨੂੰ ਸ਼ਿਕਾਇਤ ਦੇ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਬਾਅਦ ਪੂਰਾ ਮਾਮਲਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਧਿਆਨ ਵਿੱਚ ਆਇਆ, ਤਾਂ ਉਨ੍ਹਾਂ ਨੇ ਅਜਿਹਾ ਕਰਵਾਉਣ ਵਾਲਿਆਂ ਉੱਤੇ ਉਸੇ ਸਮੇਂ ਸਖ਼ਤ ਐਕਸ਼ਨ ਲਿਆ।
ਪ੍ਰਿੰਸੀਪਲ ਨੇ ਮੰਨੀ ਗ਼ਲਤੀ
ਸਕੂਲ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਨੇ ਕਿਹਾ ਕਿ ਬੱਚਿਆਂ ਤੋਂ ਕੰਮ ਕਰਵਾਉਣ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਅਧਿਆਪਕ ਵੱਲੋਂ ਬੱਚਿਆਂ ਨੂੰ ਕੰਮ ਕਰਨ ਲਈ ਕਿਹਾ ਗਿਆ ਹੈ ਅਤੇ ਉਸ ਦੀ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ। ਪ੍ਰਿੰਸੀਪਲ ਨੇ ਸਫਾਈ ਦਿੰਦਿਆਂ ਕਿਹਾ ਕਿ ਸਾਡੇ ਸਕੂਲ ਵਿੱਚ ਕਿਸੇ ਤਰ੍ਹਾਂ ਦੀ ਵੀ ਮਜ਼ਦੂਰੀ ਕਿਸੇ ਵੀ ਬੱਚੇ ਤੋਂ ਨਹੀਂ ਕਰਵਾਈ ਜਾਂਦੀ ਜਿਸ ਨੇ ਕਰਵਾਈ ਹੈ, ਉਸ ਖਿਲਾਫ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਸਕੂਲ ਵਿੱਚ ਜੋ ਕੰਮ ਚੱਲ ਰਿਹਾ ਹੈ, ਉਸ ਲਈ ਠੇਕੇ ਉੱਤੇ ਮਜ਼ਦੂਰ ਲੱਗੇ ਹੋਏ ਹਨ।
ਬੱਚਿਆਂ ਕੋਲੋ ਅਸੀਂ ਬਾਲ ਮਜ਼ਦੂਰੀ ਨਹੀਂ ਕਰਵਾਉਂਦੇ, ਪਰ ਬੱਚਿਆਂ ਨੂੰ ਆਪਣੇ ਆਪ ਉੱਤੇ ਨਿਰਭਰ ਕਰਨਾ ਵੀ ਅਧਿਆਪਿਕ ਦੀ ਜ਼ਿੰਮੇਵਾਰੀ ਹੁੰਦੀ ਹੈ। ਕਈ ਪ੍ਰੋਜੈਕਟ ਜਿਵੇਂ ਬਿਜ਼ਨਸ ਬਲਾਸਟ ਸਬੰਧੀ ਬੱਚਿਆਂ ਤੋਂ ਖੁਦ ਕਰਵਾਉਂਦੇ ਹਾਂ, ਤਾਂ ਜੋ ਆਪਣੇ ਆਪ ਉੱਤੇ ਨਿਰਭਰ ਹੋ ਸਕਣ। ਬਾਕੀ ਬਾਲ ਮਜ਼ਦੂਰੀ ਕਰਵਾਉਣਾ, ਉਹ ਗ਼ਲਤ ਹੈ। ਇਸ ਸਬੰਧੀ ਜਾਂਚ ਹੋਵੇਗੀ ਅਤੇ ਜਿਸ ਨੇ ਵੀ ਕਰਵਾਇਆ ਉਸ ਵਿਰੁਧ ਕਾਰਵਾਈ ਹੋਵੇਗੀ।
- ਕੁਲਦੀਪ ਸਿੰਘ, ਸਕੂਲ ਪ੍ਰਿੰਸੀਪਲ
ਡੀਸੀ ਦਫ਼ਤਰ ਵੀ ਪਹੁੰਚੀ ਸ਼ਿਕਾਇਤ
ਡੀਸੀ ਦਫ਼ਤਰ ਪਹੁੰਚੇ ਕੌਂਸਲਰ ਕਪਿਲ ਕੁਮਾਰ ਸੋਨੂ ਨੇ ਕਿਹਾ ਕਿ,"ਸਕੂਲ ਪ੍ਰਿੰਸੀਪਲ ਕੁਲਦੀਪ ਸਿੰਘ ਵੱਲੋਂ ਹੀ ਬੱਚਿਆਂ ਨੂੰ ਰੇਤਾ ਚੁੱਕਣ ਲਈ ਕਿਹਾ ਗਿਆ ਸੀ। ਉਨ੍ਹਾਂ ਕੋਲ ਲਗਾਤਾਰ ਪ੍ਰਿੰਸੀਪਲ ਦੇ ਖਿਲਾਫ ਸ਼ਿਕਾਇਤਾਂ ਮਿਲ ਰਹੀਆਂ ਹਨ ਜਿਸ ਕਾਰਨ ਅੱਜ ਉਹ ਲੁਧਿਆਣਾ ਡੀਸੀ ਨੂੰ ਸ਼ਿਕਾਇਤ ਦੇਖ ਕੇ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੇ ਹਨ।"