ਲੁਧਿਆਣਾ: ਪੁਲਿਸ ਵੱਲੋਂ ਲਗਾਤਾਰ ਲੁੱਟਾਂ-ਖੋਹਾਂ ਕਰਨ ਵਾਲਿਆਂ ਖਿਲਾਫ਼ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸੇ ਤਹਿਤ ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ ਜਦੋਂ ਇੱਕ ਅੰਤਰਰਾਜੀ ਗੈਂਗ ਦਾ ਪਰਦਾਫਾਸ਼ ਕੀਤਾ। ਇਹ ਗਿਰੋਹ ਲਗਜ਼ਰੀ ਗੱਡੀਆਂ ਚੋਰੀ ਕਰ ਜਾਅਲੀ ਨੰਬਰ ਪਲੇਟ ਲਗਾ ਕੇ ਅੱਗੇ ਵੇਚਦੇ ਸਨ।ਇਸ ਦੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਏਡੀਸੀਪੀ ਬਰਾੜ ਨੇ ਦੱਸਿਆ ਕਿ "ਪਾਰਟੀ ਵਲੋਂ ਸ਼ੱਕੀ ਮੁਲਜ਼ਮਾਂ, ਸ਼ੱਕੀ ਵਹੀਕਲਾਂ ਦੀ ਚੈਕਿੰਗ ਦੇ ਸਬੰਧ ਵਿਚ ਨੇੜੇ ਨਾਕੇਬੰਦੀ ਕਰਕੇ ਇਸ ਪੂਰੇ ਮਾਮਲੇ ਦਾ ਖੁਲਾਸਾ ਹੋਇਆ ਜਦੋਂ ਗੱਡੀ ਨੂੰ ਰੋਕਿਆ ਗਿਆ ਤਾਂ ਉਸਦੇ ਦਸਤਾਵੇਜ਼ ਜਾਅਲੀ ਪਾਏ ਗਏ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ"।
ਲੁੱਟ-ਖੋਹ ਵਾਲੇ ਗੈਂਗ ਦਾ ਪਰਦਾਫਾਸ਼
ਇੰਸਪੈਕਟਰ ਰਾਜੇਸ਼ ਸ਼ਰਮਾ ਦੁੱਗਰੀ ਨਹਿਰ ਪੁਲਿਸ ਕੋਲ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਏਐਸਆਈ ਵਿਸਾਖਾ ਸਿੰਘ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਅਰਸ਼ਦੀਪ ਸਿੰਘ ਉਰਫ਼ ਅਰਸ਼ ਵਾਸੀ ਭਾਈ ਰਣਧੀਰ ਸਿੰਘ ਨਗਰ ਅਤੇ ਮੁਲਜ਼ਮ ਅਮਰਜੀਤ ਸਿੰਘ ਉਰਫ਼ ਅਮਰ ਵਾਸੀ ਭਾਈ ਸ਼ਹੀਦ ਕਰਨੈਲ ਸਿੰਘ ਨਗਰ ਹਨ। ਦੋਵੇਂ ਮੁਲਜ਼ਮ ਕਾਰਾਂ ਦੀ ਖਰੀਦੋ-ਫਰੋਖਤ ਵਿੱਚ ਸ਼ਾਮਲ ਹਨ। ਕਾਰਾਂ ਵੇਚਣ ਦੀ ਆੜ ਵਿਚ ਅਪਰਾਧੀ ਦੂਜੇ ਰਾਜਾਂ ਤੋਂ ਬਿਨਾਂ ਐਨਓਸੀ ਤੋਂ ਕਾਰਾਂ ਖਰੀਦਦੇ ਹਨ। ਉਨ੍ਹਾਂ ਕਾਰਾਂ ਦੀਆਂ ਅਸਲੀ ਨੰਬਰ ਪਲੇਟਾਂ ਬਦਲ ਕੇ ਪੰਜਾਬ ਨੰਬਰ ਵਾਲੀਆਂ ਕਾਰਾਂ ਦੇ ਜਾਅਲੀ ਨੰਬਰ ਲਾਏ ਜਾਂਦੇ ਹਨ। ਜਾਅਲੀ ਦਸਤਾਵੇਜ਼ ਬਣਾ ਕੇ ਸ਼ਰਾਰਤੀ ਅਨਸਰ ਜਾਅਲੀ ਆਰ.ਸੀ.ਬਣਾਉਂਦੇ ਸਨ। ਮੁਲਜ਼ਮ ਅਰਸ਼ਦੀਪ ਨੇ ਜਾਅਲੀ ਪੁਲਿਸ ਕਾਰਡ ਵੀ ਬਣਾਇਆ ਹੋਇਆ ਹੈ। ਜਿਸ ਦੀ ਵਰਤੋਂ ਉਹ ਪੁਲਿਸ ਨਾਕਾਬੰਦੀ ਅਤੇ ਟੋਲ ਪਲਾਜ਼ਾ 'ਤੇ ਕਰਦਾ ਹੈ।