ਚੰਡੀਗੜ੍ਹ :ਸੂਬੇ ਵਿੱਚ ਖੇਤੀ ਉਤਪਾਦਾਂ ਦੀ ਬਰਾਮਦ ਨੂੰ ਹੁਲਾਰਾ ਦੇਣ ਅਤੇ ਅਤਿ-ਆਧੁਨਿਕ ਫੂਡ ਪ੍ਰੋਸੈਸਿੰਗ ਤਕਨਾਲੌਜੀ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਵਿੱਚ ਵਫ਼ਦ ਨੇ ਦੁਬਈ ਵਿਖੇ ਕੌਮਾਂਤਰੀ ਫੂਡ ਅਤੇ ਬੇਵਰੇਜ ਸੋਰਸਿੰਗ ਈਵੈਂਟ “ਗਲਫ਼-ਫ਼ੂਡ 2024” ਦੌਰਾਨ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਸੂਬੇ ਅੰਦਰ ਮੌਜੂਦ ਅਥਾਹ ਸੰਭਾਵਨਾਵਾਂ ਅਤੇ ਪ੍ਰਾਪਤੀਆਂ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ।
ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ (ਪੀ.ਏ.ਜੀ.ਆਰ.ਈ.ਐਕਸ.ਸੀ.ਓ.) ਦੀ ਟੀਮ ਨੇ ਉੱਚ ਗੁਣਵੱਤਾ ਵਾਲੇ ਫੂਡ ਬਰਾਂਡਜ਼ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਚਿੱਲੀ ਪੇਸਟ, ਟਮਾਟਰ ਪੇਸਟ, ਟਮਾਟਰ ਪਿਊਰੀ, ਆਰਗੈਨਿਕ ਬਾਸਮਤੀ ਚੌਲ ਅਤੇ ਹੋਰ ਪ੍ਰੋਸੈਸਡ ਫੂਡ ਉਤਪਾਦਾਂ ਲਈ ਵਿਸ਼ਵ ਭਰ ਦੇ ਬਿਜ਼ਨੈਸ ਲੀਡਰਾਂ ਦਾ ਧਿਆਨ ਖਿੱਚਿਆ ਅਤੇ 200 ਤੋਂ ਵੱਧ ਨਿਵੇਸ਼ਕਾਂ ਨੇ ਇਸ ਸਬੰਧੀ ਪੁੱਛ-ਗਿੱਛ ਕੀਤੀ।
ਵਿਦੇਸ਼ੀ ਕੰਪਨੀਆਂ ਨੂੰ ਨਿਵੇਸ਼ ਦਾ ਸੱਦਾ ਦਿੰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ ਘਰੇਲੂ ਅਤੇ ਕੌਮਾਂਤਰੀ ਨਿਵੇਸ਼ਕਾਂ ਲਈ ਸਾਜ਼ਗਾਰ ਮਾਹੌਲ ਸਿਰਜਣ ਲਈ ਸਮਰਪਿਤ ਹੈ ਅਤੇ ਪੰਜਾਬ ਵਿੱਚ ਨਵੇਂ ਕਾਰੋਬਾਰ ਸਥਾਪਤ ਕਰਨ ਲਈ ਉੱਦਮੀਆਂ ਨੂੰ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ।
ਸੂਬੇ ਨੂੰ ਨੇਪਾਲ, ਯੂ.ਏ.ਈ., ਕੈਨੇਡਾ ਅਤੇ ਯੂ.ਕੇ. ਦੇ ਵਪਾਰੀਆਂ ਤੋਂ ਪਹਿਲਾਂ ਹੀ ਕਈ ਆਰਡਰ ਪ੍ਰਾਪਤ ਹੋ ਚੁੱਕੇ ਹਨ। ਇਸ ਦੌਰਾਨ ਸਪੇਨ, ਇਸਤੋਨੀਆ, ਇਟਲੀ, ਰੂਸ ਅਤੇ ਹੋਰ ਮੁਲਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਜੋ ਨਵੀਆਂ ਤਕਨਾਲੋਜੀਆਂ ਅਤੇ ਉਤਪਾਦਾਂ ਨੂੰ ਅਪਣਾ ਕੇ ਪੰਜਾਬ ਦੇ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾ ਸਕੇ। ਇਸ ਤੋਂ ਇਲਾਵਾ ਬਾਸਮਤੀ ਦੇ ਬਰਾਮਦਕਾਰਾਂ ਨਾਲ ਮੀਟਿੰਗਾਂ ਕਰਕੇ ਸੂਬੇ ਤੋਂ ਬਰਾਮਦ ਵਧਾਉਣ ਲਈ ਰਣਨੀਤਕ ਯੋਜਨਾ ਦੀ ਰੂਪਰੇਖਾ ਵੀ ਉਲੀਕੀ ਗਈ।
ਖੇਤੀਬਾੜੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਉਦਯੋਗਾਂ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਲਈ ਇਸ ਤਰ੍ਹਾਂ ਦੇ ਸਮਾਗਮ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਵੱਡੀ ਗਲੋਬਲ ਐਕਸਪੋ ਵਿੱਚ ਸਾਡੀ ਭਾਈਵਾਲੀ ਫੂਡ ਪ੍ਰੋਸੈਸਿੰਗ ਤਕਨਾਲੋਜੀ ਨੂੰ ਮੁੱਖ ਤਰਜੀਹ ਬਣਾਉਣ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਮੌਕੇ ਵਪਾਰਕ ਗੱਲਬਾਤ ਤੋਂ ਇਲਾਵਾ ਖੇਤੀਬਾੜੀ ਮੰਤਰੀ ਨੇ ਖਾੜੀ ਮੁਲਕਾਂ ਵਿੱਚ ਰਹਿੰਦੇ ਪੰਜਾਬੀ ਪ੍ਰਵਾਸੀਆਂ ਨੂੰ ਵੀ ਮਿਲੇ ਅਤੇ ਉਹਨਾਂ ਨਾਲ ਵਿਚਾਰ ਚਰਚਾ ਕੀਤੀ ਤਾਂ ਜੋ ਉਹਨਾਂ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਹ ਪਹੁੰਚ ਪੰਜਾਬ ਦੇ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਸੈਕਟਰ ਲਈ ਘਰੇਲੂ ਅਤੇ ਕੌਮਾਂਤਰੀ ਪੱਧਰ 'ਤੇ ਇੱਕ ਮਜ਼ਬੂਤ ਨੈੱਟਵਰਕ ਬਣਾਉਣ ਲਈ ਅਹਿਮ ਕਦਮ ਹੈ। (ਪ੍ਰੈਸ ਨੋਟ)