ਚੰਡੀਗੜ੍ਹ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਸੁਪਨੇ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਸਿਹਤ ਵਿਭਾਗ ਵੱਲੋਂ 10 ਮਾਰਚ ਤੋਂ 16 ਮਾਰਚ, 2024 ਤੱਕ ‘ਵਿਸ਼ਵ ਗਲੋਕੋਮਾ ਹਫ਼ਤਾ’ ਮਨਾਇਆ ਜਾਵੇਗਾ। ਇਹ ਜਾਣਕਾਰੀ ਵੀਰਵਾਰ ਨੂੰ ਇੱਥੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤੀ।ਮੰਤਰੀ ਨੇ ਇਸ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਸਿਹਤ ਵਿਭਾਗ ਵੱਲੋਂ ਇਸ ਹਫ਼ਤੇ ਦੌਰਾਨ ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜ਼ਨਲ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਮੁਫ਼ਤ ਗਲੋਕੋਮਾ ਜਾਂਚ ਕੈਂਪ ਲਗਾਏ ਜਾਣਗੇ ਤਾਂ ਜੋ ਗਲੋਕੋਮਾ ਤੋਂ ਪੀੜਤ ਲੋਕਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਸਮਾਂ ਰਹਿੰਦਿਆਂ ਇਸ ਰੋਗ ਦਾ ਇਲਾਜ ਕੀਤਾ ਜਾ ਸਕੇ।
ਛੇ ਜ਼ਿਲ੍ਹਾ ਹਸਪਤਾਲਾਂ ਵਿੱਚ ਲਾਈਆਂ ਮਸ਼ੀਨਾਂ: ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਸੂਬੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਇਹ ਜਾਗਰੂਕਤਾ ਪੋਸਟਰ ਵੰਡਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਗਲੋਕੋਮਾ ਦੇ ਲੱਛਣਾਂ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਜਾ ਸਕੇ।ਰਾਜ ਦੇ ਸਿਹਤ ਢਾਂਚੇ ਦਾ ਕਾਇਆ- ਕਲਪ ਕਰਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਅਹਿਦ ਨੂੰ ਦੁਹਰਾਉਂਦੇ ਹੋਏ ਡਾ.ਬਲਬੀਰ ਸਿੰਘ ਨੇ ਕਿਹਾ ਕਿ ਗਲੋਕੋਮਾ ਦਾ ਪਤਾ ਲਗਾਉਣ ਲਈ ਛੇ ਅਤਿ-ਆਧੁਨਿਕ ਮਸ਼ੀਨਾਂ (ਨਾਨ-ਕਾਂਟੈਕਟ ਟੋਨੋਮੀਟਰ) ਪੰਜਾਬ ਦੇ ਛੇ ਜ਼ਿਲ੍ਹਾ ਹਸਪਤਾਲਾਂ ਵਿੱਚ ਪਹਿਲਾਂ ਹੀ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਬਾਕੀ ਜ਼ਿਲਿ੍ਹਆਂ ਵਿੱਚ ਅਜਿਹੀਆਂ ਹੋਰ ਮਸ਼ੀਨਾ ਮੁਹੱਈਆ ਕਰਵਾਈਆਂ ਜਾ ਰਹੀਆ ਹਨ।
ਇਰਵਰਸੀਬਲ ਬਲਾਈਂਡਨੈੱਸ ਦਾ ਸਭ ਤੋਂ ਵੱਡਾ ਕਾਰਨ: ਡਾ. ਬਲਬੀਰ ਸਿੰਘ, ਜੋ ਕਿ ਖੁਦ ਅੱਖਾਂ ਦੇ ਸਰਜਨ ਹਨ, ਨੇ ਕਿਹਾ ਕਿ ਮੋਤੀਆ ਦੁਨੀਆ ਵਿਚ ਇਰਵਰਸੀਬਲ ਬਲਾਈਂਡਨੈੱਸ ਦਾ ਸਭ ਤੋਂ ਵੱਡਾ ਕਾਰਨ ਹੈ। 90 ਪ੍ਰਤੀਸ਼ਤ ਮਾਮਲਿਆਂ ਵਿੱਚ, ਗਲੋਕੋਮਾ ਦੇ ਕਾਰਨ ਹੋਣ ਵਾਲੇ ਅੰਨ੍ਹੇਪਣ ਨੂੰ ਜਲਦ ਪਛਾਣ ਕੇ ਅਤੇ ਢੁਕਵਾਂ ਇਲਾਜ ਕਰਕੇ ਰੋਕਿਆ ਜਾ ਸਕਦਾ ਹੈ। ਇਹ ,ਅੱਖ ਦੇ ਦਬਾਅ (ਇੰਟਰਾ-ਓਕੂਲਰ ਪ੍ਰੈਸ਼ਰ) ਵਿੱਚ ਵਾਧੇ ਦੇ ਕਾਰਨ ਆਪਟਿਕ ਨਰਵ ਨੂੰ ਹੋਏ ਨੁਕਸਾਨ ਦੀ ਵਜਾਅ ਨਾਲ ਹੁੰਦਾ ਹੈ। ਗਲੋਕੋਮਾ ਨੂੰ ਕਈ ਵਾਰ ਨਜ਼ਰ ਦਾ ਇੱਕ ‘ਸਾਈਲੈਂਟ ਥੀਫ’ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਸ਼ੁਰੂਆਤੀ ਲੱਛਣਾਂ ਨੂੰ ਦਿਖਾਏ ਬਿਨਾਂ ਮਰੀਜ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਸਕਦਾ ਹੈ। ਮਰੀਜ਼ ਉਦੋਂ ਤੱਕ ਲੱਛਣ ਨਜ਼ਰ ਨਹੀਂ ਆਉਂਦੇ ਜਦੋਂ ਤੱਕ ਬਿਮਾਰੀ ਮੱਧਮ ਜਾਂ ਐਡਵਾਂਸ ਪੜਾਅ ਤੱਕ ਨਹੀਂ ਪਹੁੰਚ ਜਾਂਦੀ।